ਲੁਧਿਆਣਾ : ਖਾਲੀ ਪਲਾਟ ‘ਚੋਂ ਮਿਲਿਆ ਹਜ਼ਾਰਾਂ ਲੀਟਰ ਤੇਜ਼ਾਬ : ਗੈਸ ਲੀਕ ਹੋਣ ਤੋਂ ਬਾਅਦ ਹਰਕਤ ‘ਚ ਆਇਆ ਵਿਭਾਗ

0
740

ਲੁਧਿਆਣਾ| ਪੁਲਿਸ ਅਤੇ ਪੀਪੀਸੀਬੀ ਨੇ ਲੁਧਿਆਣਾ ਦੇ ਗਿਆਸਪੁਰਾ ਵਿੱਚ ਇੱਕ ਖਾਲੀ ਪਲਾਟ ਵਿੱਚੋਂ ਹਜ਼ਾਰਾਂ ਲੀਟਰ ਤੇਜ਼ਾਬ ਬਰਾਮਦ ਕੀਤਾ ਹੈ। ਫਿਲਹਾਲ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਗੋਦਾਮ ਦੇ ਮਾਲਕ ਕੋਲ ਤੇਜ਼ਾਬ ਸਟੋਰ ਕਰਨ ਦੀ ਮਨਜ਼ੂਰੀ ਕਰੀਬ 5 ਸਾਲ ਪਹਿਲਾਂ ਖਤਮ ਹੋ ਚੁੱਕੀ ਹੈ। ਇਸ ਦੇ ਨਾਲ ਹੀ ਇਸ ਗੋਦਾਮ ਦੇ ਮਾਲਕ ਨੇ ਕੁਝ ਮਨਜ਼ੂਰੀਆਂ ਰੀਨਿਊ ਕਰਵਾਉਣ ਲਈ ਵਿਭਾਗਾਂ ਨੂੰ ਦਰਖਾਸਤ ਵੀ ਦਿੱਤੀ ਹੈ।

ਦੂਜੇ ਪਾਸੇ ਗੋਦਾਮ ਦੇ ਮਾਲਕ ਨਰੇਸ਼ ਨੇ ਦੱਸਿਆ ਕਿ ਉਸ ਕੋਲ 2024 ਤੱਕ ਫੂਡ ਸਪਲਾਈ ਵਿਭਾਗ ਵੱਲੋਂ ਜਾਰੀ ਕੀਤਾ ਗਿਆ ਜੀਐਸਟੀ ਨੰਬਰ ਅਤੇ ਲਾਇਸੈਂਸ ਹੈ। ਉਹ ਕੈਮੀਕਲ ਸਿਰਫ਼ ਉਨ੍ਹਾਂ ਲੋਕਾਂ ਨੂੰ ਵੇਚਦਾ ਹੈ ਜਿਨ੍ਹਾਂ ਕੋਲ ਜੀਐਸਟੀ ਨੰਬਰ ਹੈ। ਜਿਸ ਸਮੇਂ ਉਸ ਨੇ ਇਹ ਗੋਦਾਮ ਲਿਆ ਸੀ, ਉਸ ਸਮੇਂ ਇਹ ਇਲਾਕਾ ਖਾਲੀ ਸੀ। ਹੁਣ ਇਹ ਰਿਹਾਇਸ਼ੀ ਹੈ। ਜੇਕਰ ਸਰਕਾਰ ਨੂੰ ਕੋਈ ਦਿੱਕਤ ਹੈ ਤਾਂ ਉਹ ਜਗ੍ਹਾ ਬਦਲ ਦੇਣਗੇ।

ਇਲਾਕੇ ‘ਚ ਪੁਲਸ ਦੀ ਛਾਪੇਮਾਰੀ ਤੋਂ ਬਾਅਦ ਕਈ ਫੈਕਟਰੀ ਸੰਚਾਲਕਾਂ ‘ਚ ਹਫੜਾ-ਦਫੜੀ ਮਚ ਗਈ ਹੈ। ਏਸੀਪੀ ਸੰਦੀਪ ਵਢੇਰਾ ਨੇ ਦੱਸਿਆ ਕਿ ਫਿਲਹਾਲ ਸਾਰੇ ਕਾਗਜ਼ਾਤ ਕਬਜ਼ੇ ਵਿੱਚ ਲੈ ਲਏ ਗਏ ਹਨ। ਸਬੰਧਤ ਵਿਭਾਗ ਦੇ ਅਧਿਕਾਰੀਆਂ ਨੂੰ ਵੀ ਸੂਚਿਤ ਕਰ ਦਿੱਤਾ ਗਿਆ ਹੈ। ਉਹ ਇਨ੍ਹਾਂ ਕਾਗਜ਼ਾਂ ਦੀ ਜਾਂਚ ਕਰੇਗਾ, ਜੇਕਰ ਕਾਨੂੰਨ ਦੇ ਉਲਟ ਕੁਝ ਪਾਇਆ ਗਿਆ ਤਾਂ ਲੋੜੀਂਦੀ ਕਾਰਵਾਈ ਕੀਤੀ ਜਾਵੇਗੀ।

ਦੱਸ ਦੇਈਏ ਕਿ ਪੁਲਿਸ ਵੱਲੋਂ ਇਹ ਕਾਰਵਾਈ ਵਿਧਾਇਕ ਰਜਿੰਦਰਪਾਲ ਕੌਰ ਛੀਨਾ ਦੀ ਸੂਚਨਾ ‘ਤੇ ਕੀਤੀ ਗਈ ਹੈ। 30 ਅਪ੍ਰੈਲ ਨੂੰ ਗਿਆਸਪੁਰਾ ਸੂਆ ਰੋਡ ‘ਤੇ ਸੀਵਰੇਜ ‘ਚ ਤੇਜ਼ਾਬ ਸੁੱਟਣ ਤੋਂ ਬਾਅਦ ਗੈਸ ਲੀਕ ਹੋਣ ਦਾ ਮਾਮਲਾ ਸਾਹਮਣੇ ਆਇਆ ਸੀ। ਇਸ ਗੈਸ ਲੀਕ ਹੋਣ ਕਾਰਨ 11 ਲੋਕਾਂ ਦੀ ਮੌਤ ਹੋ ਗਈ ਸੀ। ਇਸ ਕਾਰਨ ਗਿਆਸਪੁਰਾ ਇਲਾਕੇ ਵਿੱਚ ਲਗਾਤਾਰ ਚੈਕਿੰਗ ਆਦਿ ਕੀਤੀ ਜਾ ਰਹੀ ਹੈ।