-ਜ਼ੋਰਬੀ
ਘੁੱਗੀ ਦੀ ਘੂੰ ਘੂੰ
ਮੈਂ ਦਸਵੀਂ ਜਮਾਤ ਦੇ ਪੇਪਰ ਦਿੱਤੇ ਹੋਏ ਸਨ। ਕੰਮ ਕਾਰ ਕਰਦਿਆਂ ਘੁੱਗੀ ਦੀ ਅਵਾਜ਼ ਸੁਣਾਈ ਦਿੱਤੀ, ਬੜੀ ਨਜਦੀਕ ਤੋਂ। ਦੇਖਿਆ ਤਾਂ ਵਰਾਂਡੇ ਵਿਚੋਂ ਹੀ ਅਵਾਜ਼ ਆ ਰਹੀ ਸੀ। ਪੁਰਾਣੇ ਘਰ ਵਿਚ ਵਰਾਂਡੇ ਦੇ ਵਿਚਕਾਰ ਕਰਕੇ ਨੇੜੇ ਨੇੜੇ ਦੋ ਬੁਰਜੀਆਂ ਸਨ ਤੇ ਉਹਨਾਂ ਵਿਚਕਾਰ ਹੇਠਾਂ ਤੋਂ ਉੱਪਰ ਤੱਕ ਚਾਰ ਸੈਲਫਾਂ ਬਣੀਆਂ ਹੋਈਆਂ ਸਨ। ਘੁੱਗੀ ਸਭ ਤੋਂ ਉੱਪਰ ਵਾਲੀ ਸੈਲਫ ਤੇ ਬੋਲ ਰਹੀ ਸੀ। ਜਦੋਂ ਵੀ ਉਹ ਬੋਲਦੀ ਮਨ ਨੂੰ ਬੜਾ ਸਕੂਨ ਮਿਲਦਾ ਸੀ। ਜੀ ਕਰਦਾ ਸੀ ਉਸ ਨੂੰ ਨਿਰਵਿਘਨ ਸੁਣੀ ਜਾਵਾਂ ਤੇ ਉਹ ਵੀ ਅੱਖਾਂ ਬੰਦ ਕਰਕੇ ਸੁਣਾਂ। ਰੋਜ਼ ਉਸਦੇ ਆਲ੍ਹਣੇ ਵਿਚੋਂ ਕੁਝ ਡੱਕੇ ਡਿੱਗਦੇ ਰਹਿੰਦੇ। ਜਦੋਂ ਉਹ ਆਲ੍ਹਣੇ ਵਿਚ ਨਾ ਹੁੰਦੀ ਮੈਂ ਉਹ ਡੱਕੇ ਉਸਦੇ ਆਲ੍ਹਣੇ ਵਿਚ ਰੱਖ ਦਿੰਦੀ। ਆਲ੍ਹਣਾ ਕੀ ਸੀ ਬੱਸ ਕਿੱਕਰ ਦੇ ਡੱਕੇ ਇੱਕਠੇ ਕਰ ਕਰ ਬਿਨਾ ਤਰਤੀਬ ਦੇ ਹੀ ਰੱਖ ਰਹੀ ਸੀ। ਆਲ੍ਹਣੇ ਦਾ ਕੋਈ ਆਕਾਰ ਨਹੀਂ ਸੀ ਬੱਸ ਖਿਲਰਿਆ ਜਿਹਾ ਸੀ। ਸ਼ਾਇਦ ਦਰਖਤ ਦੀ ਟਾਹਣੀ ਤੇ ਇਸ ਤੋਂ ਵਧੀਆ ਬਣ ਸਕਦਾ।
ਆਂਡਿਆਂ ਦਾ ਟੁੱਟਣਾ
ਕੁਝ ਦਿਨਾਂ ਬਾਅਦ ਕੀ ਵਾਪਰਿਆ< ਰਾਤ ਨੂੰ ਸੈਲਫ ਤੋਂ ਚੀਜਾਂ ਡਿੱਗਣ ਦੀ ਅਵਾਜ਼ ਆਈ। ਜਾਗ ਖੁੱਲੀ, ਮੰਮੀ ਨੇ ਲਾਈਟ ਜਗਾਈ, ਅੰਜਾਦਾ ਲਗਾਇਆ ਕਿ ਬਿੱਲੀ ਹੋਣੀ ਆ। ਲਾਈਟ ਬੰਦ ਕਰ ਕੇ ਫਿਰ ਪੈ ਗਏ। ਸੁਬਹ ਉੱਠਣ ਸਾਰ ਜਦੋਂ ਮੈਂ ਸੈਲਫ ਦੇ ਨਜਦੀਕ ਕਰਕੇ ਦੁੱਧ ‘ਚ ਮਧਾਣੀ ਲਗਾਈ ਤਾਂ ਦੇਖਿਆ ਕਿ ਹੇਠਾਂ ਆਂਡੇ ਡਿੱਗ ਕੇ ਟੁੱਟੇ ਪਏ ਸਨ। ਹਿਸਾਬ ਲਗਾਇਆ ਕਿ ਬਿੱਲੀ ਇਹਨਾਂ ਆਂਡਿਆਂ ਕਰਕੇ ਉੱਪਰ ਚੜ੍ਹੀ ਸੀ ਜਿਸ ਕਰਕੇ ਇਹ ਆਂਡੇ ਸੈਲਫ ਤੋਂ ਹੇਠਾਂ ਡਿੱਗ ਪਏ। ਦੇਖ ਕੇ ਬੜਾ ਮਨ ਪਸੀਜਿਆ। ਮੈਂ ਉੱਪਰ ਚੜ੍ਹ ਕੇ ਦੇਖਿਆ ਬੜੇ ਖਿਲਰੇ ਜਿਹੇ ਕਿੱਕਰ ਦੇ ਡੱਕੇ ਪਏ ਸਨ ਤੇ ਵਿਚਕਾਰ ਕਰਕੇ ਥੋੜ੍ਹੀ ਜਗ੍ਹਾ ਵਿਚ ਨਿੰਮ ਦੇ ਡੱਕਿਆ ਦਾ ਗੋਲ ਘੇਰਾ ਬਣਾਇਆ ਹੋਇਆ ਸੀ ਆਂਡੇ ਰੱਖਣ ਨੂੰ।
“ਮੰਮੀਖ਼ ਘੁੱਗੀ ਨੇ ਤਾਂ ਆਲ੍ਹਣਾ ਹੀ ਸਵਾਰ ਕੇ ਨਹੀਂ ਪਾਇਆ ਹੋਇਆ, ਇਹ ਤਾਂ ਖਿਲੱਰਿਆ ਜਿਹਾ ਪਿਆ ਹੈ।” ਮੈਂ ਮੰਮਾ ਨੂੰ ਦੱਸਿਆ।
“ਘੁੱਗੀ ਤਾਂ ਬਾਹਲਾ ਈ ਭੋਲਾ ਜਿਹਾ ਪੰਛੀ ਹੁੰਦਾ ਬਸ।” ਮੰਮਾ ਨੇ ਮੈਨੂੰ ਏਨਾ ਕੁ ਦੱਸਣਾ ਕਾਫੀ ਸਮਝਿਆ।
ਘੁੱਗੀ ਦਾ ਘਰ ਬਣਾਉਣ ਦੀ ਤਰਕੀਬ
ਮੇਰਾ ਜੀ ਜਿਹਾ ਨਹੀਂ ਲੱਗ ਰਿਹਾ ਸੀ। ਜਦੋਂ ਮੈਂ ਡਿੱਗੇ ਆਂਡਿਆਂ ਵਾਲੀ ਜਗ੍ਹਾ ਸਾਫ ਕੀਤੀ ਤਾਂ ਮੇਰਾ ਮਨ ਉਦਾਸ ਹੋ ਗਿਆ ਸੀ ਪਰ ਕੁਝ ਦੇਰ ਬਾਅਦ ਇਹ ਸੋਚ ਕੇ ਮੈਂ ਹੌਂਸਲੇ ਵਿਚ ਆ ਗਈ ਕਿ ਕਿਉਂ ਨਾ ਮੈਂ ਇਸ ਨੂੰ ਖੁਦ ਚੰਗੀ ਤਰ੍ਹਾਂ ਆਲ੍ਹਣਾ ਬਣਾ ਕੇ ਦੇਵਾਂ। ਮੇਰਾ ਮਿਸ਼ਨ ਸ਼ੁਰੂ ਹੋ ਗਿਆ। ਮੈਂ ਲੱਭਣ ਲੱਗੀ ਕਿ ਕਿਵੇਂ ਕੀ ਕੀਤਾ ਜਾਵੇ। ਸੋ ਜੀ ਮੈਨੂੰ ਹੱਥ ਕਰੋਲਾ ਮਾਰਦੀ ਨੂੰ ਸੀਮਿੰਟ ਦਾ ਲਿਬੜਿਆ ਇਕ ਬੱਠਲੀਆ ਲੱਭਿਆ। ਮੈਂ ਉਸ ਨੂੰ ਧੋਤਾ, ਖੁਰਚਿਆ ਤੇ ਜਿਨ੍ਹਾ ਕੁ ਮੈਥੋਂ ਸਾਫ ਹੋਇਆ ਮੈਂ ਕੀਤਾ। ਸਾਡੇ ਕੋਠੇ ਤੇ ਕਿੱਕਰ ਦੇ ਕੁਝ ਟਾਹਣੇ ਕੱਟ ਕੇ ਰੱਖੇ ਹੋਏ ਸਨ। ਮੈਂ ਉਹਨਾਂ ਨਾਲੋਂ ਕਾਫੀ ਸਾਰੇ ਡੱਕੇ ਲੈ ਕੇ ਉਸ ਬੱਠਲੀਏ ਵਿਚ ਚਿਣੇ। ਉਸ ਤੋਂ ਬਾਅਦ ਮੈਂ ਪੰਮੀ (ਮੇਰੇ ਤੋਂ ਇਕ ਜਮਾਤ ਪਿੱਛੇ ਪੜ੍ਹਦੀ ਮੇਰੀ ਸਹੇਲੀ) ਕੇ ਘਰੇ ਗਈ। ਉਹਨਾਂ ਦੇ ਘਰ ਬਹੁਤ ਵੱਡਾ ਨਿੰਮ ਲੱਗਿਆ ਹੋਇਆ ਸੀ। ਅਸੀਂ ਉਹਨਾਂ ਦੇ ਨਿੰਮ ਤੇ ਪੀਂਘ ਵੀ ਪਾਉਂਦੇ ਹੁੰਦੇ ਸੀ। ਸੋ ਮੈਂ ਪੰਮੀ ਘਰੋਂ ਨਿੰਮ ਦੇ ਕਾਫੀ ਸਾਰੇ ਡੱਕੇ ਲੈ ਆਈ ਜਿਹੜੇ ਮੈਂ ਕਿੱਕਰ ਦੇ ਡੱਕਿਆਂ ਉੱਪਰ ਵਿਚਾਲੇ ਕਰਕੇ ਇਕ ਦੂਜੇ ਵਿਚ ਅੜਾ ਕੇ ਗੋਲ ਗੋਲ ਘੇਰਾ ਬਣਾ ਕੇ ਚਿਣ ਦਿੱਤੇ। ਬਠੱਲੀਏ ਵਿਚ ਘੁੱਗੀ ਦਾ ਘਰ ਤਿਆਰ ਕਰਕੇ ਮੈਨੂੰ ਬਹੁਤ ਖੁਸ਼ੀ ਹੋ ਰਹੀ ਸੀ। ਮੈਂ ਘੁੱਗੀ ਦਾ ਘਰ ਉਸ ਨੂੰ ਸੌਂਪਣ ਵਾਸਤੇ ਉਸ ਸਮੇਂ ਦਾ ਇੰਤਜਾਰ ਕੀਤਾ ਜਦੋਂ ਘੁੱਗੀ ਆਲ੍ਹਣੇ ਵਿਚ ਨਾ ਹੋਵੇ। ਇਸ ਤਰ੍ਹਾਂ ਸ਼ਾਮ ਜਿਹੇ ਤੱਕ ਘੁੱਗੀ ਚੋਗਾ ਚੁਗਣ ਚਲੀ ਗਈ ਤੇ ਮੈਂ ਆਲ੍ਹਣੇ ਵਾਲਾ ਬੱਠਲੀਆ ਸੈਲਫ ਉੱਤੇ ਟਿਕਾ ਦਿੱਤਾ ਦੇ ਉਸਦੇ ਆਸ ਪਾਸ ਇੱਟਾਂ ਦੀਆਂ ਤਿੰਨ ਚਾਰ ਡਲੀਆਂ ਲਗਾ ਦਿੱਤੀਆਂ ਦਿੱਤੀਆਂ ਤਾਂ ਕਿ ਬੱਠਲੀਆ ਹਿੱਲਣ ਕਾਰਨ ਡਿੱਗ ਨਾ ਜਾਵੇੇ। ਸੈਲਫ ਉੱਤੇ ਆਲ੍ਹਣੇ ਦੇ ਕੋਲ ਹੀ ਮੈਂ ਦਾਣਿਆਂ ਦੀ ਮੁੱਠ ਤੇ ਕੌਲੀ ਵਿਚ ਪਾਣੀ ਪਾ ਕੇ ਰੱਖ ਦਿੱਤਾ। ਪਹਿਲਾਂ ਮੈਨੂੰ ਘੁੱਗੀ ਦੇ ਜਾਣ ਦਾ ਇੰਤਜਾਰ ਸੀ ਪਰ ਹੁਣ ਘੁੱਗੀ ਦੇ ਛੇਤੀ ਆਉਣ ਦਾ ਇੰਤਜਾਰ ਸੀ।
ਘੁੱਗੀ ਵੱਲੋਂ ਘਰ ਦਾ ਮੁਆਇਨਾ
ਘੁੱਗੀ ਆਈ ਤਾਂ ਉਸ ਨੂੰ ਲੱਗਿਆ, “ਹੈਂ ਮੇਰੇ ਬੈਠਣ ਨੂੰ ਤਾਂ ਥਾਂ ਹੀ ਨਹੀਂ ਬਚੀ।” ਉਸਨੇ ਸੈਲਫ ਤੇ ਬੈਠ ਕੇ ਇਧਰ ਉਧਰ ਜਿਹੇ ਹੋ ਕੇ ਕੁਝ ਚਿਰ ਮੁਆਇਨਾ ਕੀਤਾ। ਜਦੋਂ ਉਸ ਨੂੰ ਤਸੱਲੀ ਹੋਈ ਕਿ ਨਈਂ ਨਈਂ ਸਭ ਓ ਕੇ ਆ। ਫਿਰ ਉਸਨੇ ਹੌਲੀ ਕੁ ਦੇਣੇ ਬੱਠਲੀਏ ਵਿਚ ਬੈਠ ਕੇ ਦੇਖਿਆ ਪਰ ਕੁਝ ਚਿਰ ਬਾਅਦ ਹੀ ਉਹ ਉੱਡ ਗਈ। ਮੈਨੁੂੰ ਲੱਗਿਆ ਪਤਾ ਨਹੀਂ ਕਿਥੇ ਗਈ। ਪਤਾ ਨਹੀਂ ਉਸ ਨੂੰ ਕੁਝ ਓਪਰਾ ਨਾ ਲੱਗ ਗਿਆ ਹੋਵੇ। ਘੰਟਾ ਭਰ ਇੰਤਜਾਰ ਕਰਨ ਪਿੱਛੋਂ ਦੋ ਘੁੱਗੀਆਂ ਬਨੇਰੇ ਤੇ ਬੈਠੀਆਂ ਬੋਲ ਰਹੀਆਂ ਸਨ। ਮੈਨੂੰ ਖੁਸ਼ੀ ਹੋਈ ਕਿ ਇਹ ਤਾਂ ਲੱਗਦਾ ਆਪਣੇ ਸਾਥੀ ਨੂੰ ਨਾਲ ਲੈ ਕੇ ਆਈ ਹੈ ਆਲ੍ਹਣਾ ਦਿਖਾਉਣ ਲਈ। ਸਚਮੁੱਚ ਉਹ ਤਾਂ ਦੋਨੋਂ ਆ ਕੇ ਆਲ੍ਹਣੇ ਦਾ ਮੁਆਇਨਾ ਕਰਨ ਲੱਗੇ। ਆਲ੍ਹਣੇ ਦੇ ਵਿਚ ਕਦੇ ਆਲ੍ਹਣੇ ਤੋਂ ਬਾਹਰ। ਫਿਰ ਜਦੋਂ ਉਹਨਾਂ ਨੇ ਉਥੋਂ ਚੋਗਾ ਵੀ ਚੁਗਿਆ ਤੇ ਪਾਣੀ ਵੀ ਪੀਤਾ ਤਾਂ ਮੈਨੂੰ ਲੱਗਿਆ ਹੁਣ ਇਹਨਾਂ ਦੋਵਾਂ ਨੂੰ ਆਲ੍ਹਣਾ ਪਸੰਦ ਆ ਗਿਆ ਲੱਗਦਾ। ਚਲੋ ਜੀ, ਉਹ ਆਲ੍ਹਣੇ ਵਿਚ ਬੈਠਣ ਲੱਗ ਗਏ ਰੋਜ਼ ਜਦੋਂ ਬੋਲਦੇ ਤਾਂ ਮੇਰੇ ਅੰਦਰ ਮੌਨ ਵਾਪਰਦਾ ਜੋ ਮੈਨੂੰ ਮੈਨੂੰ ਚੰਗਾ ਚੰਗਾ ਲੱਗਦਾ। ਬਹੁਤ ਅਨੰਦ, ਬਹੁਤ ਖੁਸ਼ੀ ਮਹਿਸੂਸ ਹੁੰਦੀ ਸੀ ਉਹਨਾਂ ਨੂੰ ਉਥੇ ਗੱਲਾਂ ਕਰਦਿਆਂ, ਘੁੱਗੂ ਘੂੰ ਘੁੱਗੂ- ਘੂੰ ਕਰਦਿਆਂ ਨੂੰ ਦੇਖ ਕੇ।
ਆਲ੍ਹਣੇ ਵਿਚ ਬੱਚਿਆਂ ਦੀ ਆਮਦ
ਕੁਝ ਚਿਰ ਬਾਅਦ ਮੈਂ ਦੇਖਿਆ ਅਕਸਰ ਇੱਕ ਘੁੱਗੀ ਤਾਂ ਆਲ੍ਹਣੇ ਵਿਚ ਰਹਿੰਦੀ ਹੀ ਹੈ। ਉਹ ਕਦੇ ਕਦੇ ਹੀ ਆਲ੍ਹਣਾ ਬਿਲਕੁੱਲ ਸੁੰਨਾ ਛੱਡ ਕੇ ਜਾਂਦੀਆਂ ਨੇ। ਮੈਂ ਦੇਖਿਆ ਤਾਂ ਆਲ੍ਹਣੇ ਵਿਚ ਦੋ ਆਂਡੇ ਪਏ ਸਨ। ਮੇਰੇ ਲਈ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਸੀ। ਮੈਨੂੰ ਡਰ ਲੱਗਦਾ ਸੀ ਕਿ ਕਿਤੇ ਹੁਣ ਫਿਰ ਬਿੱਲੀ ਨਾ ਆ ਜਾਵੇ। ਮੇੈਂ ਅਕਸਰ ਉਹ ਸੈਲਫ ਭਾਂਡਿਆਂ ਟੀਂਡਿਆਂ ਨਾਲ ਭਰ ਕੇ ਰੱਖਦੀ ਕਿ ਜੇ ਬਿੱਲੀ ਉਪਰ ਚੜ੍ਹੀ ਵੀ ਤਾਂ ਖੜਕਾ ਹੋ ਜਾਵੇਗਾ ਤੇ ਉਹ ਭੱਜ ਜਾਵੇਗੀ। ਮੈਂ ਕੁਝ ਦਿਨਾਂ ਬਾਅਦ ਦੇਖਦੀ ਰਹਿੰਦੀ ਕਿ ਆਡਿਆਂ ਵਿਚੋਂ ਬੱਚੇ ਬਾਹਰ ਆਏ ਕਿ ਨਹੀਂ। ਹੌਲੀ ਹੌਲੀ ਆਂਡੇ ਪੀਲੇ ਹੋਣ ਲੱਗ ਪਏ ਸਨ ਤੇ ਕਈ ਦਿਨਾਂ ਬਾਅਦ ਲੱਗਣ ਲੱਗ ਪਿਆ ਸੀ ਕਿ ਬੱਸ ਹੁਣ ਇਹ ਤਿੜਕ ਜਾਣਗੇ। ਇਕ ਦਿਨ ਜਦੋਂ ਅਚਾਨਕ ਮੈਂ ਦੇਖਿਆ ਤਾਂ ਆਂਡੇ ਟੁੱਟ ਚੁੱਕੇ ਸਨ ਤੇ ਆਲ੍ਹਣੇ ਵਿਚ ਨਿੱਕੇ ਨਿੱਕੇ ਬੱਚੇ ਸਨ। ਮੈਨੂੰ ਬੜਾ ਸਕੂਨ ਮਿਿਲਆ। ਮੈਂ ਉਹਨਾਂ ਬੱਚਿਆਂ ਦੇ ਬਿਨਾ ਖੰਬਾ ਵਾਲੇ ਪਤਲੇ ਤੇ ਕੋਮਲ ਸਰੀਰ ਤੋਂ ਲੈ ਕੇ ਉਹਨਾਂ ਦੇ ਉਡਾਰੀ ਭਰਨ ਦਾ ਸਫਰ ਅੱਖੀਂ ਤੱਕਦੀ ਰਹੀ। ਘੁੱਗੀ ਜਦੋਂ ਚੋਗਾ ਚੁਗ ਕੇ ਲਿਆਉਂਦੀ ਤੇ ਬੱਚਿਆਂ ਨੂੰ ਖਵਾਉਂਦੀ ਤਾਂ ਮੈਂ ਨੀਝ ਨਾਲ ਤੱਕਦੀ। ਉਹਨਾਂ ਨੂੰ ਪਹਿਲੀਆਂ ਪਹਿਲੀਆਂ ਉਡਾਰੀਆਂ ਭਰਦਿਆਂ ਦੇਖਦੀ। ਉਹ ਕਦੇ ਕਦੇ ਚੌਂਤਰੇ ਤੇ ਹੀ ਨਿੱਕੀਆਂ ਨਿੱਕੀਆਂ ਉੁਡਾਰੀਆਂ ਭਰਦੇ ਤੇ ਫਿਰ ਉਹ ਸੈਲਫ ਤੋਂ ਬਨੇਰੇ ਉੱਪਰ ਤੇ ਫਿਰ ਕੋਠੇ ਉੱਪਰ ਇਧਰ ਉੱਧਰ ਜਾਣ ਲੱਗੇ। ਏਦਾ ਕਰਦਿਆਂ ਕਰਾਂਦਿਆਂ ਉਹ ਜਦੋਂ ਖੂਬ ਉਡਾਰੀਆਂ ਭਰਨ ਜੋਗੇ ਹੋ ਗਏ ਤਾਂ ਕਿੰਨਾ ਕਿੰਨਾ ਚਿਰ ਵਾਪਸ ਹੀ ਨਾ ਆਉਂਦੇ ਉਹਨਾਂ ਦਾ ਪਰਿਵਾਰ ਅਕਸਰ ਬਨੇਰੇ ਤੇ ਬੈਠ ਕੇ ਘੁੱਗੂ ਘੂੰ ਕਰਦਾ ਤਾਂ ਲੱਗਦਾ ਕਾਇਨਾਤ ਰਾਗ ਅਲਾਪ ਰਹੀ ਹੈ ਤੇ ਮੈਂ ਸੁਣ ਸੁਣ ਬਾਗੋ ਬਾਗ ਹੁੰਦੀ ਰਹਿੰਦੀ। ਫਿਰ ਹੌਲੀ ਹੌਲੀ ਉਹ ਆਉਣੋਂ ਹਟ ਗਏ ਮੈਂ ਲੰਮਾਂ ਸਮਾਂ ਇੰਤਜਾਰ ਕਰਨ ਉਪਰੰਤ ਸੈਲਫ ਉੱਤੋਂ ਉਹ ਆਲ੍ਹਣਾ ਤੇ ਕੌਲੀ ਬਗੈਰਾ ਚੁੱਕ ਕੇ ਸੈਲਫ ਸਾਫ ਕਰ ਦਿੱਤੀ। ਮੇਰੇ ਲਈ ਇਹ ਬੜਾ ਖੂਬਸੂਰਤ ਅਹਿਸਾਸ ਰਿਹਾ।
ਘੁੱਗੀ ਦਾ ਦੁਬਾਰਾ ਮੇਲ
