ਚੰਡੀਗੜ੍ਹ . ਪੰਜਾਬ ਸਰਕਾਰ ਵੱਲੋਂ ਕੋਰੋਨਾ ਵਾਇਰਸ ਲਈ ਲਗਾਏ ਗਏ ਕਰਫਿਊ ਦੌਰਾਨ ਵਸਤਾਂ ਨੂੰ ਵੱਧ ਭਾਅ ਉੱਤੇ ਨਾ ਵੇਚਣ ਸਬੰਧੀ ਮੁੱਖ ਡਾਇਰੈਕਟਰ, ਵਿਜੀਲੈਂਸ ਬਿਊਰੋ, ਪੰਜਾਬ ਬੀ.ਕੇ. ਉੱਪਲ ਵੱਲੋਂ ਜਾਰੀ ਹਦਾਇਤਾਂ ਦੇ ਮੱਦੇਨਜ਼ਰ ਬਿਊਰੋ ਦੇ ਉੱਡਣ ਦਸਤੇ ਨੇ ਐਸ.ਏ.ਐਸ. ਨਗਰ ਦੇ ਫੇਜ਼ 3 ਬੀ-2, ਵਿਖੇ ਇੰਡਸ ਫਾਰਮੇਸੀ ਦੇ ਮਾਲਕ ਦਿਨੇਸ਼ ਕੁਮਾਰ ਨੂੰ ਕਾਬੂ ਕੀਤਾ ਹੈ।
ਇਸ ਸਬੰਧੀ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਮਿਲੀਆਂ ਸ਼ਿਕਾਇਤਾਂ ਦੇ ਅਧਾਰ ਉੱਤੇ ਵਿਜੀਲੈਂਸ ਦੇ ਉਡਣ ਦਸਤੇ ਨੇ ਏ.ਆਈ.ਜੀ ਅਸ਼ੀਸ਼ ਕਪੂਰ ਦੀ ਨਿਗਰਾਨੀ ਅਧੀਨ ਟੀਮ ਨੇ ਉਕਤ ਦਵਾਈਆਂ ਦੀ ਦੁਕਾਨ ਉੱਤੇ ਛਾਪਾ ਮਾਰਿਆ ਤਾਂ ਉਥੇ ਸੈਨੀਟਾਈਜ਼ਰ ਅਤੇ ਮਾਸਕ ਆਮ ਰੇਟ ਤੋਂ ਬਹੁਤ ਵੱਧ ਰੇਟਾਂ ਉੱਤੇ ਵੇਚੇ ਜਾ ਰਹੇ ਸਨ। ਵਿਜੀਲੈਂਸ ਟੀਮ ਨੇ ਉਸ ਦਵਾ ਵਿਕਰੇਤਾ ਨੂੰ ਵੱਧ ਰੇਟ ‘ਤੇ ਮਾਸਕ ਅਤੇ ਸੈਨੀਟਾਈਜ਼ਰ ਵੇਚਣ ਕਾਰਨ ਕਾਬੂ ਕਰ ਲਿਆ ਜਿਸ ਵਿਰੁੱਧ ਐਸ.ਏ.ਐਸ. ਨਗਰ ਦੇ ਥਾਣਾ ਮਟੌਰ ਵਿਖੇ ਆਈ.ਪੀ.ਸੀ ਦੀ ਧਾਰਾ 188 ਤਹਿਤ ਮੁਕੱਦਮਾ ਨੰਬਰ 64 ਦਰਜ ਕੀਤਾ ਗਿਆ ਹੈ।
ਜ਼ਿਕਰਯੋਗ ਹੈ ਕਿ ਬਿਓਰੋ ਦੇ ਮੁੱਖ ਡਾਇਰੈਕਟਰ ਬੀ.ਕੇ. ਉੱਪਲ ਨੇ ਪਹਿਲਾਂ ਹੀ ਵਿਜੀਲੈਂਸ ਦੇ ਸਾਰੇ ਅਧਿਕਾਰੀਆਂ ਨੂੰ ਜ਼ਿਲ੍ਹਿਆਂ ਵਿੱਚ ਪ੍ਰਸਾਸਨ ਅਤੇ ਜ਼ਿਲ੍ਹਾ ਪੁਲਿਸ ਨਾਲ ਤਾਲਮੇਲ ਰੱਖਣ ਅਤੇ ਹਰ ਤਰ੍ਹਾਂ ਦੇ ਸਹਿਯੋਗ ਅਤੇ ਸਹਾਇਤਾ ਕਰਨ ਦਾ ਨਿਰਦੇਸ਼ ਦਿੱਤਾ ਹੋਇਆ ਹੈ। ਇਸ ਤੋਂ ਇਲਾਵਾ ਅਧਿਕਾਰੀਆਂ ਨੂੰ ਇਹ ਵੀ ਨਿਰਦੇਸ਼ ਦਿੱਤੇ ਹਨ ਕਿ ਉਹ ਜਰੂਰੀ ਚੀਜਾਂ ਨੂੰ ਭੰਡਾਰ ਕਰਨ ਜਾਂ ਮੁਨਾਫ਼ਖੋਰੀ ਕਰਨ ਵਾਲਿਆਂ ਸਮੇਤ ਕਰੋਨਾ ਵਾਇਰਸ ਦੀ ਰੋਕਥਾਮ ਲਈ ਸਰਕਾਰ ਵੱਲੋਂ ਕੀਤੇ ਜਾ ਰਹੇ ਯਤਨਾ ਨੂੰ ਲਾਗੂ ਕਰਨ ਵਿਚ ਜਾਣਬੁੱਝ ਕੇ ਬੇਨਿਯਮੀਆਂ ਕਰਨ ਵਾਲਿਆਂ ‘ਤੇ ਵੀ ਕਰੜੀ ਨਜ਼ਰ ਰੱਖਣ।
Note : ਵਟਸਐਪ ‘ਤੇ ਖਬਰਾਂ ਦੇ ਅਪਡੇਟਸ ਮੰਗਵਾਉਣ ਲਈ 97687-90001 ਨੂੰ ਅਪਣੇ ਮੋਬਾਈਲ ‘ਚ ਸੇਵ ਕਰਕੇ news updates ਮੈਸੇਜ ਕਰੋ ਜਾਂ ਸਾਡੇ WhatsApp ਗਰੁੱਪ ਨਾਲ ਜੁੜਣ ਲਈ ‘ਤੇ ਕਲਿੱਕ ਕਰੋ।