ਰੂਪਨਗਰ| ਸਥਾਨਕ ਪੁਲਿਸ ਚੌਕੀ ਪੁਰਖਾਲੀ ਅਧੀਨ ਪੈਂਦੇ ਪਿੰਡ ਹਰੀਪੁਰ ਵਿਚ ਇੱਕ ਨੌਂ ਸਾਲਾ ਬੱਚੇ ’ਤੇ ਪਿੱਟਬੁੱਲ ਨੇ ਹਮਲਾ ਕਰ ਦਿੱਤਾ ਜਿਸ ਵਿਚ ਉਹ ਗੰਭੀਰ ਜ਼ਖਮੀ ਹੋ ਗਿਆ। ਪੁਲਿਸ ਨੇ ਕੁੱਤੇ ਦੀ ਮਾਲਕਣ ਖਿਲਾਫ਼ ਕੇਸ ਦਰਜ ਕੀਤਾ ਹੈ। ਪੁਲਿਸ ਚੌਕੀ ਪੁਰਖਾਲੀ ਦੇ ਇੰਚਾਰਜ ਹਰਮੇਸ਼ ਕੁਮਾਰ ਨੇ ਦੱਸਿਆ ਕਿ ਪੀੜਤ ਬੱਚੇ ਦੀ ਮਾਂ ਸੁਖਜੀਤ ਕੌਰ ਵਾਸੀ ਹਰੀਪੁਰ ਨੇ ਸ਼ਿਕਾਇਤ ਵਿਚ ਦੱਸਿਆ ਹੈ ਕਿ ਇਹ ਘਟਨਾ 17 ਅਗਸਤ ਦੀ ਹੈ। ਉਸ ਦਾ ਪੁੱਤਰ ਹਰਸ਼ਦੀਪ ਸਿੰਘ ਆਪਣੇ ਘਰ ਵਿਚ ਖੇਡ ਰਿਹਾ ਸੀ। ਇਸ ਦੌਰਾਨ ਉਸ ਦੀ ਗੁਆਂਢਣ ਕਮਲਜੀਤ ਕੌਰ ਦੀ ਪਿੱਟਬੁੱਲ ਨਸਲ ਦਾ ਕੁੱਤਾ ਉਨ੍ਹਾਂ ਦੇ ਘਰ ਅੰਦਰ ਵੜ ਗਿਆ ਅਤੇ ਹਰਸ਼ਦੀਪ ’ਤੇ ਹਮਲਾ ਕੀਤਾ।
ਇਸ ਦੌਰਾਨ ਰੌਲ਼ਾ ਸੁਣ ਕੇ ਉਸ ਦੇ ਗੁਆਂਢੀ ਸਰੂਪ ਸਿੰਘ ਨੇ ਚਾਕੂ ਤੇ ਦਾਤੀ ਦੀ ਮਦਦ ਨਾਲ ਲੜਕੇ ਦੇ ਵਾਲ਼ ਕੱਟ ਕੇ ਕੁੱਤੇ ਦਾ ਜਬਾੜਾ ਖੋਲ੍ਹਣ ਦੀ ਕੋਸ਼ਿਸ਼ ਕੀਤੀ, ਪਰ ਉਸ ਨੇ ਸਿਰ ਦੇ ਵਾਲ਼ ਛੱਡ ਕੇ ਸਿਰ ਨੂੰ ਫੜ ਲਿਆ। ਇਸ ਦੌਰਾਨ ਰੌਲ਼ਾ ਸੁਣ ਕੇ ਹੋਰ ਪਿੰਡ ਵਾਸੀ ਵੀ ਲੜਕੇ ਨੂੰ ਛੁਡਾਉਣ ਦੀ ਕੋਸ਼ਿਸ਼ ਕਰਨ ਲੱਗੇ। ਕੁੱਤੇ ਨੇ ਆਪਣਾ ਮੂੰਹ ਜਕੜੀ ਰੱਖਿਆ। ਲੋਕਾਂ ਨੇ ਕੁੱਤੇ ਨੂੰ ਕੁਹਾੜੀ ਨਾਲ ਮਾਰ ਕੇ ਲੜਕੇ ਦੀ ਜਾਨ ਬਚਾਈ। ਚੌਕੀ ਇੰਚਾਰਜ ਨੇ ਦੱਸਿਆ ਕਿ ਪੁਲਿਸ ਨੇ ਪਿੱਟਬੁੱਲ ਦੀ ਮਾਲਕਣ ਖ਼ਿਲਾਫ਼ ਵੱਖ ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ ਤੇ ਜਾਂਚ ਹੋ ਰਹੀ ਹੈ।