ਮੁਕੇਰੀਆਂ | ਇਥੋਂ ਇਕ ਦੁਖਦਾਈ ਖਬਰ ਸਾਹਮਣੇ ਆਈ ਹੈ। ਮੁਕੇਰੀਆਂ ਦੇ ਕਸਬਾ ਭੰਗਾਲਾ ਦੇ ਬੱਸ ਸਟੈਂਡ ਵਿਖੇ ਹੋਈ ਲੜਾਈ ‘ਚ ਇਕ ਨੌਜਵਾਨ ਦੀ ਮੌਤ ਹੋਣ ਦੀ ਖ਼ਬਰ ਸਾਹਮਣੇ ਆਈ ਹੈ, ਜਿਸ ਤੋਂ ਬਾਅਦ ਮੁਕੇਰੀਆਂ ਪੁਲਿਸ ਨੇ 4 ਨੌਜਵਾਨਾਂ ਨੂੰ ਨਾਮਜ਼ਦ ਕਰਕੇ ਕੁੱਲ 7 ਵਿਅਕਤੀਆਂ ਵਿਰੁੱਧ ਵੱਖ-ਵੱਖ ਧਾਰਾਵਾਂ ਅਧੀਨ ਮਾਮਲਾ ਦਰਜ ਕੀਤਾ ਹੈ।
ਗੌਰਵ ਨੂੰ ਗੰਭੀਰ ਜ਼ਖ਼ਮੀ ਹਾਲਤ ‘ਚ ਮੁਕੇਰੀਆਂ ਸਿਵਲ ਹਸਪਤਾਲ ਲਿਆਂਦਾ ਗਿਆ ਜਿਥੋਂ ਉਸ ਦੀ ਹਾਲਤ ਨੂੰ ਨਾਜ਼ੁਕ ਦੇਖਦਿਆਂ ਹੋਰ ਹਸਪਤਾਲ ਰੈਫ਼ਰ ਕਰ ਦਿੱਤਾ। ਜ਼ਖ਼ਮਾਂ ਦੀ ਤਾਬ ਨਾ ਝੱਲਦਿਆਂ ਗੌਰਵ ਦੀ ਹਸਪਤਾਲ ਵਿਚ ਮੌਤ ਹੋ ਗਈ। ਮੌਤ ਤੋਂ ਬਾਅਦ ਗੁੱਸੇ ਵਿਚ ਆਏ ਪਰਿਵਾਰ ਅਤੇ ਪਿੰਡ ਵਾਸੀਆਂ ਨੇ ਲਾਸ਼ ਸੜਕ ‘ਤੇ ਰੱਖ ਕੇ ਜਾਮ ਲਗਾ ਦਿੱਤਾ। ਪੁਲਿਸ ਦੇ ਉੱਚ ਅਧਿਕਾਰੀਆਂ ਵੱਲੋਂ ਢੁਕਵੀਂ ਕਾਰਵਾਈ ਦਾ ਭਰੋਸਾ ਦਿੰਦਿਆਂ ਜਾਮ ਖੁੱਲ੍ਹਵਾਇਆ ਗਿਆ।
ਜਾਣਕਾਰੀ ਦਿੰਦਿਆਂ ਪਾਰਸ ਆਨੰਦ ਪੁੱਤਰ ਅਸ਼ੋਕ ਕੁਮਾਰ ਵਾਸੀ ਪਿੰਡ ਨਵਾਂ ਭੰਗਾਲਾ ਨੇ ਦੱਸਿਆ ਕਿ ਉਸ ਦਾ ਛੋਟਾ ਭਰਾ ਗੌਰਵ ਆਨੰਦ ਜਿਸ ਦੀ ਉਮਰ ਮਹਿਜ਼ 21 ਸਾਲ ਦੀ ਹੈ, ਦੋਸਤਾਂ ਨਾਲ ਆਲਟੋ ਕਾਰ ‘ਚ ਸਵਾਰ ਹੋ ਕੇ ਬੱਸ ਸਟੈਂਡ ਭੰਗਾਲਾ ਵਿਖੇ ਕੁਝ ਖਾਣ ਲਈ ਗਿਆ ਸੀ ਤੇ ਇਸ ਦੌਰਾਨ ਉਥੇ ਮੌਜੂਦ ਨੌਜਵਾਨ ਚਕਸੂ ਪੁੱਤਰ ਮਨੋਜ ਕੁਮਾਰ, ਅਕਾਸ਼ ਉਰਫ਼ ਘੋਗਾ, ਸੂਰਜ ਪੁੱਤਰ ਰਾਜ ਕੁਮਾਰ ਅਤੇ ਨਿਖਿਲ ਪੁੱਤਰ ਰਣਜੀਤ ਸਿੰਘ ਸਮੇਤ ਹੋਰ 3 ਅਣਪਛਾਤੇ ਨੌਜਵਾਨਾਂ ਨੇ ਪਹਿਲਾਂ ਗੱਡੀ ਦੇ ਸ਼ੀਸ਼ੇ ਭੰਨੇ ਤੇ ਜਦੋਂ ਗੌਰਵ ਗੱਡੀ ਅਤੇ ਉਸ ਦੇ ਦੋਸਤ ਗੱਡੀ ‘ਚੋਂ ਬਾਹਰ ਆਏ ਤਾਂ ਉਕਤ ਹਮਲਾਵਰਾਂ ਨੇ ਗੌਰਵ ‘ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਵੱਢ ਦਿੱਤਾ।