ਸਾਧੂ ਸਿੰਘ ਧਰਮਸੋਤ ਨੂੰ 14 ਦਿਨਾਂ ਲਈ ਨਿਆਇਕ ਹਿਰਾਸਤ ‘ਚ ਭੇਜਿਆ

0
113

ਚੰਡੀਗੜ੍ਹ, 22 ਜਨਵਰੀ| ਮਨੀ ਲਾਂਡਰਿੰਗ ਮਾਮਲੇ ਵਿੱਚ ਗ੍ਰਿਫ਼ਤਾਰ ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ ਨੂੰ ED ਵੱਲੋਂ ਅੱਜ ਮੋਹਾਲੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਅਦਾਲਤ ਵੱਲੋਂ ਸਾਧੂ ਸਿੰਘ ਧਰਮਸੋਤ ਨੂੰ 14 ਦਿਨ ਦੀ ਨਿਆਇਕ ਹਿਰਾਸਤ ਵਿੱਚ ਭੇਜਣ ਦੇ ਹੁਕਮ ਸੁਣਾਏ।

ਇਸ ਤੋਂ ਪਹਿਲਾਂ ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ ਦਾ ਈਡੀ ਨੂੰ ਦੋ ਵਾਰ ਦੋ-ਦੋ ਦਿਨਾਂ ਦਾ ਰਿਮਾਂਡ ਮਿਲਿਆ ਸੀ। ਜਿਸ ਤੋਂ ਬਾਅਦ ਅੱਜ ਜਦੋਂ ਈਡੀ ਨੇ ਕਾਂਗਰਸੀ ਆਗੂ ਨੂੰ ਮੁਹਾਲੀ ਅਦਾਲਤ ਵਿੱਚ ਪੇਸ਼ ਕੀਤਾ ਤਾਂ ਉਨ੍ਹਾਂ ਨੂੰ ਅਦਾਲਤ ਨੇ ਨਿਆਇਕ ਹਿਰਾਸਤ ਲਈ ਭੇਜ ਦਿੱਤਾ ਹੈ।

ਦੱਸ ਦਈਏ ਕਿ ਸਾਧੂ ਸਿੰਘ ਧਰਮਸੋਤ ਨੂੰ ਈਡੀ ਨੇ ਮਨੀ ਲਾਂਡਰਿੰਗ ਮਾਮਲੇ ‘ਚ 15 ਜਨਵਰੀ ਨੂੰ ਪੁੱਛਗਿੱਛ ਲਈ ਜਲੰਧਰ ਬੁਲਾਇਆ ਸੀ। ਪੁੱਛਗਿੱਛ ਦੌਰਾਨ ਜਦੋਂ ਈਡੀ ਨੂੰ ਸਵਾਲਾਂ ਦੇ ਜੁਆਬ ਨਹੀਂ ਮਿਲੇ ਤਾਂ ਈਡੀ ਨੇ ਸਾਬਕਾ ਮੰਤਰੀ ਨੂੰ ਗ੍ਰਿਫ਼ਤਾਰ ਕਰ ਲਿਆ ਸੀ।

ਜੰਗਲਾਤ ਮੰਤਰੀ ਵਜੋਂ ਆਪਣੇ ਤਿੰਨ ਸਾਲਾਂ ਦੇ ਕਾਰਜਕਾਲ ਦੌਰਾਨ ਧਰਮਸੋਤ ਨੇ ਦਰੱਖਤ ਕੱਟਣ ਦੇ ਪਰਮਿਟ ਜਾਰੀ ਕਰਨ ਦੇ ਬਦਲੇ ਆਪਣੇ ਓਐਸਡੀ ਰਾਹੀਂ 1 ਕਰੋੜ ਰੁਪਏ ਇਕੱਠੇ ਕੀਤੇ ਸਨ। ਕਈ ਲੋਕਾਂ ਨੇ ਈਡੀ ਅਧਿਕਾਰੀਆਂ ਸਾਹਮਣੇ ਆਪਣੇ ਬਿਆਨ ਦਰਜ ਕਰਵਾਏ ਕਿ ਉਨ੍ਹਾਂ ਤੋਂ ਰਿਸ਼ਵਤ ਲਈ ਗਈ ਹੈ। ਇੰਨਾ ਹੀ ਨਹੀਂ ਸਾਧੂ ਸਿੰਘ ਨੇ 2.5 ਕਰੋੜ ਰੁਪਏ ਦੀ ਕਮਾਈ ਕੀਤੀ ਸੀ, ਜਦਕਿ 8 ਕਰੋੜ ਰੁਪਏ ਤੋਂ ਵੱਧ ਖਰਚ ਕੀਤੇ ਸਨ। ਇਸ ਲਈ ਈਡੀ ਨੇ ਕੇਸ ਦਰਜ ਕੀਤਾ ਸੀ।