ਆਨਲਾਈਨ ਤੇ ਸੋਸ਼ਲ ਮੀਡੀਆ ਰਾਹੀਂ ਬੱਚਿਆਂ ਦਾ ਜਿਨਸੀ ਸੋਸ਼ਣ, ਰੈਕੇਟ ਦਾ ਪਰਦਾਫਾਸ਼, ਕਿੰਗਪਿਨ ਕਾਬੂ

0
501

ਫਾਜ਼ਿਲਕਾ, 27 ਸਤੰਬਰ | ਪੰਜਾਬ ਪੁਲਿਸ ਦੇ ਸਾਈਬਰ ਕ੍ਰਾਈਮ ਡਵੀਜ਼ਨ ਨੇ ਆਨਲਾਈਨ ਚਾਈਲਡ ਪੋਰਨੋਗ੍ਰਾਫੀ ਰੈਕੇਟ ਦਾ ਪਰਦਾਫਾਸ਼ ਕਰਨ ਵਿੱਚ ਵੱਡੀ ਸਫਲਤਾ ਹਾਸਲ ਕੀਤੀ ਹੈ। ਇਸ ਦੌਰਾਨ ਇਕ ਵੱਡੀ ਕਾਰਵਾਈ ਵਿਚ, ਵੱਖ-ਵੱਖ ਆਨਲਾਈਨ ਪਲੇਟਫਾਰਮਾਂ ਰਾਹੀਂ ਬਾਲ ਜਿਨਸੀ ਸ਼ੋਸ਼ਣ ਸਮੱਗਰੀ (CSAM) ਨੂੰ ਦੇਖਣ, ਰੱਖਣ ਅਤੇ ਅੱਗੇ ਭੇਜਣ ਦੀਆਂ ਗਤੀਵਿਧੀਆਂ ਵਿਚ ਸ਼ਾਮਲ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਸ ਤੋਂ ਇਲਾਵਾ 54 ਸ਼ੱਕੀਆਂ ਦੀ ਪਛਾਣ ਵੀ ਕੀਤੀ ਗਈ ਹੈ। ਇਹ ਜਾਣਕਾਰੀ ਪੰਜਾਬ ਪੁਲਿਸ ਦੇ ਡਾਇਰੈਕਟਰ ਜਨਰਲ (ਡੀਜੀਪੀ) ਗੌਰਵ ਯਾਦਵ ਨੇ ਵੀਰਵਾਰ ਨੂੰ ਇੱਥੇ ਦਿੱਤੀ। ਇਹ ਕਾਰਵਾਈ ਮਾਨਯੋਗ ਸੁਪਰੀਮ ਕੋਰਟ ਦੇ ਫੈਸਲੇ ਦੇ ਅਨੁਸਾਰ ਹੈ, ਜਿਸ ਵਿਚ ਕਿਹਾ ਗਿਆ ਹੈ ਕਿ ਬਾਲ ਜਿਨਸੀ ਸ਼ੋਸ਼ਣ ਸਮੱਗਰੀ ਨੂੰ ਦੇਖਣਾ, ਰੱਖਣਾ, ਅੱਗੇ ਭੇਜਣਾ ਅਤੇ ਰਿਪੋਰਟ ਨਾ ਕਰਨਾ ਜਿਨਸੀ ਸ਼ੋਸ਼ਣ ਤੋਂ ਬੱਚਿਆਂ ਦੀ ਸੁਰੱਖਿਆ (ਪੋਕਸੋ ਐਕਟ) ਦੇ ਤਹਿਤ ਸਜ਼ਾਯੋਗ ਹੈ।

ਡੀਜੀਪੀ ਨੇ ਕਿਹਾ ਕਿ ਸਾਈਬਰ ਪੁਲਿਸ ਨੇ ਚਾਈਲਡ ਪੋਰਨੋਗ੍ਰਾਫੀ ਰੈਕੇਟ ਦਾ ਪਰਦਾਫਾਸ਼ ਕੀਤਾ ਹੈ। ਫੜੇ ਗਏ ਮੁਲਜ਼ਮ ਦੀ ਪਛਾਣ ਵਿਜੇਪਾਲ ਵਾਸੀ ਰਾਮਸਰਾ ਫਾਜ਼ਿਲਕਾ ਵਜੋਂ ਹੋਈ ਹੈ। ਪੁਲਿਸ ਟੀਮਾਂ ਨੇ ਮੁਲਜ਼ਮ ਕੋਲੋਂ 39 ਇਲੈਕਟ੍ਰਾਨਿਕ ਯੰਤਰ ਵੀ ਜ਼ਬਤ ਕੀਤੇ ਹਨ, ਜਿਨ੍ਹਾਂ ਨੂੰ ਫੋਰੈਂਸਿਕ ਜਾਂਚ ਲਈ ਭੇਜ ਦਿੱਤਾ ਗਿਆ ਹੈ। ਇਸ ਸਬੰਧ ਵਿਚ ਸੂਚਨਾ ਤਕਨਾਲੋਜੀ (ਆਈ.ਟੀ.) ਐਕਟ ਦੀ ਧਾਰਾ 67-ਬੀ ਦੇ ਤਹਿਤ ਸਾਈਬਰ ਪੁਲਿਸ ਸਟੇਸ਼ਨ ਵਿਚ ਇੱਕ ਐਫਆਈਆਰ ਦਰਜ ਕੀਤੀ ਗਈ ਹੈ।

ਡੀ.ਜੀ.ਪੀ. ਗੌਰਵ ਯਾਦਵ ਨੇ ਕਿਹਾ ਕਿ ਬਾਲ ਜਿਨਸੀ ਸ਼ੋਸ਼ਣ ਸਮੱਗਰੀ ਦੇ ਪ੍ਰਸਾਰਣ ਜਾਂ ਵੰਡ ਸਬੰਧੀ ਗ੍ਰਹਿ ਮੰਤਰਾਲੇ ਤੋਂ ਪ੍ਰਾਪਤ ਹਦਾਇਤਾਂ ਦੀ ਪਾਲਣਾ ਕਰਦਿਆਂ ਰਾਜ ਦੇ ਸਾਈਬਰ ਕ੍ਰਾਈਮ ਡਵੀਜ਼ਨ ਨੇ ਅਜਿਹੀ ਸਮੱਗਰੀ ਨੂੰ ਦੇਖਣ, ਰੱਖਣ, ਸੰਚਾਰਿਤ ਕਰਨ ਅਤੇ ਅੱਗੇ ਭੇਜਣ ਦੀਆਂ ਗਤੀਵਿਧੀਆਂ ਵਿੱਚ ਸ਼ਾਮਲ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ। ਅਜਿਹਾ ਕਰਨ ਲਈ ਇਹ ਮੁਹਿੰਮ CP/SSP ਦੇ ਤਾਲਮੇਲ ਨਾਲ ਚਲਾਈ ਗਈ ਸੀ। ਉਨ੍ਹਾਂ ਦੱਸਿਆ ਕਿ ਕਾਰਵਾਈ ਦੇ ਪਹਿਲੇ ਪੜਾਅ ਦੌਰਾਨ ਪੰਜਾਬ ਭਰ ਵਿਚ 54 ਸ਼ੱਕੀ ਵਿਅਕਤੀਆਂ ਦੀ ਸ਼ਨਾਖਤ ਕੀਤੀ ਗਈ ਹੈ, ਜਦਕਿ ਫਾਜ਼ਿਲਕਾ ਤੋਂ ਇੰਸਟਾਗ੍ਰਾਮ ਅਤੇ ਟੈਲੀਗ੍ਰਾਮ ਦੀ ਵਰਤੋਂ ਕਰ ਕੇ ਉਕਤ ਸਮੱਗਰੀ ਵੇਚਣ ਅਤੇ ਸ਼ੇਅਰ ਕਰਨ ਵਾਲੇ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।

5 ਸਾਲ ਤੱਕ ਦੀ ਸਜ਼ਾ ਤੇ 10 ਲੱਖ ਤੱਕ ਦਾ ਜੁਰਮਾਨਾ: ਏ.ਡੀ.ਜੀ.ਪੀ
ਹੋਰ ਵੇਰਵਿਆਂ ਨੂੰ ਸਾਂਝਾ ਕਰਦੇ ਹੋਏ ਏਡੀਜੀਪੀ ਸਾਈਬਰ ਕ੍ਰਾਈਮ ਵੀ ਨੀਰਜਾ ਨੇ ਕਿਹਾ ਕਿ ਇਹ ਆਪਰੇਸ਼ਨ, ਜੋ ਕਿ ਪੂਰੀ ਤਰ੍ਹਾਂ ਐਸਪੀ ਸਾਈਬਰ ਕ੍ਰਾਈਮ ਜਸ਼ਨਦੀਪ ਗਿੱਲ ਦੁਆਰਾ ਕੀਤਾ ਗਿਆ ਸੀ, ਬੱਚਿਆਂ ਦੇ ਆਨਲਾਈਨ ਸ਼ੋਸ਼ਣ ਦਾ ਮੁਕਾਬਲਾ ਕਰਨ ਲਈ ਪੰਜਾਬ ਦੇ ਯਤਨਾਂ ਦਾ ਹਿੱਸਾ ਸੀ। ਆਪਰੇਸ਼ਨ ਅਜੇ ਵੀ ਜਾਰੀ ਹੈ ਅਤੇ ਆਉਣ ਵਾਲੇ ਦਿਨਾਂ ਵਿਚ ਹੋਰ ਗ੍ਰਿਫਤਾਰੀਆਂ ਹੋਣ ਦੀ ਸੰਭਾਵਨਾ ਹੈ। ਮੌਜੂਦਾ ਕਾਨੂੰਨ ਦੇ ਤਹਿਤ ਪੋਕਸੋ ਐਕਟ ਦੀ ਧਾਰਾ 15 ਅਤੇ ਆਈਟੀ ਐਕਟ, 2000 ਦੀ ਧਾਰਾ 67 (ਬੀ)  ਤਹਿਤ ਬਾਲ ਜਿਨਸੀ ਸ਼ੋਸ਼ਣ ਸਮੱਗਰੀ ਨੂੰ ਦੇਖਣਾ, ਸਾਂਝਾ ਕਰਨਾ ਜਾਂ ਰੱਖਣਾ ਇੱਕ ਸਜ਼ਾਯੋਗ ਅਪਰਾਧ ਹੈ, ਜਿਸ ਵਿਚ 5 ਸਾਲ ਤੱਕ ਦੀ ਕੈਦ, ਜੁਰਮਾਨਾ ਹੋ ਸਕਦਾ ਹੈ। 10 ਲੱਖ ਰੁਪਏ ਤੱਕ ਦੇ ਜੁਰਮਾਨੇ ਦੀ ਵਿਵਸਥਾ ਹੈ।