ਅੰਮ੍ਰਿਤਸਰ ‘ਚ ਪਿਸਤੌਲ ਦੀ ਨੋਕ ‘ਤੇ 9.89 ਲੱਖ ਦੀ ਲੁੱਟ, ਮਜੀਠਾ ਰੋਡ ‘ਤੇ ਵਾਪਰੀ ਵਾਰਦਾਤ

0
268

ਅੰਮ੍ਰਿਤਸਰ, 13 ਸਤੰਬਰ | ਪਿਸਤੌਲ ਦੀ ਨੋਕ ’ਤੇ ਲੁਟੇਰਿਆਂ ਵੱਲੋਂ ਲੱਖਾਂ ਰੁਪਏ ਨਾਲ ਭਰਿਆ ਬੈਗ ਖੋਹ ਕੇ ਫ਼ਰਾਰ ਹੋਣ ਦੇ ਮਾਮਲੇ ਵਿਚ ਥਾਣਾ ਸਿਵਲ ਲਾਈਨ ਦੀ ਪੁਲਿਸ ਨੇ ਕੇਸ ਦਰਜ ਕੀਤਾ ਹੈ। ਰਾਜੇਸ਼ ਕੁਮਾਰ ਨੇ ਦੱਸਿਆ ਕਿ ਉਹ ਦੀਪ ਕੰਪਲੈਕਸ ਸਥਿਤ ਇਨਫੋ ਸਿਸਟਮ ਲਿਮਟਿਡ ਵਿਚ 2012 ਤੋਂ ਕੰਮ ਕਰਦਾ ਹੈ, ਉਹ ਨਕਦੀ ਇਕੱਠੀ ਕਰਕੇ ਬੈਂਕ ਵਿਚ ਜਮ੍ਹਾ ਕਰਵਾਉਂਦਾ ਹੈ। ਕੱਲ ਸਵੇਰੇ ਕਰੀਬ 10 ਵਜੇ ਉਹ ਆਪਣੀ ਐਕਟਿਵਾ ’ਤੇ 9.89 ਲੱਖ ਰੁਪਏ ਦੀ ਨਕਦੀ ਲੈ ਕੇ ਮਜੀਠਾ ਰੋਡ ਸਥਿਤ ਬੈਂਕ ਵਿਚ ਪੈਸੇ ਜਮ੍ਹਾ ਕਰਵਾਉਣ ਲਈ ਜਾ ਰਿਹਾ ਸੀ।

ਰਸਤੇ ਵਿਚ ਐਕਟਿਵਾ ਸਵਾਰ 2 ਨੌਜਵਾਨਾਂ ਨੇ ਉਸ ਨੂੰ ਪਹਿਲਾਂ ਟੱਕਰ ਮਾਰ ਦਿੱਤੀ, ਜਿਵੇਂ ਹੀ ਉਹ ਸੜਕ ’ਤੇ ਡਿੱਗਿਆ ਅਤੇ ਆਪਣਾ ਬੈਗ ਚੁੱਕਣ ਲੱਗਾ ਤਾਂ ਉਨ੍ਹਾਂ ਵਿਚੋਂ ਇਕ ਨੇ ਉਸ ਦੇ ਹੈਲਮੇਟ ਨੂੰ ਰਿਵਾਲਵਰ ਦਾ ਬੱਟ ਮਾਰਿਆ, ਜੋ ਉਸ ਦੀ ਅੱਖ ’ਤੇ ਲੱਗਾ। ਇਸ ਤੋਂ ਬਾਅਦ ਲੁਟੇਰੇ ਉਸ ਦੇ ਹੱਥੋਂ ਨਕਦੀ ਵਾਲਾ ਬੈਗ ਖੋਹ ਕੇ ਫ਼ਰਾਰ ਹੋ ਗਏ। ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।