ਪਟਿਆਲਾ | ਇਥੋਂ ਇਕ ਦੁਖਦਾਈ ਖਬਰ ਸਾਹਮਣੇ ਆਈ ਹੈ। ਇਕ ਨੌਜਵਾਨ ਦਾ ਕਿਰਚਾਂ ਮਾਰ-ਮਾਰ ਕੇ ਕਤਲ ਕਰ ਦਿੱਤਾ ਗਿਆ, ਜਿਸ ਦੀ ਪਛਾਣ ਦੀਪਕ ਮੱਟੂ ਵਾਸੀ ਮੋਰਿੰਡਾ ਵਜੋਂ ਹੋਈ। ਘਟਨਾ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ, ਜਿਸ ਤੋਂ ਬਾਅਦ SHO ਇੰਸ. ਪ੍ਰਦੀਪ ਸਿੰਘ ਬਾਜਵਾ ਪੁਲਿਸ ਪਾਰਟੀ ਸਮੇਤ ਮੌਕੇ ’ਤੇ ਪਹੁੰਚੇ। ਇੰਸ. ਨੇ ਦੱਸਿਆ ਕਿ ਮੁੱਢਲੀ ਜਾਂਚ ’ਚ ਸਾਹਮਣੇ ਆਇਆ ਹੈ ਕਿ ਕਤਲ ਪੈਸਿਆਂ ਦੇ ਲੈਣ-ਦੇਣ ਨੂੰ ਲੈ ਕੇ ਕੀਤਾ ਗਿਆ ਹੈ। ਸਾਰਾ ਕੁਝ ਜਾਂਚ ਤੋਂ ਬਾਅਦ ਸਪੱਸ਼ਟ ਹੋਵੇਗਾ।
ਰਾਜਿੰਦਰਾ ਹਸਪਤਾਲ ’ਚ ਮੌਜੂਦ ਦੀਪਕ ਦੇ ਦੋਸਤ ਨੇ ਦੱਸਿਆ ਕਿ ਉਹ ਅਤੇ ਦੀਪਕ ਪੇਂਟਰ ਦਾ ਕੰਮ ਕਰਦੇ ਸਨ। ਕਿਸੇ ਕੰਮ ਲਈ ਦੋਵੇਂ ਅੱਜ ਪਟਿਆਲਾ ਆਏ ਸਨ ਜਿਥੇ ਗੁਰਦੁਆਰਾ ਦੂਖ ਨਿਵਾਰਣ ਸਾਹਿਬ ਦੇ ਸਾਹਮਣੇ ਪੈਟਰੋਲ ਪੰਪ ਕੋਲ ਮਨੀ ਨਾਂ ਦੇ ਇਕ ਨੌਜਵਾਨ ਨੇ ਉਨ੍ਹਾਂ ’ਤੇ ਹਮਲਾ ਕਰ ਦਿੱਤਾ ਅਤੇ ਮਨੀ ਦੀਪਕ ਦੇ ਕਿਰਚ ਮਾਰ ਕੇ ਫਰਾਰ ਹੋ ਗਿਆ। ਉਸ ਨੇ ਦੀਪਕ ਨੂੰ ਰਾਜਿੰਦਰਾ ਹਸਪਤਾਲ ਪਹੁੰਚਾਇਆ, ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।