ਲੁਧਿਆਣਾ : ਔਰਤ ਨੇ ਨਾਜਾਇਜ਼ ਸੰਬੰਧਾਂ ‘ਚ ਅੜਿੱਕਾ ਬਣੇ ਪਤੀ ਨੂੰ 2 ਪ੍ਰੇਮੀਆਂ ਨਾਲ ਮਿਲ ਕੇ ਕੀਤਾ ਕਤਲ

0
1295

ਲੁਧਿਆਣਾ | ਪ੍ਰਤਾਪ ਨਗਰ ਇਲਾਕੇ ਦੀ ਰਹਿਣ ਵਾਲੀ ਇਕ ਔਰਤ ਨੇ ਆਪਣੇ 2 ਪ੍ਰੇਮੀਆਂ ਨਾਲ ਮਿਲ ਕੇ ਨਾਜਾਇਜ਼ ਸੰਬੰਧਾਂ ‘ਚ ਅੜਿੱਕਾ ਬਣ ਰਹੇ ਆਪਣੇ ਪਤੀ ਦਾ ਕਤਲ ਕਰ ਦਿੱਤਾ। ਇੰਨਾ ਹੀ ਨਹੀਂ, ਦੋਸ਼ੀ ਨੇ ਕਿਸੇ ਨੂੰ ਦੱਸੇ ਬਿਨਾਂ ਉਸ ਦੀਆਂ ਅੰਤਿਮ ਰਸਮਾਂ ਵੀ ਕਰ ਦਿੱਤੀਆਂ।

ਥਾਣਾ ਡਾਬਾ ਦੀ ਪੁਲਿਸ ਨੇ ਤਿੰਨਾਂ ਆਰੋਪੀਆਂ ਖਿਲਾਫ ਮਾਮਲਾ ਦਰਜ ਕਰਕੇ ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਇੰਸਪੈਕਟਰ ਰੋਹਿਤ ਸ਼ਰਮਾ ਨੇ ਦੱਸਿਆ ਕਿ ਆਰੋਪੀਆਂ ਦੀ ਪਛਾਣ ਪ੍ਰਤਾਪ ਨਗਰ ਦੀ ਰਹਿਣ ਵਾਲੀ ਮਨੀਸ਼ਾ, ਕੋਟ ਮੰਗਲ ਸਿੰਘ ਵਾਸੀ ਰਮੇਸ਼ ਤੇ ਮੱਘਰ ਚਾਹ ਮਿੱਲ ਦੇ ਰਹਿਣ ਵਾਲੇ ਬਰਫਤ ਅੰਸਾਰੀ ਵਜੋਂ ਹੋਈ ਹੈ।

ਪੁਲਿਸ ਨੇ ਉੱਤਰ ਪ੍ਰਦੇਸ਼ ਦੇ ਗੋਂਡਾ ਜ਼ਿਲੇ ਅਧੀਨ ਮਾਨਕਾਪੁਰ ਥਾਣੇ ਦੇ ਲਾਮਤੀ ਉਰਖਾ ਪਿੰਡ ਦੇ ਵਸਨੀਕ ਬੇਚਨ ਰਾਮ ਦੀ ਸ਼ਿਕਾਇਤ ‘ਤੇ ਆਰੋਪੀਆਂ ਖਿਲਾਫ ਮਾਮਲਾ ਦਰਜ ਕੀਤਾ ਹੈ।

ਆਪਣੇ ਬਿਆਨ ‘ਚ ਉਸ ਨੇ ਦੱਸਿਆ ਕਿ ਉਸ ਦੇ ਛੋਟੇ ਭਰਾ ਰਾਮਲਗਨ ਦਾ ਵਿਆਹ ਸਾਲ 2000 ਵਿੱਚ ਮਨੀਸ਼ਾ ਨਾਲ ਹੋਇਆ ਸੀ। ਵਿਆਹ ਤੋਂ ਬਾਅਦ ਉਸ ਦਾ ਭਰਾ ਆਪਣੇ ਪਰਿਵਾਰ ਸਮੇਤ ਭਗਵਾਨ ਚੌਕ ਨੇੜੇ ਪ੍ਰਤਾਪਪੁਰਾ ਇਲਾਕੇ ‘ਚ ਰਹਿਣ ਲੱਗ ਪਿਆ।

ਉਸ ਦਾ ਭਰਾ ਅਕਸਰ ਉਸ ਨੂੰ ਕਹਿੰਦਾ ਸੀ ਕਿ ਮਨੀਸ਼ਾ ਦੇ ਰਮੇਸ਼ ਤੇ ਬਰਫਤ ਅੰਸਾਰੀ ਨਾਲ ਨਾਜਾਇਜ਼ ਸੰਬੰਧ ਹਨ, ਜਿਸ ਕਾਰਨ ਉਨ੍ਹਾਂ ਵਿੱਚ ਹਰ ਰੋਜ਼ ਲੜਾਈ ਹੁੰਦੀ ਰਹਿੰਦੀ ਹੈ।

21 ਸਤੰਬਰ ਨੂੰ ਮਨੀਸ਼ਾ ਨੇ ਫੋਨ ਕਰਕੇ ਬੇਚਨ ਰਾਮ ਨੂੰ ਦੱਸਿਆ ਕਿ ਰਾਮਲਗਨ ਲਾਪਤਾ ਹੋ ਗਿਆ ਹੈ। ਫਿਰ 22 ਸਤੰਬਰ ਨੂੰ ਉਸ ਨੇ ਦੱਸਿਆ ਕਿ ਰਾਮਲਗਨ ਦੀ ਲਾਸ਼ ਨਹਿਰ ਨੇੜੇ ਝੋਨੇ ਦੇ ਖੇਤਾਂ ‘ਚ ਪਈ ਮਿਲੀ।

ਬੇਚਨ ਰਾਮ ਨੇ ਦੋਸ਼ ਲਾਇਆ ਕਿ ਉਸ ਦੇ ਕਹਿਣ ਦੇ ਬਾਵਜੂਦ ਆਰੋਪੀ ਔਰਤ ਨੇ ਉਸ ਦੇ ਆਉਣ ਤੋਂ ਪਹਿਲਾਂ ਉਸ ਦੇ ਭਰਾ ਦਾ ਅੰਤਿਮ ਸੰਸਕਾਰ ਕਰ ਦਿੱਤਾ। ਉਸ ਨੂੰ ਪੱਕਾ ਯਕੀਨ ਹੈ ਕਿ ਆਰੋਪੀਆਂ ਨੇ ਸਾਜ਼ਿਸ਼ ਤਹਿਤ ਉਸ ਦੇ ਭਰਾ ਦਾ ਕਤਲ ਕੀਤਾ ਹੈ।

ਇੰਸਪੈਕਟਰ ਰੋਹਿਤ ਸ਼ਰਮਾ ਨੇ ਕਿਹਾ ਕਿ ਆਰੋਪੀਆਂ ਦੀ ਗ੍ਰਿਫਤਾਰੀ ਲਈ ਉਨ੍ਹਾਂ ਦੇ ਟਿਕਾਣਿਆਂ ‘ਤੇ ਛਾਪੇਮਾਰੀ ਕੀਤੀ ਜਾ ਰਹੀ ਹੈ ਤੇ ਉਨ੍ਹਾਂ ਨੂੰ ਜਲਦ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ।