ਲੁਧਿਆਣਾ, 4 ਦਸੰਬਰ | ਕਾਲਾ ਪਾਣੀ ਮੋਰਚਾ ਦੇ ਮੈਂਬਰਾਂ ਨੇ ਕੱਲ ਲੁਧਿਆਣਾ ਵਿਚ ਰੰਗਾਈ ਉਦਯੋਗ ਖ਼ਿਲਾਫ਼ ਜ਼ੋਰਦਾਰ ਪ੍ਰਦਰਸ਼ਨ ਕੀਤਾ। ਇਹ ਆਗੂ ਬੁੱਢਾ ਡਰੇਨ ਨੂੰ ਬੰਦ ਕਰਨ ਲਈ ਬੰਨ੍ਹ ਬਣਾਉਣ ਲਈ ਆ ਰਹੇ ਸਨ ਤਾਂ ਜੋ ਕੈਮੀਕਲ ਨਾਲ ਭਰਿਆ ਪਾਣੀ ਸਤਲੁਜ ਦਰਿਆ ਵਿਚ ਨਾ ਡਿੱਗੇ। ਕਾਲਾ ਪਾਣੀ ਮੋਰਚਾ ਦੇ ਆਗੂ ਲੱਖਾ ਸਿਧਾਣਾ, ਸੋਨੀਆ ਮਾਨ ਸਮੇਤ 100 ਤੋਂ ਵੱਧ ਲੋਕਾਂ ਨੂੰ ਪੁਲਿਸ ਨੇ ਹਿਰਾਸਤ ਵਿਚ ਲੈ ਲਿਆ ਹੈ। ਕੱਲ ਫ਼ਿਰੋਜ਼ਪੁਰ ਰੋਡ ਸਾਰਾ ਦਿਨ ਜਾਮ ਰਿਹਾ।
ਇਸ ਦੌਰਾਨ ਐਸਟੀਪੀ ਪਲਾਂਟ ਬੰਦ ਹੋਣ ਦੀ ਗੱਲ ਸਾਹਮਣੇ ਆਈ, ਜਿਸ ਤੋਂ ਬਾਅਦ ਮੋਰਚਾ ਹਟਾ ਦਿੱਤਾ ਗਿਆ ਪਰ ਦੇਰ ਰਾਤ ਪੰਜਾਬ ਡਾਇੰਗ ਐਸੋਸੀਏਸ਼ਨ ਦੇ ਡਾਇਰੈਕਟਰ ਕਮਲ ਚੌਹਾਨ ਨੇ ਇੱਕ ਵੀਡੀਓ ਜਾਰੀ ਕੀਤਾ। ਉਨ੍ਹਾਂ ਸਪੱਸ਼ਟ ਕਿਹਾ ਕਿ ਐਸਟੀਪੀ ਪਲਾਂਟ ਬੰਦ ਕਰਨ ਸਬੰਧੀ ਝੂਠੀ ਖ਼ਬਰ ਫੈਲਾਈ ਜਾ ਰਹੀ ਹੈ। ਕੋਈ ਵੀ ਐਸਟੀਪੀ ਪਲਾਂਟ ਬੰਦ ਨਹੀਂ ਹੋਵੇਗਾ। ਉਸ ਨੂੰ ਐਨਜੀਟੀ ਦਾ ਸਟੇਅ ਆਰਡਰ ਹੈ।
ਕਮਲ ਚੌਹਾਨ ਨੇ ਦੱਸਿਆ ਕਿ ਇਸ ਮਾਮਲੇ ਦੀ ਮਿਤੀ 2 ਦਸੰਬਰ 2024 ਦੀ ਤਰੀਕ ਸੀ। ਚੌਹਾਨ ਅਨੁਸਾਰ ਇਸ ਆਨਲਾਈਨ ਤਰੀਕ ਵਿਚ ਕਲਾ ਪਾਣੀ ਮੋਰਚਾ ਦੇ ਮੈਂਬਰ ਕਪਿਲ ਅਰੋੜਾ ਅਤੇ ਜਸਕੀਰਤ ਸਿੰਘ ਵੀ ਮੌਜੂਦ ਸਨ। ਰੰਗਾਈ ਉਦਯੋਗ ਦੀ ਸਟੇਅ 20 ਮਾਰਚ, 2025 ਤੱਕ ਵਧਾ ਦਿੱਤੀ ਗਈ ਹੈ। ਇਸ ਕਾਰਨ ਹੁਣ ਕੋਈ ਵੀ ਐਸਟੀਪੀ ਪਲਾਂਟ ਬੰਦ ਨਹੀਂ ਹੋਵੇਗਾ। ਚੌਹਾਨ ਨੇ ਕਿਹਾ ਕਿ ਉਹ ਇਸ ਮੁੱਦੇ ‘ਤੇ ਕਾਨੂੰਨੀ ਤੌਰ ‘ਤੇ ਆਪਣੇ ਵਿਚਾਰ ਪੇਸ਼ ਕਰ ਰਹੇ ਹਨ।