ਚੰਡੀਗੜ੍ਹ. ਪੰਜਾਬ ਵਿੱਚ ਕੋਰੋਨਾ ਨਾਲ ਇੱਕ ਦਿਨ ਵਿਚ ਰਿਕਾਰਡ 23 ਮੌਤਾਂ ਹੋਣ ਦੀ ਖਬਰ ਹੈ। ਕੋਰੋਨਾ ਹੁਣ ਲੋਕਾਂ ਲਈ ਕਾਲ ਬਣਦਾ ਜਾ ਰਿਹਾ ਹੈ। ਇਕ ਦਿਨ ਵਿਚ ਮੌਤ ਦਾ ਇਹ ਸਭ ਤੋਂ ਵੱਡਾ ਅੰਕੜਾ ਸਾਹਮਣੇ ਆਇਆ ਹੈ। ਇਸ ਦੇ ਨਾਲ ਹੀ ਪਿਛਲੇ 24 ਘੰਟਿਆਂ ਵਿੱਚ ਪੰਜਾਬ ਵਿੱਚ 614 ਪੌਜ਼ੇਟਿਵ ਮਰੀਜ਼ਾਂ ਦੀ ਪੁਸ਼ਟੀ ਕੀਤੀ ਗਈ। ਦੱਸ ਦਈਏ ਕਿ ਸਿਰਫ 5 ਦਿਨਾਂ ਵਿੱਚ ਹੀ ਪੰਜਾਬ ਵਿੱਚ 68 ਲੋਕਾਂ ਦੀ ਮੌਤ ਹੋ ਚੁੱਕੀ ਹੈ ਤੇ 2749 ਨਵੇਂ ਮਰੀਜ਼ ਸਾਹਮਣੇ ਆਏ ਹਨ।
ਹੁਣ ਸੂਬੇ ‘ਚ ਮੌਤਾਂ ਦਾ ਅੰਕੜਾ ਹੁਣ 349 ਤਕ ਪਹੁੰਚ ਗਿਆ ਹੈ। ਪਿਛਲੇ 24 ਘੰਟਿਆਂ ਵਿੱਚ ਲੁਧਿਆਣਾ ਵਿੱਚ 9 ਵਿਅਕਤੀਆਂ ਦੀ ਮੌਤ ਹੋਈ। ਇਸ ਤੋਂ ਇਲਾਵਾ ਸੰਗਰੂਰ, ਅੰਮ੍ਰਿਤਸਰ ਤੇ ਪਟਿਆਲਾ ਵਿੱਚ ਤਿੰਨ, ਤਰਨ ਤਾਰਨ-ਜਲੰਧਰ ਵਿੱਚ ਦੋ ਤੇ ਹੁਸ਼ਿਆਰਪੁਰ ਵਿੱਚ ਇੱਕ ਦੀ ਮੌਤ ਹੋਈ।
ਲੁਧਿਆਣਾ ਵਿੱਚ ਹੁਣ ਤੱਕ ਸਭ ਤੋਂ ਵੱਧ 73 ਮੌਤਾਂ ਹੋਈਆਂ ਹਨ, ਅੰਮ੍ਰਿਤਸਰ ਵਿੱਚ 71 ਤੇ ਜਲੰਧਰ ਵਿੱਚ 44 ਕੋਰੋਨਾਵਾਇਰਸ ਕਰਕੇ ਲੋਕ ਆਪਣੀ ਜਾਨ ਗੁਆ ਚੁੱਕੇ ਹਨ।
ਉਧਰ ਮੰਗਲਵਾਰ ਨੂੰ ਲੁਧਿਆਣਾ ‘ਚ ਸਭ ਤੋਂ ਜ਼ਿਆਦਾ 146, ਅੰਮ੍ਰਿਤਸਰ ‘ਚ 72, ਪਟਿਆਲਾ ‘ਚ 6, ਜਲੰਧਰ ਵਿਚ 62 ਤੇ ਬਠਿੰਡਾ ‘ਚ 41 ਲੋਕਾਂ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਈ। ਇਸ ਦੇ ਨਾਲ ਹੀ ਇੱਕ ਦਿਨ ‘ਚ ਠੀਕ ਹੋਣ ਵਾਲਿਆਂ ਦੀ ਗਿਣਤੀ ਵੀ 688 ਰਹੀ।