ਪੰਜਾਬ ਦੀਆਂ ਜਥੇਬੰਦੀਆਂ ਨੇ ਘਰਾਂ ਦੀਆਂ ਛੱਤਾਂ ‘ਤੇ ਚੜ ਕੇ ਕੇਂਦਰ ਤੇ ਸੂਬਾ ਸਰਕਾਰ ਖਿਲਾਫ਼ ਪ੍ਰਗਟਾਇਆ ਰੋਸ

0
900

ਚੰਡੀਗੜ੍ਹ . 16 ਜਨਤਕ ਜਥੇਬੰਦੀਆਂ ਵੱਲੋਂ ਕਣਕ ਦੀ ਖਰੀਦ , ਰਾਸ਼ਨ ਦੀ ਵੰਡ , ਕੋਰੋਨਾ ਤੋਂ ਬਚਾਓ, ਹੋਰਨਾ ਰੋਗੀਆਂ ਦਾ ਇਲਾਜ ਕਰਨ ਤੇ ਮੈਡੀਕਲ ਸਟਾਫ਼ ਨੂੰ ਬਚਾਓ ਕਿੱਟਾਂ ਦੇਣ ਆਦਿ ਮਾਮਲਿਆਂ ‘ਚ ਕੇਂਦਰ ਤੇ ਸੂਬਾਈ ਸਰਕਾਰ ਦੇ ਨਕਾਮ ਰਹਿਣ ਤੇ ਜਮਹੂਰੀ ਹੱਕਾਂ ਦੇ ਕਾਰਕੁੰਨਾਂ ਨੂੰ ਨਿਸ਼ਾਨਾ ਬਣਾਉਣ ਦੇ ਰੋਸ ਵਜੋਂ ਕੋਠਿਆਂ ਉੱਤੇ ਚੜ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਵੱਖ-ਵੱਖ ਥਾਂਵਾਂ ਉੱਤੇ ਹੋਏ ਇਹਨਾਂ ਰੋਸ ਪ੍ਰਦਰਸ਼ਨਾਂ ਪੰਜਾਬ ਸਟੂਡੈਂਟਸ ਯੂਨੀਅਨ (ਸ਼ਹੀਦ ਰੰਧਾਵਾ) ਵੱਲੋਂ ਸਰਗਰਮ ਸ਼ਮੂਲੀਅਤ ਕੀਤੀ ਗਈ। ਯੂਨੀਅਨ ਦੇ ਆਗੂ ਰਮਨ ਕਾਲਾਝਾੜ ਨੇ ਦੱਸਿਆ ਕਿ ਇਹਨਾਂ ਪ੍ਰਦਰਸ਼ਨਾਂ ਦੌਰਾਨ ਮੰਗਾਂ ਉਭਾਰੀਆਂ ਗਈਆਂ ਕਿ ਕਿਸਾਨਾਂ ਦੇ ਘਰਾਂ ‘ਚੋਂ ਹੀ ਕਣਕ ਦੀ ਖਰੀਦ ਨੂੰ ਯਕੀਨੀ ਬਣਾ ਕੇ 48 ਘੰਟਿਆਂ ‘ਚ ਅਦਾਇਗੀ ਕੀਤੀ ਜਾਵੇ, ਸਭਨਾਂ ਲੋੜਵੰਦਾਂ ਨੂੰ ਪੂਰਾ ਰਾਸ਼ਨ ਤੇ ਜ਼ਰੂਰੀ ਵਰਤੋਂ ਦੀਆਂ ਵਸਤਾਂ ਮੁਫ਼ਤ ਮੁਹੱਈਆਂ ਕਰਾਈਆਂ ਜਾਣ, ਕੋਰੋਨਾ ਤੋਂ ਬਚਾਓ ਲਈ ਵੱਡੇ ਪੱਧਰ ਉੱਤੇ ਟੈਸਟ ਕੀਤੇ ਜਾਣ, ਮੈਡੀਕਲ ਸਟਾਫ਼ ਨੂੰ ਕੋਰੋਨਾ ਟੈਸਟ ਕਰਨ ਲਈ ਕਿੱਟਾਂ ਦਿੱਤੀਆਂ ਜਾਣ।
ਸਾਰੇ ਪ੍ਰਾਈਵੇਟ ਹਸਪਤਾਲਾਂ ਨੂੰ ਸਰਕਾਰੀ ਹੱਥਾਂ ‘ਚ ਲੈ ਕੇ ਸਿਹਤ ਵਿਭਾਗ ਸਮੇਤ ਸਾਰੇ ਵਿਭਾਗਾਂ ਦੇ ਠੇਕਾ ਮੁਲਾਜ਼ਮ ਪੱਕੇ ਕੀਤੇ ਜਾਣ, ਲੋਕ ਵਲੰਟੀਅਰਾਂ ਦੀ ਅਥਾਹ ਸ਼ਕਤੀ ਨੂੰ ਸੇਵਾ ਸੰਭਾਲ ਲਈ ਹਰਕਤ ਵਿੱਚ ਲਿਆਕੇ ਪਾਸ ਜਾਰੀ ਕੀਤੇ ਜਾਣ, ਪੁਲਿਸ ਸਖਤੀ ਉੱਤੇ ਸਰਕਾਰੀ ਬੇਰੁੱਖੀ ਨੂੰ ਨੱਥ ਪਾਈ ਜਾਵੇ, ਮੁਲਾਜ਼ਮਾਂ ਦੀ ਤਨਖਾਹ ਕਟੌਤੀ ਰੱਦ ਕੀਤੀ ਜਾਵੇ, ਸਨਅਤੀ ਤੇ ਠੇਕਾ ਕਾਮਿਆਂ ਨੂੰ ਲਾਕਡਾਊਨ ਦੇ ਸਮੇਂ ਦੀ ਪੂਰੀ ਤਨਖਾਹ ਦੇਣ ਤੇ ਛਾਂਟੀ ਨਾ ਕਰਨ ਦਾ ਫੈਸਲਾ ਲਾਗੂ ਕੀਤਾ ਜਾਵੇ, ਸਾਰੇ ਕਿਰਤੀਆਂ ਦੇ ਹੋਏ ਨੁਕਸਾਨ ਦੀ ਭਰਾਈ ਕੀਤੀ ਜਾਵੇ, ਫਿਰਕੂ ਫਾਸ਼ੀ ਹਮਲੇ ਬੰਦ ਕਰਕੇ  ਜਮਹੂਰੀ ਹੱਕਾਂ ਦੇ ਕਾਰਕੁੰਨ ਰਿਹਾਅ ਕੀਤੇ ਜਾਣ, ਵੱਡੇ ਉਦਯੋਗਪਤੀਆਂ ਤੇ ਭੂੰਮੀਪਤੀਆਂ ਤੇ ਮੋਟਾ ਟੈਕਸ ਲਾਇਆ ਜਾਵੇ ਅਤੇ ਖਜ਼ਾਨੇ ਦਾ ਮੂੰਹ ਲੋਕ ਸਮੱਸਿਆਵਾਂ ਦੇ ਹੱਲ ਲਈ ਖੋਲ੍ਹ ਕੇ ਹਥਿਆਰ ਖਰੀਦਣ ਦੇ ਸੌਦੇ ਰੱਦ ਕੀਤੇ ਜਾਣ।