ਲੁਧਿਆਣਾ ’ਚ 25 ਲੱਖ ਰੁਪਏ ਦੀ ਲੁੱਟ, ਬਦਮਾਸ਼ਾਂ ਨੇ ਚਿੱਟੇ ਦਿਨ ਪੈਟਰੋਲ ਪੰਪ ਮੁਲਾਜ਼ਮਾਂ ਨੂੰ ਬਣਾਇਆ ਨਿਸ਼ਾਨਾ

0
321

ਲੁਧਿਆਣਾ, 29 ਨਵੰਬਰ| ਚਿੱਟੇ ਦਿਨ ਲੁਧਿਆਣਾ ਦੇ ਢੋਲੇਵਾਲ ਇਲਾਕੇ ਵਿੱਚ ਮੋਟਰਸਾਈਕਲ ਸਵਾਰ ਬਦਮਾਸ਼ਾਂ ਨੇ ਪੈਟਰੋਲ ਪੰਪ ਦੇ ਮੁਲਾਜ਼ਮਾਂ ਨੂੰ ਨਿਸ਼ਾਨਾ ਬਣਾਉਂਦਿਆਂ ਉਨ੍ਹਾਂ ਕੋਲੋਂ 25 ਲੱਖ ਰੁਪਏ ਦੀ ਰਕਮ ਲੁੱਟ ਲਈ।

ਇਹ ਵਾਰਦਾਤ ਉਸ ਵੇਲੇ ਵਾਪਰੀ ਜਦੋਂ ਮੁਲਾਜ਼ਮ ਪੈਟਰੋਲ ਪੰਪ ਦੀ ਰਕਮ ਬੈਂਕ ਵਿੱਚ ਜਮ੍ਹਾਂ ਕਰਵਾਉਣ ਲਈ ਜਾ ਰਹੇ ਸਨ। ਬੈਂਕ ਦੇ ਬਿਲਕੁੱਲ ਬਾਹਰ ਬਦਮਾਸ਼ਾਂ ਨੇ ਰਕਮ ਵਾਲਾ ਬੈਗ ਲੁੱਟਿਆ ਅਤੇ ਮੌਕੇ ਤੋਂ ਫ਼ਰਾਰ ਹੋ ਗਏ। ਸੂਚਨਾ ਤੋਂ ਬਾਅਦ ਮੌਕੇ ‘ਤੇ ਪਹੁੰਚੀ ਪੁਲਿਸ ਨੇ ਮਾਮਲੇ ਦੀ ਪੜਤਾਲ ਸ਼ੁਰੂ ਕੀਤੀ।

ਜਾਣਕਾਰੀ ਮੁਤਾਬਕ ਪ੍ਰਦੀਪ ਸਿੰਘ ਲੁਧਿਆਣਾ ਵਿਚ ਪੈਟਰੋਲ ਪੰਪ ਦਾ ਮੈਨੇਜਰ ਹੈ। ਦੁਪਹਿਰ ਸਾਢੇ 3 ਵਜੇ ਦੇ ਕਰੀਬ ਉਹ ਆਪਣੇ ਸਾਥੀ ਮੁਲਾਜ਼ਮ ਮਲਕੀਤ ਸਿੰਘ ਨਾਲ ਕਾਰ ਵਿੱਚ ਢੋਲੇਵਾਲ ਸਥਿਤ ਬੈਂਕ ਵਿਚ 25 ਲੱਖ ਰੁਪਏ ਦੀ ਰਕਮ ਜਮ੍ਹਾ ਕਰਵਾਉਣ ਜਾ ਰਿਹਾ ਸੀ।

ਇਸੇ ਦੌਰਾਨ ਪੰਪ ਦੇ ਮੁਲਾਜ਼ਮਾਂ ਨੂੰ ਇੰਝ ਜਾਪਿਆ ਕਿ ਜਿਵੇਂ ਕੁਝ ਵਿਅਕਤੀ ਉਨ੍ਹਾਂ ਦੀ ਕਾਰ ਦਾ ਪਿੱਛਾ ਕਰਦੇ ਹੋਣ ਪਰ ਉਨ੍ਹਾਂ ਨੇ ਇਸ ਗੱਲ ਨੂੰ ਨਜ਼ਰ ਅੰਦਾਜ਼ ਕਰ ਦਿੱਤਾ। ਬੈਂਕ ਦੇ ਸਾਹਮਣੇ ਪਹੁੰਚਦੇ ਹੀ ਜਿਵੇਂ ਹੀ ਨਗਦੀ ਵਾਲਾ ਬੈਗ ਲੈ ਕੇ ਮੁਲਾਜ਼ਮ ਕਾਰ ‘ਚੋਂ ਬਾਹਰ ਨਿਕਲੇ ਤਾਂ ਮੋਟਰਸਾਈਕਲ ’ਤੇ ਸਵਾਰ ਹੋ ਕੇ ਆਏ ਮੁਲਜ਼ਮ ਉਨ੍ਹਾਂ ਕੋਲੋਂ 25 ਲੱਖ ਰੁਪਏ ਦੀ ਨਗਦੀ ਵਾਲਾ ਬੈਗ ਲੁੱਟ ਕੇ ਫਰਾਰ ਹੋ ਗਏ।

ਇੱਥੇ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਬਦਮਾਸ਼ਾਂ ਕੋਲ ਕੋਈ ਵੀ ਹਥਿਆਰ ਨਹੀਂ ਸੀ। ਵਾਰਦਾਤ ਤੋਂ ਬਾਅਦ ਪੈਟਰੋਲ ਪੰਪ ਦੇ ਮੁਲਾਜ਼ਮਾਂ ਨੇ ਬਦਮਾਸ਼ਾਂ ਦਾ ਪਿੱਛਾ ਕੀਤਾ ਪਰ ਤੇਜ਼ ਤਰਾਰ ਬਦਮਾਸ਼ ਮੌਕੇ ਤੋਂ ਫਰਾਰ ਹੋ ਗਏ। ਜਾਣਕਾਰੀ ਤੋਂ ਬਾਅਦ ਮੌਕੇ ‘ਤੇ ਪਹੁੰਚੇ ਏਡੀਸੀਪੀ ਸੁਹੇਲ ਕਾਸਿਮ ਮੀਰ ਅਤੇ ਏਸੀਪੀ ਸੰਦੀਪ ਵਡੇਰਾ ਨੇ ਮਾਮਲੇ ਦੀ ਤਫਤੀਸ਼ ਸ਼ੁਰੂ ਕੀਤੀ। ਪੁਲਿਸ ਨੇ ਵਾਰਦਾਤ ਵਾਲੀ ਥਾਂ ਦੇ ਆਲੇ ਦੁਆਲੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲਣੀ ਸ਼ੁਰੂ ਕੀਤੀ।