ਅੰਮ੍ਰਿਤਸਰ | ਉੱਘੇ ਸਿੱਖ ਆਗੂਆਂ ਨੇ ਸਰਬੱਤ ਖ਼ਾਲਸਾ ਦੀ ਮੰਗ ਨੂੰ ਮੌਜੂਦਾ ਹਾਲਾਤ ਵਿਚ ਅੰਮ੍ਰਿਤਪਾਲ ਸਿੰਘ ਦੀ ਨਿੱਜੀ ਲੜਾਈ ਦਾ ਹਿੱਸਾ ਦੱਸਿਆ। ਉਨ੍ਹਾਂ ਸਰਬੱਤ ਖ਼ਾਲਸਾ ਸੱਦਣ ਦੀ ਮੰਗ ਨੂੰ ਨਕਾਰਦੇ ਹੋਏ ਕਈ ਪਹਿਲੂਆਂ ’ਤੇ ਚਾਨਣਾ ਪਾਇਆ। ਪਰਮਜੀਤ ਸਿੰਘ ਸਹੋਲੀ ਉੱਘੇ ਅਕਾਲੀ ਆਗੂ, ਬਾਬਾ ਬੂਟਾ ਸਿੰਘ, ਗੁਰਮੀਤ ਸਿੰਘ ਗੋਰਾ ਅਤੇ ਹੋਰ ਸਿੱਖ ਆਗੂਆਂ ਨੇ ਕਿਹਾ ਕਿ ਸਰਬੱਤ ਖਾਲਸਾ ਸਾਲ 2015 ਵਿਚ ਉਦੋਂ ਬੁਲਾਇਆ ਗਿਆ ਸੀ ਜਦੋਂ ਧੰਨ-ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਘਟਨਾਵਾਂ ਹੋਈਆਂ ਸਨ ਅਤੇ ਨੇੜੇ ਹੀ ਗੋਲੀ ਕਾਂਡ ਹੋਇਆ ਸੀ। ਉਸ ਸਮੇਂ ਉਨ੍ਹਾਂ ਦੀ ਆਪਣੀ ਸਰਕਾਰ ਸੀ ਤੇ ਉਨ੍ਹਾਂ ਦੀ ਕਿਤੇ ਸੁਣਵਾਈ ਨਹੀਂ ਹੋਈ ਸੀ। ਇਹੋ ਜਿਹੇ ਹਾਲਾਤ ਵਿਚ ਉਨ੍ਹਾਂ ਵੱਲੋਂ ਸਰਬੱਤ ਖ਼ਾਲਸਾ ਕਰਵਾਇਆ ਗਿਆ ਸੀ।
ਉਨ੍ਹਾਂ ਕਿਹਾ ਕਿ ਅੰਮ੍ਰਿਤਪਾਲ ਸਿੰਘ ਵੱਲੋਂ ਸਰਬੱਤ ਖ਼ਾਲਸਾ ਬੁਲਾਉਣ ਦੀ ਮੰਗ ਬਿਲਕੁੱਲ ਨਾਜਾਇਜ਼ ਤੇ ਗਲਤ ਹੈ ਕਿਉਂਕਿ ਇਹ ਪੰਥ ਦੇ ਅਸੂਲਾਂ ਦੇ ਖ਼ਿਲਾਫ਼ ਹੈ। ਸਰਬੱਤ ਖਾਲਸਾ ਦੀ ਮੰਗ ਉਦੋਂ ਕੀਤੀ ਜਾਂਦੀ ਹੈ, ਜਦੋਂ ਸਿੱਖ ਪੰਥ ਦਾ ਕੋਈ ਸਾਂਝਾ ਮਸਲਾ ਕੌਮ ਦੇ ਅੱਗੇ ਖੜ੍ਹਾ ਹੋਵੇ ਜਦਕਿ ਅੰਮ੍ਰਿਤਪਾਲ ਆਪਣੇ ‘ਨਿੱਜੀ ਮਸਲੇ’ ਨੂੰ ਧਿਆਨ ਵਿਚ ਰੱਖਦੇ ਹੋਏ ਸਰਬੱਤ ਖ਼ਾਲਸਾ ਦੀ ਮੰਗ ਕਰ ਰਿਹਾ ਹੈ। ਇਸ ਤਰ੍ਹਾਂ ਅੰਮ੍ਰਿਤਪਾਲ ਸਿੰਘ ਲੋਕਾਂ ਦੀਆਂ ਭਾਵਨਾਵਾਂ ਨਾਲ ਖੇਡ ਰਿਹਾ ਹੈ। ਉਨ੍ਹਾਂ ਕਿਹਾ ਕਿ ਅੰਮ੍ਰਿਤਪਾਲ ਸਿੰਘ ਦੀ ਇਸ ਮੰਗ ਦਾ ਸਿੱਖ ਸਮਾਜ ਵੱਲੋਂ ਪੁਰਜ਼ੋਰ ਵਿਰੋਧ ਕੀਤਾ ਜਾਵੇਗਾ।
