ਪਾਕਿਸਤਾਨ ਨਾਲ ਮਿਲ ਕੇ ਡਰੱਗ ਤਸਕਰੀ ਕਰਨ ਵਾਲਾ ਗੈਂਗਸਟਰ ਰਣਜੀਤ ਸਿੰਘ ਚੀਤਾ ਆਪਣੇ ਕਈ ਸਾਥੀਆਂ ਸਮੇਤ ਗ੍ਰਿਫ਼ਤਾਰ

0
2799

ਚੰਡੀਗੜ੍ਹ . ਪੰਜਾਬ ਪੁਲਿਸ ਤੇ ਐਨਆਈਏ ਨੇ ਰਣਜੀਤ ਸਿੰਘ ਉਰਫ ਚੀਤਾ, ਇੱਕ ਵੱਡੇ ਨਸ਼ਾ ਤਸਕਰ ਨੂੰ ਗ੍ਰਿਫਤਾਰ ਕੀਤਾ ਹੈ। ਇਸ ਤਸਕਰ ਨੂੰ ਗ੍ਰਿਫ਼ਤਾਰ ਕਰਨ ਲਈ ਤਿੰਨ ਏਜੰਸੀਆਂ ਨੇ ਮਿਲ ਕੇ ਕੰਮ ਕੀਤਾ ਹੈ। ਇਸ ਕਾਰਵਾਈ ਵਿੱਚ ਪੰਜਾਬ ਪੁਲਿਸ, ਐਨਆਈਏ ਤੇ ਹਰਿਆਣਾ ਪੁਲਿਸ ਦੀ ਪੁਲਿਸ ਸ਼ਾਮਲ ਹੈ। ਏਜੰਸੀਆਂ ਨੇ ਗ੍ਰਿਫਤਾਰੀਆਂ ਹਰਿਆਣਾ ਦੇ ਸਿਰਸਾ ਤੋਂ ਕੀਤੀ ਹਨ। ਪੰਜਾਬ ਪੁਲਿਸ ਨੇ ਇਹ ਕਾਰਵਾਈ 532 ਕਿਲੋ ਹੈਰੋਇਨ ਬਰਾਮਦ ਕਰਨ ਦੇ ਮਾਮਲੇ ਵਿੱਚ ਕੀਤੀ ਹੈ।

ਇਸ ਦੇ ਨਾਲ ਹੋਰ ਨਾਮੀ ਗੈਂਗਸਟਰ ਸੁਖਜਿੰਦਰ ਤੇ ਬਿੱਲਾ ਗਿਰੋਹ ਦੇ ਪੰਜ ਹੋਰ ਮੈਂਬਰਾਂ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਜੋ ਪਾਕਿਸਤਾਨ ਤੋਂ ਸਮੱਗਲਿੰਗ, ਆਧੁਨਿਕ ਹਥਿਆਰਾਂ ਦੀ ਵੱਡੀ ਖੇਪ ਦੇ ਨਾਲ-ਨਾਲ ਡਰੋਨਾਂ ਸਮੇਤ ਡਰੱਗ ਮਨੀ ਵੀ ਕਈ ਤਰੀਕਿਆਂ ਰਾਹੀਂ ਸਰਹੱਦ ਤੋਂ ਸਮੱਗਲਿੰਗ ਕਰਦੇ ਸਨ।

ਕਈ ਮਾਮਲੇ ਕਤਲ ਦੇ ਵੀ ਦਰਜ

ਡੀਜੀਪੀ ਪੰਜਾਬ ਦਿਨਕਰ ਗੁਪਤਾ ਅਨੁਸਾਰ ਕੱਲ੍ਹ ਚੰਡੀਗੜ੍ਹ ਤੋਂ ਓ.ਸੀ.ਸੀ.ਯੂ. ਟੀਮ, ਕਾਊਂਟਰ ਇੰਟੈਲੀਜੈਂਸ ਜਲੰਧਰ ਯੂਨਿਟ ਤੇ ਕਪੂਰਥਲਾ ਪੁਲਿਸ ਨੇ ਇੱਕ ਸਾਂਝੇ ਅਭਿਆਨ ਤਹਿਤ ਇਹ ਗ੍ਰਿਫ਼ਤਾਰੀਆਂ ਕੀਤੀਆਂ ਹਨ, ਗ੍ਰਿਫ਼ਤਾਰ ਕੀਤੇ ਮੁਲਜ਼ਮਾਂ ਦੀ ਪਛਾਣ ਬਲਜਿੰਦਰ ਸਿੰਘ ਉਰਫ਼ ਬਿੱਲਾ ਮੰਡਿਆਲਾ (ਵਾਸੀ ਮੰਡਿਆਲਾ, ਗੁਰਦਾਸਪੁਰ), ਸੁਖਜਿੰਦਰ ਸਿੰਘ (ਵਾਸੀ ਪਿੰਡ ਕਮੋਕੇ ਬਿਆਸ, ਅੰਮ੍ਰਿਤਸਰ) ਤੋਂ ਇਲਾਵਾ ਕਪੂਰਥਲਾ ਦੇ ਮੋਹਿਤ ਸ਼ਰਮਾ, ਲਵਪ੍ਰੀਤ ਸਿੰਘ, ਮੰਗਲ ਸਿੰਘ ਤੇ ਮਨਿੰਦਰਜੀਤ ਸਿੰਘ ਉਰਫ਼ ਹੈਪੀ ਤੇ ਲਵਪ੍ਰੀਤ ਸਿੰਘ ਉਰਫ਼ ਲਵਲੀ (ਵਾਸੀ ਅਮਰਕੋਟ, ਵਲਟੋਹਾ ਤਰਨਤਾਰਨ) ਵਜੋਂ ਹੋਈ ਹੈ। ਬਲਜਿੰਦਰ ਸਿੰਘ ਬਿੱਲਾ ਮੰਡਿਆਲਾ 18 ਤੋਂ ਵੱਧ ਅਪਰਾਧਿਕ ਮਾਮਲਿਆਂ ਜਿਵੇਂ ਕਤਲ, ਕਤਲ ਦੀ ਕੋਸ਼ਿਸ਼ ਤੇ ਹਥਿਆਰਾਂ/ਨਸ਼ਿਆਂ ਦੀ ਤਸਕਰੀ ਆਦਿ ਵਿਚ ਸ਼ਾਮਲ ਹੈ। ਗ੍ਰਿਫਤਾਰ ਕੀਤੇ ਗਏ ਸਾਰੇ ਤਸਕਰਾਂ ਦੇ ਕੋਰੋਨਾ ਟੈਸਟ ਕੀਤੇ ਗਏ ਹਨ।

