ਜਲੰਧਰ | ਪੰਜਾਬ ਦੇ ਖੇਡ ਮੰਤਰੀ ਪਰਗਟ ਸਿੰਘ ਨੇ ਅੱਜ ਕਿਹਾ ਕਿ ਖੇਡਾਂ ਨੂੰ ਵੱਡੇ ਪੱਧਰ ‘ਤੇ ਪ੍ਰਫੁੱਲਤ ਕਰਨ ਲਈ ਸੂਬਾ ਸਰਕਾਰ ਵੱਲੋਂ ਸਮੁੱਚੀਆਂ ਪ੍ਰਮੁੱਖ ਖੇਡਾਂ ਨਾਲ ਸਬੰਧਤ ਮੈਂਬਰਾਂ ਦੇ ਨਾਲ ਮਾਹਰ ਪੈਨਲ ਦਾ ਗਠਨ ਕੀਤਾ ਜਾਵੇਗਾ।
ਕੈਬਨਿਟ ਮੰਤਰੀ, ਜੋ ਅੱਜ ਇੱਥੇ ਜਲੰਧਰ ਹਾਈਟਸ ਪ੍ਰੀਮੀਅਰ ਲੀਗ ਦੇ ਫਾਈਨਲ ਮੈਚ ਦੌਰਾਨ ਪੁੱਜੇ ਸਨ, ਨੇ ਕਿਹਾ ਕਿ ਸਮੁੱਚੀਆਂ ਪ੍ਰਮੁੱਖ ਖੇਡਾਂ ਦੇ ਨਾਮਵਰ ਖਿਡਾਰੀ ਇਸ ਮਾਹਰ ਪੈਨਲ ਵਿੱਚ ਮੈਂਬਰ ਹੋਣਗੇ। ਉਨ੍ਹਾਂ ਕਿਹਾ ਕਿ ਖੇਡ ਗਤੀਵਿਧੀ ‘ਤੇ ਮਹੱਤਵਪੂਰਨ ਜਾਣਕਾਰੀ ਦੇਣ ਦੇ ਨਾਲ-ਨਾਲ ਇਹ ਮਾਹਰ ਪੈਨਲ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਮੁਕਾਬਲਿਆਂ ਲਈ ਖਿਡਾਰੀਆਂ ਨੂੰ ਤਿਆਰ ਕਰਨ ਲਈ ਸਹਾਇਕ ਵਜੋਂ ਵੀ ਕੰਮ ਕਰੇਗਾ। ਪਰਗਟ ਸਿੰਘ ਨੇ ਕਿਹਾ ਕਿ ਉਨ੍ਹਾਂ ਦਾ ਉਦੇਸ਼ ਪੰਜਾਬ ਨੂੰ ਦੇਸ਼ ਭਰ ਵਿੱਚ ਖੇਡਾਂ ਦੇ ਧੁਰੇ ਵਜੋਂ ਉਭਾਰਨਾ ਹੈ।
ਮੰਤਰੀ ਨੇ ਕਿਹਾ ਕਿ ਸਰਕਾਰ ਨੇ ਇਸ ਗਰੁੱਪ ਦਾ ਗਠਨ ਇਸ ਲਈ ਕੀਤਾ ਜਾਣਾ ਹੈ ਤਾਂ ਜੋ ਖੇਡਾਂ ਦੇ ਖੇਤਰ ਵਿੱਚ ਇਨ੍ਹਾਂ ਦੇ ਵਿਸ਼ਾਲ ਤਜ਼ਰਬੇ ਅਤੇ ਮੁਹਾਰਤ ਦਾ ਲਾਭ ਲਿਆ ਜਾ ਸਕੇ। ਉਨ੍ਹਾਂ ਅੱਗੇ ਕਿਹਾ ਕਿ ਇਕ ਮਹੱਤਵਪੂਰਨ ਬਦਲਾਅ ਤਹਿਤ ਵੱਡੇ ਸਟੇਡੀਅਮ ਬਣਾਉਣ ਦੀ ਬਜਾਏ ਛੋਟੇ ਕਸਬਿਆਂ ਵਿੱਚ ਅਤਿ ਆਧੁਨਿਕ ਕੋਚਿੰਗ ਸੈਂਟਰ ਸਥਾਪਤ ਕਰਨ ‘ਤੇ ਜ਼ੋਰ ਦਿੱਤਾ ਜਾ ਰਿਹਾ ਹੈ।