ਸਿੱਖ ਆਗੂਆਂ ਨੇ ਕਿਹਾ ਕਿ ਅਜਾਨਾਲਾ ਵਿਚ ਅੰਮ੍ਰਿਤਪਾਲ ਦੇ ਸਾਥੀਆਂ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਥਾਣੇ ਵਿਚ ਲੈ ਕੇ ਜਾਣਾ ਅਤੇ ਕਈ ਵਿਅਕਤੀਆਂ ਦਾ ਫੱਟੜ ਹੋਣਾ ਗ਼ਲਤ ਕਾਰਵਾਈ ਦਾ ਹਿੱਸਾ ਹੈ। ਅੰਮ੍ਰਿਤਪਾਲ ਸਿੰਘ ਦੇ ਸਾਥੀਆਂ ਉੱਪਰ ਪੁਲਿਸ ਵੱਲੋਂ ਕੀਤੀ ਕਾਰਵਾਈ ਅਤੇ ਉਸ ਦੇ ਨਤੀਜੇ ਵਜੋਂ ਅੰਮ੍ਰਿਤਪਾਲ ਸਿੰਘ ਵੱਲੋਂ ਨੌਜਵਾਨਾਂ ਨੂੰ ਗਲਤ ਰਾਹੇ ਪਾਉਣਾ ਗਲਤ ਸੋਚ ਦਾ ਨਤੀਜਾ ਹੈ।
ਅਕਾਲੀ ਦਲ ਸੁਤੰਤਰ ਪਾਰਟੀ ਦੇ ਪ੍ਰਮੁੱਖ ਆਗੂ ਪਰਮਜੀਤ ਸਿੰਘ ਸਹੋਲੀ ਨੇ ਕਿਹਾ ਕਿ ਉਨ੍ਹਾਂ ਅੰਮ੍ਰਿਤਪਾਲ ਸਿੰਘ ਨੂੰ ਪਹਿਲਾਂ ਵੀ ਬੇਨਤੀ ਕੀਤੀ ਸੀ ਕਿ ਬੰਦੀ ਸਿੰਘਾਂ ਦੀ ਰਿਹਾਈ ਦੀ ਮੁਹਿੰਮ ਵਿਚ ਉਨ੍ਹਾਂ ਦਾ ਸਾਥ ਦੇਣ ਪਰ ਅੰਮ੍ਰਿਤਪਾਲ ਸਿੰਘ ਤੇ ਉਸ ਦੇ ਸਾਥੀਆਂ ਨੇ ਨੌਜਵਾਨਾਂ ਨੂੰ ਗਲਤ ਰਸਤੇ ਪਾਇਆ, ਜਿਸ ਕਾਰਨ ਮੌਜੂਦਾ ਸਰਕਾਰ ਨੂੰ ਉਨ੍ਹਾਂ ਉੱਪਰ NSA ਵਰਗਾ ਸਖ਼ਤ ਕਾਨੂੰਨ ਲਗਾਉਣਾ ਪਿਆ। ਇਸ ਕਾਰਨ ਪੰਜਾਬ ਦੇ ਕਈ ਨੌਜਵਾਨ ਪਰੇਸ਼ਾਨੀ ਵਿਚ ਹਨ ਅਤੇ ਪੁਲਿਸ ਕਾਰਵਾਈ ਕਾਰਨ ਨੌਜਵਾਨ ਬਾਹਰਲੀਆ ਜੇਲ੍ਹਾਂ ਵਿਚ ਭੇਜ ਦਿੱਤੇ ਗਏ।
ਸਿੱਖ ਆਗੂਆਂ ਨੇ ਸਾਲ 2015 ਵਿਚ ਬੁਲਾਏ ਗਏ ਸਰਬੱਤ ਖ਼ਾਲਸਾ ਸਬੰਧੀ ਦੱਸਿਆ ਕਿ ਇਸ ਵਿਚ ਲੱਖਾਂ ਦਾ ਇਕੱਠ ਹੋਇਆ ਸੀ ਅਤੇ ਸਿੰਘ ਸਾਹਿਬਾਨ ਆਏ ਸਨ। ਸਹੋਲੀ ਨੇ ਕਿਹਾ ਕਿ ਉਦੋਂ ਅਸੀਂ ਇਸ ਇਕੱਠ ਵਿਚ ਅਕਾਲ ਤਖ਼ਤ ਸਾਹਿਬ ਦੇ ਉੱਘੇ ਜਥੇਦਾਰ ਵੀ ਬੁਲਾਏ ਸਨ। ਸਹੋਲੀ ਨੇ ਅੰਮ੍ਰਿਤਪਾਲ ਤੇ ਉਸ ਦੇ ਸਾਥੀਆਂ ਨੂੰ ਸਦਬੁੱਧੀ ਦੇਣ ਲਈ ਪ੍ਰਮਾਤਮਾ ਅੱਗੇ ਅਰਦਾਸ ਵੀ ਕੀਤੀ।