ਬਟਾਲਾ ‘ਚ ਵੱਡੀ ਵਾਰਦਾਤ : ਦੋ ਗੱਡੀਆਂ ‘ਚ ਆਏ 8 ਹਮਲਾਵਰਾਂ ਨੇ ਘਰ ਅੰਦਰ ਵੜ ਕੇ ਸਾਬਕਾ ਸਰਪੰਚ ਦੀ ਛਾਤੀ ‘ਚ ਮਾਰੀਆਂ ਗੋਲ਼ੀਆਂ

0
939

ਬਟਾਲਾ। ਇੱਥੋਂ ਦੇ ਪਿੰਡ ਦਹੀਆ ‘ਚ ਕਾਰ ਸਵਾਰ 6 ਲੋਕ ਪਹਿਲਾਂ ਸਾਬਕਾ ਸਰਪੰਚ ਦੇ ਘਰ ਵੜੇ ਅਤੇ ਫਿਰ ਤਾਬੜਤੋੜ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਇਸ ਤੋਂ ਬਾਅਦ ਸਾਬਕਾ ਸਰਪੰਚ ਵੱਲੋਂ ਵੀ ਆਪਣੀ ਲਾਇਸੈਂਸੀ ਪਿਸਤੌਲ ਨਾਲ ਜਵਾਬੀ ਫਾਇਰ ਕੀਤੇ ਗਏ। ਸਾਬਕਾ ਸਰਪੰਚ ਦੀ ਛਾਤੀ ਨੇੜੇ ਗੋਲੀ ਲੱਗਣ ਕਾਰਨ ਉਹ ਗੰਭੀਰ ਰੂਪ ‘ਚ ਜ਼ਖਮੀ ਹੋ ਗਿਆ। ਉਸ ਨੂੰ ਤੁਰੰਤ ਬਟਾਲਾ ਸਿਵਲ ਹਸਪਤਾਲ ਦਾਖ਼ਲ ਕਰਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਦਿੱਤਾ।

ਗੋਲੀ ਲੱਗਣ ਕਾਰਨ 2 ਹਮਲਾਵਰ ਵੀ ਜ਼ਖ਼ਮੀ ਹੋਏ ਹਨ, ਜਿਨ੍ਹਾਂ ਦੇ ਸਾਥੀ ਉਨ੍ਹਾਂ ਨੂੰ ਲੈ ਕੇ ਸਿਵਲ ਹਸਪਤਾਲ ਪਹੁੰਚ ਗਏ। ਉੱਥੇ ਦੁਬਾਰਾ ਦੋਵੇਂ ਧਿਰਾਂ ਆਹਮੋ-ਸਾਹਮਣੇ ਹੋ ਗਈਆਂ, ਜਿੱਥੇ ਪੁਲਸ ਨੇ ਦੋਹਾਂ ਧਿਰਾਂ ‘ਤੇ ਕਾਬੂ ਪਾਇਆ। ਜਾਣਕਾਰੀ ਅਨੁਸਾਰ ਪੁਲਿਸ ਨੇ 7 ਹਮਲਾਵਰਾਂ ਉਤੇ ਪਰਚਾ ਦਰਜ ਕੀਤਾ ਹੈ, ਜਿਨ੍ਹਾਂ ਵਿਚੋਂ 3 ਹਮਲਾਵਰਾਂ ਕਾਬੂ ਕਰ ਲਿਆ ਹੈ।

ਮ੍ਰਿਤਕ ਸਾਬਕਾ ਸਰਪੰਚ ਦੀ ਪਛਾਣ ਸਵਰਣ ਸਿੰਘ (55) ਪੁੱਤਰ ਹਰਭਜਨ ਸਿੰਘ ਵਾਸੀ ਪਿੰਡ ਦਹੀਆ ਦੇ ਤੌਰ ‘ਤੇ ਕੀਤੀ ਗਈ ਹੈ ਅਤੇ ਜ਼ਖਮੀ ਹੋਏ 2 ਹਮਲਾਵਰਾਂ ਦੀ ਪਛਾਣ ਹਰਪਿੰਦਰ ਸਿੰਘ ਪੁੱਤਰ ਗੁਰਮੁਖ ਸਿੰਘ ਵਾਸੀ ਭਾਂਬੋਈ ਅਤੇ ਆਕਾਸ਼ਪ੍ਰੀਤ ਸਿੰਘ ਪੁੱਤਰ ਇੰਦਰਜੀਤ ਸਿੰਘ ਵਾਸੀ ਭਾਜੀ ਨੰਗਲ ਦੇ ਤੌਰ ‘ਤੇ ਕੀਤੀ ਗਈ ਹੈ।

ਮ੍ਰਿਤਕ ਸਵਰਣ ਸਿੰਘ ਦੇ ਪੁੱਤਰ ਜਤਿੰਦਰ ਸਿੰਘ ਨੇ ਦੱਸਿਆ ਕਿ ਐਤਵਾਰ ਰਾਤ ਲਗਭਗ 10 ਵਜੇ ਉਹ ਆਪਣੇ ਘਰ ਸੌਂ ਰਹੇ ਸਨ ਕਿ ਉਨ੍ਹਾਂ ਦੇ ਘਰ ਬਾਹਰ ਕਾਰ ‘ਤੇ ਸਵਾਰ ਹੋ ਕੇ 6 ਵਿਅਕਤੀ ਆਏ। ਉਹ ਉਸ ਦੇ ਪਿਤਾ ਨੂੰ ਆਵਾਜ਼ਾਂ ਮਾਰਨ ਲੱਗੇ ਤਾਂ ਜਦੋਂ ਪਿਤਾ ਨੇ ਬਾਹਰ ਜਾ ਕੇ ਗੇਟ ਖੋਲ੍ਹਿਆ ਤਾਂ ਉਹ ਜ਼ਬਰਨ ਘਰ ਅੰਦਰ ਦਾਖ਼ਲ ਹੋ ਗਏ। ਜਦੋਂ ਉਨ੍ਹਾਂ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਗਈ ਤਾਂ ਉਨ੍ਹਾਂ ਨੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ, ਜਿਸ ਤੋਂ ਬਾਅਦ ਉਸ ਦੇ ਪਿਤਾ ਨੇ ਵੀ ਜਵਾਬੀ ਫਾਇਰ ਕੀਤੇ।

ਇਸ ਦੌਰਾਨ ਇਕ ਗੋਲੀ ਪਿਤਾ ਦੀ ਛਾਤੀ ਨੇੜੇ ਜਾ ਲੱਗੀ ਅਤੇ ਉਹ ਗੰਭੀਰ ਰੂਪ ‘ਚ ਜ਼ਖਮੀ ਹੋ ਗਏ। ਹਮਲਾਵਰ ਮੌਕੇ ਤੋਂ ਫ਼ਰਾਰ ਹੋ ਗਏ। ਇਸ ਦੌਰਾਨ ਪਿਤਾ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਕਰਾਰ ਦਿੱਤਾ। ਮ੍ਰਿਤਕ ਸਰਪੰਚ ਦੇ ਪੁੱਤਰ ਦਾ ਕਹਿਣਾ ਹੈ ਕਿ ਉਸਨੂੰ ਨਹੀਂ ਪਤਾ ਕਿ ਇਹ ਹਮਲਾਵਰ ਕੌਣ ਸਨ ਤੇ ਇਨ੍ਹਾਂ ਦੀ ਉਨ੍ਹਾਂ ਦੇ ਪਿਤਾ ਨਾਲ ਕੀ ਰੰਜਿਸ਼ ਸੀ।

ਇਸ ਦੀ ਸੂਚਨਾ ਮਿਲਦੇ ਹੀ ਐੱਸ. ਪੀ., ਹੈੱਡ ਕੁਆਰਟਰ ਗੁਰਪ੍ਰੀਤ ਸਿੰਘ ਥਾਣਾ ਘੁਮਾਨ ਦੇ ਪ੍ਰਭਾਰੀ, ਐੱਸ. ਐੱਚ. ਓ. ਬਲਕਾਰ ਸਿੰਘ, ਡੀ. ਐੱਸ. ਪੀ. ਗੁਰਬਿੰਦਰਬੀਰ ਸਿੰਘ ਪੁਲਸ ਟੀਮ ਨਾਲ ਮੌਕੇ ‘ਤੇ ਪਹੁੰਚੇ। ਪੁਲਸ ਨੇ ਮ੍ਰਿਤਕ ਸਾਬਕਾ ਸਰਪੰਚ ਦੀ ਲਾਸ਼ ਨੂੰ ਸਿਵਲ ਹਸਪਤਾਲ ‘ਚ ਪੋਸਟ ਮਾਰਟਮ ਲਈ ਭੇਜ ਦਿੱਤਾ ਅਤੇ ਪਰਿਵਾਰਿਕ ਮੈਂਬਰਾਂ ਦੇ ਬਿਆਨ ਦਰਜ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।