ਪਰਗਟ ਸਿੰਘ ਨੇ ਅੱਗੇ ਦੱਸਿਆ ਕਿ ਸਰਕਾਰ ਇੱਕ ਨੀਤੀ ਬਣਾਉਣ ਦੀ ਪ੍ਰਕਿਰਿਆ ਵਿੱਚ ਹੈ, ਜਿਸ ਅਧੀਨ ਖੇਡ ਕੋਟੇ ਤਹਿਤ ਭਰਤੀ ਕੀਤੇ ਗਏ ਖਿਡਾਰੀਆਂ ਦੀਆਂ ਸੇਵਾਵਾਂ ਵਿਭਾਗ ਵੱਲੋਂ ਲਈਆਂ ਜਾਣਗੀਆਂ।
ਕੈਬਨਿਟ ਮੰਤਰੀ ਨੇ ਕਿਹਾ ਕਿ ਖੇਡ ਵਿਭਾਗ ਵੱਲੋਂ ਸੂਬੇ ਦੇ ਪੰਜ ਲੱਖ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਦਾ ਟੀਚਾ ਮਿੱਥਿਆ ਗਿਆ ਹੈ। ਪਰਗਟ ਸਿੰਘ ਨੇ ਕਿਹਾ ਕਿ ਸੂਬੇ ਵਿੱਚ ਖੇਡਾਂ ਦਾ ਮਾਹੌਲ ਸਿਰਜਣ ਲਈ ਕਾਰਪੋਰੇਟ ਫਰਮਾਂ, ਪ੍ਰਾਈਵੇਟ ਕੰਪਨੀਆਂ ਅਤੇ ਪ੍ਰਵਾਸੀ ਭਾਰਤੀਆਂ ਨੂੰ ਨਾਲ ਜੋੜਿਆ ਜਾਵੇਗਾ। ਪਰਗਟ ਸਿੰਘ ਨੇ ਸੂਬੇ ਵਿੱਚ ਖੇਡਾਂ ਦਾ ਵਾਤਾਵਰਣ ਸਿਰਜਣ ਲਈ ਖਿਡਾਰੀਆਂ, ਯੂਥ ਕਲੱਬਾਂ ਅਤੇ ਹੋਰ ਭਾਗੀਦਾਰਾਂ ਨੂੰ ਹੰਭਲਾ ਮਾਰਨ ਦਾ ਸੱਦਾ ਦਿੱਤਾ।
ਇਸ ਦੌਰਾਨ ਐਨ.ਜੀ.ਓ. ਵਾਰੀਅਰਜ਼ ਗਰੁੱਪ ਦੇ ਪ੍ਰਧਾਨ ਵਰੁਣ ਕੋਹਲੀ ਨੇ ਦੱਸਿਆ ਕਿ ਇਹ ਟੂਰਨਾਮੈਂਟ ਉਨ੍ਹਾਂ ਵੱਲੋਂ ਹਰ ਸਾਲ ਕਰਵਾਇਆ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਲੀਗ ਆਧਾਰਤ ਕਰਵਾਏ ਗਏ ਇਸ ਟੂਰਨਾਮੈਂਟ ਵਿੱਚ ਇਸ ਸਾਲ ਚਾਰ ਟੀਮਾਂ ਵੱਲੋਂ ਭਾਗ ਲਿਆ ਗਿਆ । ਕੋਹਲੀ ਨੇ ਏ.ਜੀ.ਆਈ. ਇਨਫਰਾ ਦੇ ਸ਼੍ਰੀ ਸੁਖਦੇਵ ਸਿੰਘ ਦਾ ਸਮਾਗਮ ਦੇ ਸੁਚਾਰੂ ਸੰਚਾਲਨ ਲਈ ਐਨ.ਜੀ.ਓ.ਨੂੰ ਲੋੜੀਂਦੀ ਸਹਾਇਤਾ ਪ੍ਰਦਾਨ ਕਰਨ ਲਈ ਧੰਨਵਾਦ ਵੀ ਕੀਤਾ।
ਇਸ ਮੌਕੇ ਵਿਵੇਕ ਅਗਰਵਾਲ ਫਿਲਮਜ਼ ਐਕਟਿੰਗ ਇੰਸਟੀਚਿਊਟ ਤੋਂ ਸਿਖਲਾਈ ਪ੍ਰਾਪਤ ਵਿਦਿਆਰਥੀਆਂ ਨੇ ਸ਼ਾਨਦਾਰ ਪੇਸ਼ਕਾਰੀ ਵੀ ਦਿੱਤੀ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਕਮਾਂਡੈਂਟ ਆਈ.ਐਸ.ਟੀ.ਸੀ. ਕਪੂਰਥਲਾ ਸੰਦੀਪ ਸ਼ਰਮਾ, ਤੈਰਾਕੀ ਕੋਚ ਉਮੇਸ਼ ਸ਼ਰਮਾ ਅਤੇ ਰਜਿਸਟਰਾਰ ਐਨ.ਆਈ.ਟੀ. ਐਸ. ਕੇ. ਮਿਸ਼ਰਾ ਵੀ ਮੌਜੂਦ ਸਨ।
ਇਸ ਤੋਂ ਪਹਿਲਾਂ ਵਰੁਣ ਕੋਹਲੀ, ਰਜਿੰਦਰ ਰਾਜਾ, ਐਸ.ਕੇ ਮਿਸ਼ਰਾ, ਅੰਕੁਰ ਧੂਰੀਆ, ਨਿਤਿਨ ਪੁਰੀ, ਦਵਿੰਦਰ ਸੈਣੀ, ਅਨੁਦੀਪ ਬਜਾਜ, ਵਿਕਾਸ ਸ਼ਰਮਾ, ਅੰਕੁਰ ਸਹਿਗਲ, ਸੰਜੀਵ ਆਹੂਜਾ, ਕਮਲ ਸਹਿਗਲ, ਮਨਪ੍ਰੀਤ ਗਾਬਾ, ਸ਼ਮੀਲ ਮੈਨਨ, ਸੰਜੀਵ ਅਰੋੜਾ, ਬੌਬੀ ਰਤਨ, ਵਿਸ਼ਾਲ ਗੁੰਬਰ, ਕਰਨਲ (ਸੇਵਾਮੁਕਤ) ਅਜੈ ਟਿੱਕਰ, ਤਜਿੰਦਰ ਸਿੰਘ ਡਿੰਪੀ, ਵਿਵੇਕ ਸਾਂਬਾ ਅਤੇ ਹੋਰਾਂ ਦੀ ਅਗਵਾਈ ਵਾਲੀ ਵਾਰੀਅਰ ਗਰੁੱਪਜ਼ ਦੀ ਪ੍ਰਬੰਧਕੀ ਕਮੇਟੀ ਵੱਲੋਂ ਪਤਵੰਤਿਆਂ ਦਾ ਸਵਾਗਤ ਕੀਤਾ ਗਿਆ।
ਹਾਕੀ ਓਲੰਪੀਅਨ ਖੇਡ ਮੰਤਰੀ ਪਰਗਟ ਸਿੰਘ ਕ੍ਰਿਕਟ ਦੇ ਵੀ ਸ਼ੌਕੀਨ, ਵੇਖੋ ਕਿਵੇਂ ਲਾਏ ਸ਼ਾਟ
ਖਬਰਾਂ ਦੇ ਅਪਡੇਟ ਸਿੱਧਾ ਤੁਹਾਡੇ ਮੋਬਾਇਲ ‘ਤੇ
- ਪੂਰੇ ਪੰਜਾਬ ਦੀਆਂ ਖਬਰਾਂ ਲਈ ਟੈਲੀਗ੍ਰਾਮ ਐਪ ਉਤੇ Punjabi Bulletin ਚੈਨਲ ਨਾਲ ਜੁੜੋ https://t.me/punjabibulletin
- ਪੰਜਾਬੀ ਬੁਲੇਟਿਨ ਦੇ ਵਟਸਐਪ ਗਰੁੱਪ ਨਾਲ ਜੁੜੋ
- ਜਲੰਧਰ ਦੀਆਂ ਖਬਰਾਂ ਮੰਗਵਾਉਣ ਲਈ ਟੈਲੀਗ੍ਰਾਮ ਐਪ ਉਤੇ Jalandhar Bulletin ਚੈਨਲ ਨਾਲ ਜੁੜੋ https://t.me/Jalandharbulletin
- ਜਲੰਧਰ ਬੁਲੇਟਿਨ ਦੇ ਵਟਸਐਪ ਗਰੁੱਪ ਨਾਲ ਜੁੜੋ