ਜਲੰਧਰ | Enforcement Directorate (ED) ਦਿੱਲੀ ਦੀ ਟੀਮ ਨੇ ਇੰਦਰਾ ਗਾਂਧੀ ਇੰਟਰਨੈਸ਼ਨਲ ਹਵਾਈ ਅੱਡੇ ਤੋਂ ਮਨੀ ਲਾਂਡਰਿੰਗ ਮਾਮਲੇ ‘ਚ ਫਗਵਾੜਾ ਦੇ NRI ਸ਼ਿਵਲਾਲ ਪੱਬੀ ਨੂੰ ਗ੍ਰਿਫਤਾਰ ਕੀਤਾ ਹੈ।
ਗ੍ਰਿਫਤਾਰੀ ਸਮੇਂ ਪੱਬੀ ਪੈਰਿਸ ਲਈ ਫਲਾਈਟ ਫੜਨ ਜਾ ਰਿਹਾ ਸੀ। ਈ.ਡੀ. ਨੇ ਉਸ ਨੂੰ ਏਅਰਪੋਰਟ ‘ਤੇ ਹੀ ਗ੍ਰਿਫਤਾਰ ਕਰ ਲਿਆ। ਪੱਬੀ ‘ਤੇ ਹਵਾਲਾ ਕਾਰੋਬਾਰ ‘ਚ ਸ਼ਾਮਿਲ ਹੋਣ ਦਾ ਆਰੋਪ ਹੈ।
ਉਹ ਕਰੀਬ 40 ਸਾਲ ਪਹਿਲਾਂ 1981 ‘ਚ ਨੀਦਰਲੈਂਡ ਚਲਾ ਗਿਆ ਸੀ। ਉਥੇ ਉਸ ਨੂੰ 1984 ‘ਚ ਡਚ ਨਾਗਰਿਕਤਾ ਵੀ ਮਿਲ ਗਈ ਸੀ, ਜਿਸ ਤੋਂ ਬਾਅਦ ਪੱਬੀ ਨੇ ਨੀਦਰਲੈਂਡ ‘ਚ ਰੈਡੀਮੇਡ ਗਾਰਮੈਂਟਸ ਦਾ ਕਾਰੋਬਾਰ ਸ਼ੁਰੂ ਕੀਤਾ, ਜਿਸ ਦਾ ਨੈੱਟਵਰਕ ਦੁਬਈ ਤੱਕ ਫੈਲਿਆ ਹੋਇਆ ਸੀ।
ਪੱਬੀ ਤੇ ਉਸ ਦੇ ਸਾਥੀਆਂ ‘ਤੇ ਆਰੋਪ ਹੈ ਕਿ ਉਨ੍ਹਾਂ ਨੇ ਗਾਰਮੈਂਟਸ ਵਪਾਰ ਦਾ ਆੜ ‘ਚ ਹਵਾਲਾ ਕਾਰੋਬਾਰ ਚਲਾਇਆ ਅਤੇ ਕਈ ਬ੍ਰੋਕਰਾਂ ਨਾਲ ਮਿਲ ਕੇ ਕਰੋੜਾਂ ਰੁਪਏ ਦੀ ਰਕਮ ਦੀ ਹੇਰਾਫੇਰੀ ਕੀਤੀ।
ਹਵਾਲਾ ਦੇ ਜ਼ਰੀਏ ਸ਼ਿਵਲਾਲ ਤੇ ਉਸ ਦੇ ਭਰਾ ਦੇ ਫਗਵਾੜਾ ਦੇ ਇਕ ਬੈਂਕ ਅਕਾਊਂਟ ‘ਚ ਕਰੋੜਾਂ ਰੁਪਏ ਆਏ। ਉਸ ਮਾਮਲੇ ‘ਚ ਇਸੇ ਸਾਲ ਫਰਵਰੀ ‘ਚ ਈ.ਡੀ. ਦੀ ਟੀਮ ਨੇ ਜਲੰਧਰ ‘ਚ ਕਲੱਬ ਕਬਾਨਾ ਸਣੇ ਕਈ ਥਾਵਾਂ ‘ਤੇ ਛਾਪੇਮਾਰੀ ਕੀਤੀ ਸੀ।
ਇਹ ਛਾਪੇਮਾਰੀ ਫਗਵਾੜਾ ਦੇ ਬੈਂਕ ਅਕਾਊਂਟ ‘ਚ 25 ਕਰੋੜ ਰੁਪਏ ਨੂੰ ਲੈ ਕੇ ਕੀਤੀ ਗਈ ਸੀ, ਜਿਸ ਦੀ ਜਾਂਚ ਜਾਰੀ ਹੈ।
ਸੂਤਰਾਂ ਅਨੁਸਾਰ Enforcement Directorate ਨੇ ਸ਼ਿਵਲਾਲ ਪੱਬੀ ਸਮੇਤ 6 ਆਰੋਪੀਆਂ ਖਿਲਾਫ ਨੀਦਰਲੈਂਡ ਸਰਕਾਰ ਦੇ ਨਿਰਦੇਸ਼ ‘ਤੇ ਜਾਂਚ ਸ਼ੁਰੂ ਕੀਤੀ ਹੈ।
ਪੱਬੀ ‘ਤੇ ਆਰੋਪ ਸੀ, ਜਿਸ ਨੇ ਆਪਣੇ ਭਾਰਤੀ ਸਹਿਯੋਗੀਆਂ ਨਾਲ ਮਿਲ ਕੇ ਫਰਜ਼ੀ ਦਸਤਾਵੇਜ਼ਾਂ ਦੇ ਆਧਾਰ ‘ਤੇ ਨੀਦਰਲੈਂਡ ‘ਚ ਧੋਖਾਧੜੀ ਤੇ ਜਾਅਲਸਾਜ਼ੀ ਕੀਤੀ। ਸੂਤਰਾਂ ਅਨੁਸਾਰ ਪੱਬੀ ਨੂੰ 23 ਜੁਲਾਈ ਤੱਕ ਈ.ਡੀ. ਮੋਹਾਲੀ ਦੀ ਕਸਟਡੀ ‘ਚ ਭੇਜਿਆ ਗਿਆ ਹੈ।