ਅਗਲੇ ਸਾਲ ਕੀ ਹੋਇਆ ਕਿ ਇਕ ਦਿਨ ਇਕ ਘੁੱਗੀ ਬਨੇਰੇ ਤੇ ਬੈਠ ਕੇ ਬੋਲਦੀ ਰਹੀ ਫਿਰ ਉਸੇ ਸੈਲਫ ਤੇ ਬੈਠ ਕੇ ਚਲੀ ਗਈ। ਮੈਨੂੰ ਸਮਝਣ ਵਿਚ ਦੇਰ ਨਾ ਲੱਗੀ ਕਿ ਲੱਗਦਾ ਇਹ ਉਹੀ ਘੁੱਗੀ ਹੈ। ਮੈਂ ਬਿਲਕੁੱਲ ਪਹਿਲੇ ਸਾਲ ਵਾਗੂੰ ਉਸਨੂੰ ਆਲ੍ਹਣਾ ਬਣਾ ਕੇ ਦਿੱਤਾ ਤੇ ਇਸ ਵਾਰ ਉਹ ਬਿਨਾ ਕੋਈ ਮੁਆਇਨਾ ਕੀਤਿਆਂ ਉਸ ਵਿਚ ਬੈਠਣ ਲੱਗੀ। ਇਸ ਵਾਰ ਵੀ ਉਸਨੇ ਉੱਥੇ ਹੀ ਆਂਡੇ ਦਿੱਤੇ ਜਿਨ੍ਹਾ ਵਿਚੋਂ ਬੱਚੇ ਬਾਹਰ ਆਉਣ ਤੇ ਉਹਨਾਂ ਦੇ ਉਡਾਰੀ ਭਰ ਜਾਣ ਦਾ ਸਫਰ ਮੇੈਂ ਦੁਬਾਰਾ ਅੱਖੀਂ ਦੇਖਿਆ। ਇਹ ਘੁੱਗੀ ਲਗਾਤਾਰ ਤਿੰਨ ਸਾਲ ਆਉਂਦੀ ਰਹੀ ਤੇ ਮੈਂ ਉਸ ਨੂੰ ਆਲ੍ਹਣਾ ਬਣਾ ਕੇ ਦਿੰਦੀ ਰਹੀ। ਉਸ ਤੋਂ ਅਗਲੇ ਸਾਲ ਅਸੀਂ ਉਹ ਘਰ ਵੇਚ ਕੇ ਖੇਤ ਵਿਚ ਘਰ ਬਣਾ ਲਿਆ ਤੇ ਮੇਰਾ ਵਿਆਹ ਵੀ ਕਰ ਦਿੱਤਾ। ਹੁਣ ਤੱਕ ਜਦੋਂ ਵੀ ਕਦੇ ਆਸ ਪਾਸ ਘੁੱਗੀ ਬੋਲਦੀ ਹੈ ਤਾਂ ਮੈਨੂੰ ਲਗਦਾ ਹੁੰਦਾ ਉਹੀ ਘੁੱਗੀ ਮੈਨੂੰ ਯਾਦ ਕਰ ਰਹੀ ਹੈ ਤੇ ਮੈਂ ਉਸ ਘੁੱਗੀ ਨੂੰ ਪਰ ਅਸੀਂ ਇਕ ਦੂਜੇ ਦੇ ਆਸ ਪਾਸ ਰਹਿ ਕੇ ਉਹੀ ਖੂਬਸੂਰਤ ਅਹਿਸਾਸ ਸਾਝਾਂ ਨਹੀਂ ਕਰ ਸਕਦੇ।
ਅੱਜ ਮੇਰਾ ਸ਼ਹਿਰ ਵਿਚ ਨਿੱਕਾ ਜਿਹਾ ਘਰ ਹੈ। ਘੁੱਗੀ ਦੀ ਅਵਾਜ਼ ਮੈਨੂੰ ਉਥੇ ਵੀ ਇਧਰੋਂ ਉਧਰੋਂ ਸੁਣ ਜਾਂਦੀ ਹੈ ਤੇ ਮੇਰੇ ਅੰਤਰਮਨ ਤੱਕ ਪੁਜੱਦੀ ਹੈ। ਅੱਜ ਵੀ ਮੈਂ ਉਸ ਦੀ ਅਵਾਜ਼ ਨੂੰ ਦੋ ਪਲ ਅੱਖਾਂ ਬੰਦ ਕਰਕੇੇ ਸੁਣਦੀ ਜਰੂਰ ਹਾਂ ਪਰ ਉਸ ਲਈ ਆਲ੍ਹਣਾ ਪਾਉਣ ਦਾ ਸਬੱਬ ਦੁਬਾਰਾ ਪਤਾ ਨਹੀਂ ਕਦੋਂ ਬਣੇਗਾ।