ਰਾਹੁਲ ਗਾਂਧੀ ਨੇ ਸ਼ੰਭੂ ਬਾਰਡਰ ‘ਤੇ ਜ਼ਖਮੀ ਕਿਸਾਨਾਂ ਨਾਲ ਫੋਨ ‘ਤੇ ਕੀਤੀ ਗੱਲਬਾਤ, ਕਹੀ ਅੰਦੋਲਨ ਦੌਰਾਨ ਵੱਡੀ ਗੱਲ

0
3692

ਸ਼ੰਭੂ ਬਾਰਡਰ, 14 ਫਰਵਰੀ | ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਸ਼ੰਭੂ ਬਾਰਡਰ ‘ਤੇ ਜ਼ਖਮੀ ਕਿਸਾਨਾਂ ਦਾ ਹਾਲ-ਚਾਲ ਪੁੱਛਣ ਲਈ ਰਾਜਪੁਰਾ ਦੇ ਸਰਕਾਰੀ ਹਸਪਤਾਲ ਪਹੁੰਚੇ। ਰਾਹੁਲ ਗਾਂਧੀ ਨੇ ਫੋਨ ‘ਤੇ ਜ਼ਖਮੀਆਂ ਨਾਲ ਗੱਲ ਕੀਤੀ। ਰਾਹੁਲ ਗਾਂਧੀ ਨੇ ਕਿਸਾਨਾਂ ਤੋਂ ਉਨ੍ਹਾਂ ਦੀਆਂ ਸੱਟਾਂ ਬਾਰੇ ਜਾਣਿਆ।

ਇਸ ਦੌਰਾਨ ਕਿਸਾਨੀ ਅੰਦੋਲਨ ਵਿਚ ਪੁਲਿਸ ਦੇ ਅੰਨ੍ਹੇ ਤਸ਼ੱਦਦ ਦਾ ਸ਼ਿਕਾਰ ਹੋ ਕੇ ਬੁਰੀ ਤਰ੍ਹਾਂ ਜ਼ਖ਼ਮੀ ਹੋਏ ਸਾਬਕਾ ਫੌਜੀ ਜਵਾਨ ਗੁਰਮੀਤ ਸਿੰਘ ਦੀ ਰਾਜਾ ਵੜਿੰਗ ਨੇ ਰਾਹੁਲ ਗਾਂਧੀ ਨਾਲ ਗੱਲਬਾਤ ਕਰਵਾਈ। ਉਨ੍ਹਾਂ ਕਿਸਾਨਾਂ ਦਾ ਹਾਲ-ਚਾਲ ਪੁੱਛਣ ਦੇ ਨਾਲ-ਨਾਲ ਦੇਸ਼ ਦੇ ਅੰਨਦਾਤਾਵਾਂ ਦੇ ਇਸ ਸੰਘਰਸ਼ ਵਿਚ ਪੂਰਨ ਸਮਰਥਨ ਦੀ ਗੱਲ ਵੀ ਆਖੀ।

ਰਾਜਾ ਵੜਿੰਗ ਨੇ ਇਸ ਗੱਲਬਾਤ ਦੀ ਵੀਡੀਓ ਫੇਸਬੁੱਕ ’ਤੇ ਪੋਸਟ ਕੀਤੀ। ਇਸ ਵਿਚ ਸਾਬਕਾ ਫੌਜੀ ਜਵਾਨ ਗੁਰਮੀਤ ਸਿੰਘ ਨੇ ਰਾਹੁਲ ਗਾਂਧੀ ਨੂੰ ਦੱਸਿਆ ਕਿ ਉਹ 17 ਸਾਲਾਂ ਤੱਕ ਫੌਜ ਵਿਚ ਰਿਹਾ ਹੈ ਤੇ ਉਹ ਗੋਲੀ ਦੇ ਜ਼ਖ਼ਮ ਤੇ ਹੰਝੂ ਗੈਸ ਦੇ ਗੋਲੇ ਨਾਲ ਹੋਏ ਜ਼ਖ਼ਮ ਵਿਚਲਾ ਫਰਕ ਜਾਣਦਾ ਹੈ। ਉਸਨੂੰ ਗੋਲੀ ਲੱਗੀ ਹੈ। ਹਰਿਆਣਾ ਪੁਲਿਸ 12 ਬੋਰ ਦੀਆਂ ਰਾਈਫਲਾਂ ਨਾਲ ਗੋਲੀਆਂ ਦਾਗ ਰਹੀ ਹੈ। ਉਸਨੇ ਇਹ ਵੀ ਦੱਸਿਆ ਕਿ ਰੱਬੜ ਦੀਆਂ ਗੋਲੀਆਂ ਉਸਦੇ ਸਿਰ ਅਤੇ ਮੂੰਹ ’ਤੇ ਵੱਜੀਆਂ ਹਨ ਤੇ ਉਸਦੀ ਅੱਖ ਦਾ ਨੁਕਸਾਨ ਹੋਣ ਵਾਲਾ ਸੀ ਪਰ ਡਾਕਟਰ ਨੇ ਬਚਾਅ ਲਿਆ। ਉਸਨੇ ਦੱਸਿਆ ਕਿ 100 ਤੋਂ ਜ਼ਿਆਦਾ ਕਿਸਾਨ ਜ਼ਖ਼ਮੀ ਹੋਏ ਹਨ ਤੇ 3 ਤੋਂ 4 ਗੰਭੀਰ ਜ਼ਖ਼ਮੀ ਹਨ।