ਹੁਸ਼ਿਆਰਪੁਰ | ਨਿੱਕੀ ਉਮਰੇ ਵੱਡੀਆਂ ਪੁਲਾਂਘਾ ਪੁੱਟਣ ਵਾਲਿਆਂ ਵਿਚ ਸ਼ੁਮਾਰ ਹੁੰਦਿਆਂ ਕਸਬਾ ਭੰਗਾਲਾ ਦੀ ਇਕ ਸਾਲ 9 ਮਹੀਨਿਆਂ ਦੀ ਬੱਚੀ ਆਰੋਹੀ ਮਹਾਜਨ ਨੇ ਆਪਣੀ ਵਿਲੱਖਣ ਪ੍ਰਾਪਤੀ ਸਦਕਾ ਨਾ ਸਿਰਫ ਜ਼ਿਲ੍ਹਾ ਹੁਸ਼ਿਆਰਪੁਰ ਸਗੋਂ ਪੰਜਾਬ ਦਾ ਮਾਣ ਵਧਾਉਂਦਿਆਂ ਆਪਣਾ ਨਾਂ ਇੰਡੀਆ ਬੁੱਕ ਆਫ਼ ਰਿਕਾਰਡਜ਼ ਵਿਚ ਦਰਜ ਕਰਵਾ ਲਿਆ ਹੈ।
ਆਰੋਹੀ ਮਹਾਜਨ ਨੂੰ ਇੰਡੀਆ ਬੁੱਕ ਆਫ਼ ਰਿਕਾਰਡਜ਼ ਸੰਸਥਾ ਵਲੋਂ ਇਕ ਸਾਲ 7 ਮਹੀਨੇ ਦੀ ਉਮਰ ਵਿੱਚ ਸਬਜੀਆਂ, ਫ਼ਲਾਂ, ਸਰੀਰ ਦੇ ਅੰਗਾਂ, ਮਿਊਜ਼ਿਕ ਇੰਸਟਰੂਮੈਂਟਸ, ਪਸ਼ੂਆਂ ਦੇ ਨਾਂ ਬਹੁਤ ਸੁਚੱਜੇ ਢੰਗ ਨਾਲ ਦੱਸਣ ਤੋਂ ਇਲਾਵਾ ਡਾਂਸ ਦੀ ਵਧੀਆ ਪੇਸ਼ਕਾਰੀ, 4 ਜਾਨਵਰਾਂ ਦੀਆਂ ਅਵਾਜ਼ਾਂ ਕੱਢਣ ਦੇ ਨਾਲ-ਨਾਲ ਅੰਗਰੇਜ਼ੀ ਦੇ ਅੱਖਰਾਂ ਨੂੰ ਸਹਿਜੇ ਹੀ ਬੋਲਣ ’ਤੇ ਪ੍ਰਸ਼ੰਸਾ ਪੱਤਰ, ਮੈਡਲ, ਬੈਜ, ਪੈਨ ਅਤੇ ਪ੍ਰਸ਼ੰਸਾ ਪੱਤਰ ਵਾਲਾ ਕਾਰਡ ਦੇ ਕੇ ਸਨਮਾਨਿਤ ਕੀਤਾ ਗਿਆ।
ਆਰੋਹੀ ਦੀ ਇਸ ਪ੍ਰਾਪਤੀ ’ਤੇ ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨੇ ਪਰਿਵਾਰ ਨੂੰ ਮੁਬਾਰਕਵਾਦ ਦਿੰਦਿਆਂ ਕਿਹਾ ਕਿ ਛੋਟੀ ਜਿਹੀ ਉਮਰ ਵਿਚ ਇੰਡੀਆ ਬੁੱਕ ਆਫ਼ ਰਿਕਾਰਡਜ਼ ਵਿਚ ਨਾਂ ਦਰਜ ਕਰਵਾਉਣਾ ਵੱਡੀ ਪ੍ਰਾਪਤੀ ਹੈ। ਉਨ੍ਹਾਂ ਕਿਹਾ ਕਿ ਸੰਸਥਾ ਦੇ ਸਲੋਗਨ ‘ਵਿਲੱਖਣ ਪ੍ਰਾਪਤੀ ਵਿਲੱਖਣ ਲੋਕ’ ਤਹਿਤ ਆਰੋਹੀ ਨੇ ਛੋਟੀ ਜਿਹੀ ਉਮਰ ਵਿਚ ਨਿਵੇਕਲੀ ਪੇਸ਼ਕਾਰੀ ਨਾਲ ਨਾਮਣਾ ਖੱਟਦਿਆਂ ਆਪਣੇ ਮਾਪਿਆਂ, ਜ਼ਿਲ੍ਹੇ ਅਤੇ ਸੂਬੇ ਦਾ ਮਾਣ ਵਧਾਇਆ ਹੈ। ਅਪਨੀਤ ਰਿਆਤ ਨੇ ਆਰੋਹੀ ਨੂੰ ਨਾਲ ਲੈ ਕੇ ਉਨ੍ਹਾਂ ਦੇ ਦਫ਼ਤਰ ਪਹੁੰਚੇ ਪਿਤਾ ਵਿਵੇਕ ਮਹਾਜਨ, ਮਾਤਾ ਮਿਨਾਕਸ਼ੀ ਮਹਾਜਨ ਅਤੇ ਦਾਦੀ ਰਾਧਾ ਗੁਪਤਾ ਨੂੰ ਆਰੋਹੀ ਦੀ ਪ੍ਰਾਪਤੀ ਲਈ ਵਧਾਈਆਂ ਦਿੰਦਿਆਂ ਕਾਮਨਾ ਕੀਤੀ ਕਿ ਉਹ ਭਵਿੱਖ ਵਿਚ ਵੀ ਕਾਮਯਾਬੀ ਦੀਆਂ ਸਿਖਰਾਂ ਛੋਹੇ।
ਸੰਗੀਤ ਵਿਚ ਦਿੱਲੀ ਯੂਨੀਵਰਸਿਟੀ ਤੋਂ ਐਮ ਫਿਲ ਪੀ. ਐਚ. ਡੀ. ਦੀ ਡਿਗਰੀ ਹਾਸਲ ਕਰਨ ਵਾਲੇ ਗਾਇਕ ਵਿਵੇਕ ਮਹਾਜਨ ਨੇ ਦੱਸਿਆ ਕਿ ਉਹ ਲੰਮੇ ਸਮੇਂ ਤੋਂ ਮਿਆਰੀ ਸੰਗੀਤ ਨਾਲ ਜੁੜੇ ਹੋਏ ਹਨ ਤੇ ਉਨ੍ਹਾਂ ਦੀ ਬੇਟੀ ਆਰੋਹੀ ਦਾ ਹੁਣ ਤੋਂ ਹੀ ਸੰਗੀਤ ਪ੍ਰਤੀ ਵਿਸ਼ੇਸ਼ ਲਗਾਅ ਹੈ। ਉਨ੍ਹਾਂ ਦੱਸਿਆ ਕਿ ਪਰਿਵਾਰ ਵਲੋਂ ਆਰੋਹੀ ਨੂੰ ਦਿੱਤੀ ਟਰੇਨਿੰਗ ਉਪਰੰਤ ਪਹਿਲਾਂ ਵੀ ਦੋ ਵਾਰ ਇੰਡੀਆ ਬੁੱਕ ਆਫ਼ ਰਿਕਾਰਡਜ਼ ਲਈ ਕੋਸ਼ਿਸ਼ ਕੀਤੀ ਗਈ ਸੀ ਜੋ ਕਿ ਸਫ਼ਲ ਨਹੀਂ ਹੋ ਸਕੀ। ਉਨ੍ਹਾਂ ਦੱਸਿਆ ਕਿ ਹੁਣ 22 ਮਈ ਨੂੰ ਰਜਿਸਟਰੇਸ਼ਨ ਉਪਰੰਤ 2 ਜੂਨ ਨੂੰ ਆਰੋਹੀ ਦੀ ਨਾਮਜ਼ਦਗੀ ਪ੍ਰਵਾਨ ਕਰ ਲਈ ਗਈ। ਉਨ੍ਹਾਂ ਦੱਸਿਆ ਕਿ ਕੋਵਿਡ ਮਹਾਮਾਰੀ ਕਾਰਨ ਸੰਸਥਾ ਵਲੋਂ ਪ੍ਰਸ਼ੰਸਾ ਪੱਤਰ ਆਦਿ 22 ਜੂਨ ਨੂੰ ਉਨ੍ਹਾਂ ਦੀ ਰਿਹਾਇਸ਼ ਵਿਖੇ ਭੇਜਿਆ ਗਿਆ। ਉਨ੍ਹਾਂ ਦੱਸਿਆ ਕਿ ਪਰਿਵਾਰ ਵਲੋਂ ਆਰੋਹੀ ਨੂੰ ਭਵਿੱਖ ਵਿਚ ਵੀ ਨਵੀਂਆਂ ਪੁਲਾਂਘਾ ਪੁੱਟਣ ਲਈ ਉਤਸ਼ਾਹਿਤ ਕੀਤਾ ਜਾਵੇਗਾ।
(ਨੋਟ – ਪੰਜਾਬ ਦੀਆਂ ਜ਼ਰੂਰੀ ਖਬਰਾਂ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋ ਟੈਲੀਗ੍ਰਾਮ ‘ਤੇ ਵੀ ਪੰਜਾਬੀ ਬੁਲੇਟਿਨ ਚੈਨਲ ਨਾਲ ਜੁੜਿਆ ਜਾ ਸਕਦਾ ਹੈ https://t.me/punjabibulletin)