ਮੇਰੀ ਡਾਇਰੀ ਦੇ ਪੰਨੇ – ਸਿੱਖਿਆ ਬੋਰਡ ਦੀ ਪ੍ਰਾਪਤੀ ਡਾ ਯੋਗਰਾਜ

0
30243

ਨਿੰਦਰ ਘੁਗਿਆਣਵੀ

ਪਟਿਆਲੇ ਯੂਨੀਵਰਸਿਟੀ ਵਾਲੇ ਪ੍ਰੋ ਯੋਗਰਾਜ ਜੀ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਚੇਅਰਮੈਨ ਵਜੋਂ ਵੱਕਾਰੀ ਅਹੁਦਾ ਸੰਭਾਲਿਆ ਹੈ। ਪੰਜਾਬ ਦੇ ਵਿਦਵਾਨ ਤੇ ਬੁੱਧੀਜੀਵੀ ਦਿਲੋਂ ਪ੍ਰਸੰਨ ਹੋਏ ਹਨ ਤੇ ਜੀਹਨੇ ਕਿਸੇ ਨੇ ਮੱਚਣਾ-ਭੁੱਜਣਾ ਸੀ,ਉਹ ਵੀ ਅੰਦਰੋਂ ਅੰਦਰੀਂ ਮੱਚੇ-ਭੁੱਜੇ ਹਨ ਪਰ ਇਹੋ ਜਿਹਿਆਂ ਦੀ ਗਿਣਤੀ ਥੋਹੜੀ ਹੈ ਤੇ ਡਾ ਯੋਗਰਾਜ ਨੂੰ ਪਿਆਰਨ ਸਤਿਕਾਰਨ ਵਾਲਿਆਂ ਦੀ ਗਿਣਤੀ ਵਾਧੂ ਹੈ। ਮੈਂ ਵਧਾਈ ਦੇਣ ਵਿਚ ਪਛੜ ਗਿਆ। ਸੋਚਿਆ ਕਿ ਜਦ ਹੋਰ ਲੋਕ ਵਧਾਈਆਂ ਦੇ ਹਟੇ, ਤਾਂ ਫਿਰ ਚਾਰ ਸ਼ਬਦ ਲਿਖਾਂਗਾ।

ਡਾ ਯੋਗਰਾਜ ਮੈਨੂੰ ਪਟਿਆਲੇ ਯੂਨੀਵਰਸਿਟੀ ਦੇ ਸਮਾਗਮਾਂ,ਸੈਮੀਨਾਰਾਂ ਤੇ ਆਮ ਤੌਰ ਉੱਤੇ ਵੀ ਮਿਲ ਪੈਂਦੇ। ਬਾਅਦ ਵਿਚ ਜਦ ਇੱਕ ਦਿਨ ਉਨ੍ਹਾਂ ਦੱਸਿਆ ਕਿ ਆਪਾਂ ਤਾਂ ਗੁਆਂਢੀ ਪਿੰਡਾਂ ਦੇ ਆਂ। ਖੁਸ਼ੀ ਹੋਈ ਸੀ ਸੁਣਕੇ ਤੇ ਇਹ ਵੀ ਅਹਿਸਾਸ ਹੋ ਗਿਆ ਸੀ ਕਿ ਉਹ ਇਸੇ ਕਾਰਨ ਵੀ ਮੇਰੇ ਨਾਲ ਹਿਤ ਕਰਦੇ ਨੇ ਤੇ ਮੋਹ ਦਿੰਦੇ ਹਨ। ਉਹਨੀਂ ਦਿਨੀਂ ਉਹ ਪੰਜਾਬੀ ਵਿਕਾਸ ਵਿਭਾਗ ਵਿਚ ਕਾਰਜਸ਼ੀਲ ਸਨ,(ਬਾਅਦ ਵਿਚ ਤਾਂ ਇਸ ਵਿਭਾਗ ਦੇ ਮੁਖੀ ਵੀ ਰਹੇ) ਵਿਭਾਗ ਮੇਰੀ ਇਕ ਕਿਤਾਬ ਪ੍ਰਕਾਸ਼ਿਤ ਕਰ ਰਿਹਾ ਸੀ ਤੇ ਵਿਭਾਗ ਦੀ ਇਕ ਪਰੋਫੈਸਰਨੀ ‘ਖਾਹ ਮਖਾਹ’ ਅੜਿੱਕਾ ਡਾਹ ਰਹੀ ਸੀ। ਜਦ ਯੋਗਰਾਜ ਜੀ ਨੂੰ ਪਤਾ ਲੱਗਿਆ ਤਾਂ ਉਨਾ ‘ਖਰੀਆਂ ਖਰੀਆਂ’ ਸੁਣਾ ਕੇ ਠੰਡੀ ਕਰ ਦਿੱਤੀ। ਖਰੀਆਂ ਖਰੀਆਂ ਸੁਣਾਉਣ ਤੋ ਚੇਤਾ ਆਇਆ ਹੈ, ਹਾਲੇ ਸਾਲ ਡੇਢ ਸਾਲ ਦੀ ਹੀ ਗੱਲ ਹੈ। ਪੰਜਾਬੀ ਭਾਸ਼ਾ ਦੇ ਮੁੱਦੇ ਉਤੇ ਇਕ ਸਰਕਾਰੀ ਮੀਟਿੰਗ ਸੀ ਤੇ ਉਸ ਵਿਚ ਡਾ ਯੋਗਰਾਜ ਵੀ ਹਾਜ਼ਰ ਸੀ। ਬਾਦਲ ਸਾਹਬ ਦੇ ਪ੍ਰਿੰਸੀਪਲ ਸੈਕਟਰੀ ਰਹੇ ਐਸ ਕੇ ਸੰਧੂ (ਆਈ ਏ ਐਸ) ਵੀ ਭਾਸ਼ਾ ਸਕੱਤਰ ਵਜੋਂ ਬੈਠੇ ਹੋਏ ਸਨ। ਉਨਾ ਕਿਹਾ ਕਿ ਪੰਜਾਬੀ ਬੋਲੀ ਲਈ ‘ਆਹ ਕਰਨਾ ਚਾਹੀਦਾ,ਅਹੁ ਕਰਨਾ ਚਾਹੀਦਾ।’ ਯੋਗਰਾਜ ਤੋਂ ਰਿਹਾ ਨਾ ਗਿਆ,ਉਸ ਬੜੀ ਦਲੇਰੀ ਨਾਲ ਆਖਿਆ ਕਿ ਜਦ ਆਪ ਜੀ ਬਾਦਲ ਸਾਹਬ ਮੁੱਖ ਮੰਤਰੀ ਨਾਲ ਵੱਡੇ ਅਹੁਦੇ ਉਤੇ ਤਾਇਨਾਤ ਸੀ,ਉਦੋਂ ਆਪ ਨੂੰ ਇਹ ਗੱਲਾਂ ਚੇਤੇ ਕਿਓਂ ਨਾ ਆਈਆਂ? ਅੱਜ ਕਿਉਂ ਆਈਆਂ? ਇਸਦਾ ਮਤਲਬ ਕਿ ਤੁਸੀਨ ਲੋਕ ਅਹੁਦਿਆਂ ਉਤੇ ਹੁੰਦੇ ਹੋਏ ਭੁਲ ਜਾਂਦੇ ਓ ਤੇ ਬਾਅਦ ਵਿਚ ਹੀ ਗੱਲਾਂ ਚੇਤੇ ਆਉਂਦੀਆਂ ਨੇ? ਉਸਦੀ ਇਸ ਮੂੰਹ ‘ਤੇ ਕਹਿਣੀ ਤੇ ਕਰਨੀ ਦੀ ਚਰਚਾ ਵਿਦਵਾਨਾਂ ਤੇ ਅਫਸਰੀ ਖੇਮਿਆਂ ਵਿਚ ਖਾਸੀ ਹੁੰਦੀ ਰਹੀ ਸੀ। ਸਾਡੇ ਵਿਦਵਾਨ ਆਮ ਤੌਰ ਉਤੇ ਵੱਡੇ ਅਹੁਦਿਆਂ ਉਤੇ ਬਹਿਕੇ ‘ਮੀਸਕ ਮੀਣੇ’ ਬਣ ਜਾਂਦੇ ਨੇ ਪਰ ਯੋਗਰਾਜ ਗੜ੍ਹਕਦਾ ਹੈ। ਖੜਕਦਾ ਹੈ। ਗਲਤ ਗੱਲ ਹੁੰਦੀ ਜਾਂ ਭੈੜਾ ਫੈਸਲਾ ਹੁੰਦਾ ਹੈ, ਕਦੇ ਵੀ,ਕਿਤੇ ਵੀ ਉਹਦੇ ਜਰਿਆ ਨਹੀਂ ਜਾਂਦਾ। (ਸਕੂਲ ਸਿੱਖਿਆ ਵਿਚ ਸੁਧਾਰਾਂ ਵਾਸਤੇ ਉਹ ਜੁਟ ਗਏ ਨੇ ਤੇ ਹੁਣ ਚੰਗੇ ਦਿਨ ਆਵਣਗੇ ਬੋਰਡ ਉਤੇ)।

ਡਾ ਯੋਗਰਾਜ ਵੱਲੋਂ ਕੀਤੀ ਸਾਹਿਤ ਸਮੀਖਿਆ ਤੇ ਕੁਝ ਪੁਸਤਕਾਂ ਬਾਰੇ ਵੀ ਇੱਥੇ ਚਰਚਾ ਕਰਨੀ ਬਣਦੀ ਹੈ। ਉਨ੍ਹਾਂ ਭਾਈ ਵੀਰ ਸਿੰਘ ਦੀ ਸਮੁੱਚੀ ਕਵਿਤਾ ਸੰਪਾਦਿਤ ਕਰ ਕੇ ਵੱਡਾ ਕੰਮ ਕੀਤਾ। ‘ਚੇਤਨਾ ਦਾ ਉਕਾਬ-ਭਰਥਰੀ’ ਵੀ ਲਾਮਿਸਾਲ ਕਾਰਜ ਹੈ, ਜੋ ਉਹ ਕਈ ਸਾਲ ਨਿਠ ਕੇ ਕਰਦੇ ਰਹੇ ਤੇ ਫਿਰ ਪ੍ਰਕਾਸ਼ਿਤ ਕਰਵਾਇਆ। ਡਾ ਰਵੀ ਦੀਆਂ ਲਿਖਤਾਂ ਦਾ ਸੰਪਾਦਨ ਕੀਤਾ। ‘ਗੁਲਜ਼ਾਰ ਸੰਧੂ ਦਾ ਕਥਾ ਜਗਤ’ ਕਿਤਾਬ ਨੇ ਸੰਧੂ ਦੀ ਕਹਾਣੀ ਕਲਾ ਨਾਲ ਪੂਰਾ ਪੂਰਾ ਨਿਆਂ ਕੀਤਾ ਹੈ। ਅਨੁਵਾਦ ਕਾਰਜ ਵਿਚ ਹਰੀਸ਼ ਢਿੱਲੋਂ ਦੀਆਂ ਕਹਾਣੀਆਂ ਦਾ ਅੰਗਰੇਜ਼ੀ ਅਨੁਵਾਦ ਕਰਨਾ ਮਿਹਨਤ ਵਾਲਾ ਕਾਰਜ ਸੀ। ‘ਸ਼ਹਾਦਤ ਤੇ ਹੋਰ’ ਬਲਰਾਮ ਦੇ ਨਾਟਕ ਸੰਪਾਦਤ ਕੀਤੇ। ‘ਰਵਿੰਦਰ ਰਵੀ ਦਾ ਸਮੀਖਿਆ ਸਾਸ਼ਤਰ’ ਕਿਤਾਬ ਆਪਣੇ ਆਪ ਵਿਚ ਮਹੱਤਵਪੂਰਨ ਹੈ। ਪੰਜਾਬੀ ਵਿਕਾਸ ਵਿਭਾਗ ਦੇ ਮੁਖੀ ਹੁੰਦਿਆਂ ਲਗਪਗ ਤੀਹ ਕਿਤਾਬਾਂ ਦਾ ਸੰਪਾਦਨ ਕੀਤਾ। ਸਿੱਖਿਆ ਬੋਰਡ ਦੇ ਚੇਅਰਮੈਨ ਬਣਨ ਤੋਂ ਪਹਿਲਾਂ ਡਾ ਯੋਗਰਾਜ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚ ਪ੍ਰੋਫ਼ੈਸਰ, ਪੰਜਾਬੀ ਵਿਕਾਸ ਵਿਭਾਗ ਦੇ ਮੁਖੀ ਤੇ ਰਜਿਸਟਰਾਰ ਵਜੋਂ ਕੰਮ ਕਰ ਰਹੇ ਸਨ, ਨਾਲ ਹੀ ਉਹ ਡੀਨ ਕਾਲਜ ਵਿਕਾਸ ਪਰਿਸ਼ਦ, ਪੰਜਾਬੀ ਯੂਨੀਵਰਸਿਟੀ ਪਟਿਆਲਾ ਦਾ ਅਹਿਮ ਅਹੁਦਾ ਵੀ ਸੰਭਾਲ ਰਹੇ ਸਨ। ਉਨ੍ਹਾਂ ਨੇ ਐਮਏ ਹਿੰਦੀ, ਐਮਏ ਪੰਜਾਬੀ (ਆਨਰਜ਼), ਮਾਸਟਰ ਇਨ ਜਰਨਲਿਜ਼ਮ ਐਂਡ ਮਾਸ ਕਮਿਊਨੀਕੇਸ਼ਨਜ਼ ਅਤੇ ਪੀ ਐਚ ਡੀ (ਪੰਜਾਬੀ) ਕੀਤੀ ਹੋਈ ਹੈ। ਡਾ ਯੋਗਰਾਜ ਕੋਲ ਲਗਭਗ 28 ਸਾਲਾਂ ਦਾ ਵਿਸ਼ਾਲ ਸਿੱਖਿਆ ਅਤੇ ਖੋਜ ਅਨੁਭਵ ਹੈ। ਉਹ ਯੂਨੀਵਰਸਿਟੀ ਦੀਆਂ ਵੱਖ-ਵੱਖ ਮਹੱਤਵਪੂਰਨ ਪ੍ਰਸ਼ਾਸ਼ਕੀ ਅਸਾਮੀਆਂ ਜਿਵੇਂ ਡਾਇਰੈਕਟਰ ਮਨੁੱਖੀ ਸਰੋਤ ਵਿਕਾਸ ਪਰਿਸ਼ਦ, ਵਧੀਕ ਡੀਨ ਕਾਲਜ ਵਿਕਾਸ ਪਰਿਸ਼ਦ, ਡਾਇਰੈਕਟਰ ਯੋਜਨਾਬੰਦੀ ਅਤੇ ਨਿਗਰਾਨੀ,ਸਿੰਡੀਕੇਟ ਮੈਂਬਰ, ਸੈਨੇਟ ਮੈਂਬਰ, ਵਿੱਤ ਕਮੇਟੀ ਮੈਂਬਰ, ਨੋਡਲ ਅਫ਼ਸਰ ਵਿਦਿਆਰਥੀ ਸ਼ਿਕਾਇਤ ਸੈੱਲ, ਮੈਂਬਰ ਸ਼ਿਕਾਇਤ ਐਡਰੈੱਸਲ ਸੈੱਲ, ਮੈਂਬਰ ਭਾਸ਼ਾਵਾਂ ਦੀ ਫੈਕਲਟੀ, ਮੈਂਬਰ ਅਕਾਦਮਿਕ ਕੌਂਸਲ ਉੱਪਰ ਬਿਰਾਜਮਾਨ ਰਹਿ ਚੁੱਕੇ ਹਨ । ਇਨ੍ਹਾਂ ਪ੍ਰਸ਼ਾਸ਼ਕੀ ਅਸਾਮੀਆਂ ਅੰਤਰਗਤ ਉਨ੍ਹਾਂ ਦੇ ਇਹ ਵਿਸ਼ੇਸ਼ ਕਾਰਜਾਂ ਵਿੱਚ ਕੋਆਰਡੀਨੇਟਰ ਭਾਈ ਕਾਨ੍ਹ ਸਿੰਘ ਨਾਭਾ ਰਚਿਤ ‘ਗੁਰਸ਼ਬਦ ਮਹਾਂਕੋਸ਼’ ਤੇ ਸੰਪਾਦਕ ਪੰਜਾਬੀ ਯੂਨੀਵਰਸਿਟੀ ਸਲਾਨਾ ਰਿਪੋਰਟ 2017, ਸੰਪਾਦਕ ਪੰਜਾਬੀ ਯੂਨੀਵਰਸਿਟੀ ਸੰਦੇਸ਼ ਪੱਤਰ, ਆਦਿ ਹਨ। ਉਹਨਾਂ ਨੇ ਬਹੁਤ ਸਾਰੇ ਮਹੱਤਵਪੂਰਣ ਅਨੁਵਾਦ ਪ੍ਰਾਜੈਕਟ ਜਿਵੇਂ ਕਿ ‘ਮਹਾਂਭਾਰਤ’ (ਪੰਜਾਬੀ ਭਾਸ਼ਾ), ‘ਬਾਲ ਵਿਸ਼ਵ ਪ੍ਰੋਗਰਾਮ'(ਸਮਾਜਿਕ ਅੰਤਿਮ ਨਾਮ ਨਿਗਰਾਨੀ) ਅਤੇ ਹੋਰ ਪਰੋਜੈਕਟਾਂ ਉੱਤੇ ਕੰਮ ਕੀਤਾ ਹੈ। ਉਹ ਵੱਖ-ਵੱਖ ਕਾਲਜ ਪ੍ਰਿੰਸੀਪਲ ਚੋਣ ਕਮੇਟੀਆਂ,ਵੱਖ-ਵੱਖ ਕਾਲਜ ਨਿਰੀਖਣ ਕਮੇਟੀਆਂ,ਵੱਖ ਵੱਖ ਪੰਜਾਬੀ ਯੂਨੀਵਰਸਿਟੀ ਪਟਿਆਲਾ ਕਾਲਜ ਨਿਰੀਖਣ ਕਮੇਟੀਆਂ ਦੇ ਕਨਵੀਨਰ, ਪੰਜਾਬ ਆਰਟਸ ਕੌਂਸਲ ਵਿਚ ਬਤੌਰ ਵਾਈਸ ਚਾਂਸਲਰ ਦੇ ਨੁਮਾਇੰਦਾ ਗਏ। ਵਿਦਿਆਰਥੀ
ਪ੍ਰੀਸ਼ਦ, ਪੰਜਾਬੀ ਯੂਨੀਵਰਸਿਟੀ ਪਟਿਆਲਾ, ਮੈਂਬਰ, ਕੇਂਦਰੀ ਲੇਖਕ ਸਭਾ, ਜਲੰਧਰ, ਮੈਂਬਰ ਪੰਜਾਬੀ ਸਾਹਿਤ ਅਕਾਦਮੀ, ਲੁਧਿਆਣਾ, ਆਦਿ ਲਈ ਵਾਈਸ ਚਾਂਸਲਰ ਦੁਆਰਾ ਨਾਮਜ਼ਦ ਰਹਿ ਚੁੱਕੇ ਹਨ । ਉਨ੍ਹਾਂ ਦੇ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ‘ਤੇ ਬਹੁਤ ਸਾਰੇ ਅਹਿਮ ਖੋਜ ਕਾਰਜ ਪ੍ਰਕਾਸ਼ਿਤ ਹਨ । ਪਹਿਲਾਂ ਹੀ ਉਹਨਾਂ ਦੀ ਨਿਗਰਾਨੀ ਹੇਠ ਐਮਏ ਫਿਲ, ਪੀ ਐਚ ਡੀ ਦੇ ਵਿਦਿਆਰਥੀ ਅਤੇ 12 ਪੀ ਐਚ ਡੀ ਵਿਦਵਾਨ ਕੰਮ ਕਰ ਰਹੇ ਹਨ। ਇਹੋ ਜਿਹੇ ਵਿਦਵਾਨ ਬੰਦੇ ਦਾ ਪੰਜਾਬ ਸਕੂਲ ਸਿੱਖਿਆ ਬੋਰਡ ਦਾ ਚੇਅਰਮੈਨ ਬਣਨਾ ਬੋਰਡ ਵਾਸਤੇ ਵੀ ਅਹਿਮ ਗੱਲ ਹੈ।