ਆਧੁਨਿਕ ਹਥਿਆਰ ਤੇ ਆਲਟੋਂ ਕਾਰਾਂ ਕੀਤੀਆਂ ਬਰਾਮਦ

ਉਹਨਾਂ ਦੱਸਿਆ ਕਿ ਪੁਲਿਸ ਦੀਆਂ ਟੀਮਾਂ ਨੇ ਇਨ੍ਹਾਂ ਮੁਲਜ਼ਮਾਂ ਕੋਲੋਂ ਪਾਕਿਸਤਾਨ ਤੋਂ ਸਮੱਗਲਿੰਗ ਕੀਤੇ ਗਏ ਆਧੁਨਿਕ ਹਥਿਆਰ ਬਰਾਮਦ ਕੀਤੇ ਹਨ। ਇਸ ਬਰਾਮਦਗੀ ਵਿਚ ਦੋ 30 ਬੋਰ ਦੀਆਂ ਡਰੱਮ ਮਸ਼ੀਨ ਗੰਨਾਂ, ਤਿੰਨ ਪਿਸਟਲ (ਸਿਗ ਸਾਉਰ ਮਾਰਕਾ ਵਾਲੇ ਜਰਮਨੀ ਵਿਚ ਬਣੇ), ਦੋ ਗਲੋਕ ਪਿਸਟਲ (ਆਸਟਰੀਆ ਵਿਚ ਬਣੇ), ਦੋ 30 ਬੋਰ ਪਿਸਟਲ, ਇਕ 32 ਬੋਰ ਦਾ ਪਿਸਟਲ, ਇਕ 315 ਬੋਰ ਰਾਈਫਲ, 341 ਜ਼ਿੰਦਾ ਕਾਰਤੂਸ, ਦੋ ਡਰੱਮ ਮੈਗਜ਼ੀਨਾਂ, 14 ਪਿਸਟਲ ਮੈਗਜ਼ੀਨਾਂ ਦੇ ਨਾਲ ਤਿੰਨ ਲੱਖ ਅੱਠ ਸੌ ਅਠਾਰਾਂ ਰੁਪਏ ਅਤੇ ਇਕ ਸੌ ਆਸਟ੍ਰੇਲੀਅਨ ਡਾਲਰ ਦੀ ਡਰੱਗ ਮਨੀ ਸ਼ਾਮਲ ਹੈ।

ਉਹਨਾਂ ਕਿਹਾ ਕਿ ਹੁਣ ਤੱਕ ਮੁੱਢਲੀ ਜਾਂਚ ਕੀਤੀ ਗਈ ਹੈ, ਬਿੱਲਾ ਮੰਡਿਆਲਾ ਤੋਂ ਬਰਾਮਦ ਕੀਤੇ ਗਏ ਜ਼ਿਆਦਾਤਰ ਹਥਿਆਰ ਵੱਖ-ਵੱਖ ਖੇਪਾਂ ਵਿੱਚ ਭਾਰਤ-ਪਾਕਿ ਸਰਹੱਦ ਪਾਰੋਂ ਆਏ ਸਨ। ਪੁਲਿਸ ਨਾਜਾਇਜ਼ ਹਥਿਆਰਾਂ ਦੀ ਸਪਲਾਈ ਚੇਨ ਵਿਚ ਅੱਤਵਾਦੀਆਂ ਦੀ ਭੂਮਿਕਾ ਦੀ ਵੀ ਜਾਂਚ ਕਰ ਰਹੀ ਹੈ। ਬੁਲਾਰੇ ਨੇ ਅੱਗੇ ਖੁਲਾਸਾ ਕੀਤਾ ਕਿ ਕੁਝ ਜਾਅਲੀ ਦਸਤਾਵੇਜ਼ਾਂ ਦੇ ਨਾਲ ਟੋਯੋਟਾ ਫਾਰਚੂਨਰ, ਈਟੀਓਸ ਲਾਵਾ ਤੇ ਆਲਟੋ ਕਾਰਾਂ ਵੀ ਬਰਾਮਦ ਕੀਤੀਆਂ ਹਨ।