ਰਾਜਪੁਰਾ। ਸਰਕਾਰੀ ਸੀਨੀਅਰ ਸੈਕੰਡਰੀ ਕੋ.ਐਡ. ਸਕੂਲ ਐਨ.ਟੀ.ਸੀ. ਨੰਬਰ-1 ਵਿੱਚ ਸ਼ਰਾਰਤੀ ਬੱਚੇ ਵੱਲੋਂ ਕੀਤੀ ਗਈ ਸ਼ਰਾਰਤ ਨੇ ਸਾਰਿਆਂ ਨੂੰ ਭਾਜੜਾਂ ਪਾ ਦਿੱਤੀਆਂ। ਸਕੂਲ ਲੱਗਣ ਤੋਂ ਪਹਿਲਾਂ ਬਾਹਰਵੀਂ ਜਮਾਤ ਦੇ ਇਕ ਕਮਰੇ ਵਿਚ ਬੱਚੇ ਦੀ ਸ਼ਰਾਰਤ ਨਾਲ ਉਥੇ ਦਾਖ਼ਲ ਹੋਏ 3 ਵਿਦਿਆਰਥਣਾਂ ਸਣੇ 4 ਵਿਦਿਆਰਥੀ ਬੇਹੋਸ਼ ਹੋ ਗਏ। ਵਿਦਿਆਰਥੀਆਂ ਨੂੰ ਸਥਾਨਕ ਸਿਵਲ ਹਸਪਤਾਲ ਵਿਚ ਇਲਾਜ ਲਈ ਤੁਰੰਤ ਦਾਖ਼ਲ ਕਰਵਾਇਆ ਗਿਆ, ਜਿੱਥੇ ਬੱਚੇ ਖ਼ਤਰੇ ਤੋਂ ਬਾਹਰ ਦੱਸੇ ਗਏ ਹਨ।

ਜਾਣਕਾਰੀ ਅਨੁਸਾਰ ਅੱਜ ਸਵੇਰੇ 8 ਵਜੇ ਦੇ ਕਰੀਬ ਜਦੋਂ ਸਥਾਨਕ ਸਰਕਾਰੀ ਸੀਨੀਅਰ ਸੈਕੰਡਰੀ ਕੋ.ਐਡ. ਸਕੂਲ ਸ਼ੁਰੂ ਹੋਇਆ ਤੇ ਵਿਦਿਆਰਥੀ ਆਪਣੀਆਂ ਜਮਾਤਾਂ ਵਿਚ ਜਾਣ ਲੱਗੇ ਤਾਂ ਇਸ ਤੋਂ ਪਹਿਲਾਂ ਕਿਸੇ ਸ਼ਰਾਰਤੀ ਵਿਦਿਆਰਥੀ ਨੇ ਬਾਹਰਵੀਂ ਜਮਾਤ ਦੇ ਇਕ ਜਮਾਤ ਦੇ ਕਮਰੇ ਵਿਚ ਬਹੁਤ ਜਿਆਦਾ ਮਾਤਰਾ ਵਿਚ ਸੈਂਟ ਛਿੜਕ ਦਿੱਤਾ। ਜਿਸ ‘ਤੇ ਜਦੋਂ ਵਿਦਿਆਰਥੀ ਆਪਣੀ ਜਮਾਤ ਵਿਚ ਦਾਖ਼ਲ ਹੋਏ ਤਾਂ 3 ਵਿਦਿਆਰਥਣਾਂ ਅਮਨਦੀਪ ਕੌਰ ਵਾਸੀ ਗੁਰੂ ਅੰਗਦ ਦੇਵ ਕਲੌਨੀ ਰਾਜਪੁਰਾ, ਪਰਮਿੰਦਰ ਕੌਰ ਵਾਸੀ ਗੁਰੂ ਅਰਜਨ ਦੇਵ ਕਲੌਨੀ, ਇਸ਼ੀਤਾ ਵਾਸੀ ਗਊ ਸ਼ਾਲਾ ਰੋਡ ਰਾਜਪੁਰਾ ਅਤੇ ਇਕ ਵਿਦਿਆਰਥੀ ਅਨਮੋਲ ਸਿੰਘ ਬੇਹੋਸ਼ ਹੋ ਗਏ।

ਸਾਰਿਆਂ ਨੂੰ ਤੁਰੰਤ ਸਥਾਨਕ ਸਿਵਲ ਹਸਪਤਾਲ ਵਿਖੇ ਇਲਾਜ ਲਈ ਲਿਆਂਦਾ ਗਿਆ ਤੇ ਇਲਾਜ ਸ਼ੁਰੂ ਕਰ ਦਿੱਤਾ। ਸੂਚਨਾ ਮਿਲਣ ਤੇ ਡੀ.ਐਸ.ਪੀ. ਸੁਰਿੰਦਰ ਮੋਹਨ ਸਣੇ ਹੋਰ ਅਧਿਕਾਰੀ ਹਸਪਤਾਲ ਮੌਕੇ ‘ਤੇ ਪਹੁੰਚ ਗਏ।




































