ਲੁਧਿਆਣਾ | ਇਥੇ ਖੜ੍ਹੀ ਕਾਰ ਦਾ ਸ਼ੀਸ਼ਾ ਤੋੜ ਕੇ ਚੋਰ 4 ਲੱਖ 75 ਹਜ਼ਾਰ ਰੁਪਏ ਦੀ ਨਕਦੀ ਲੈ ਗਏ। ਇਸ ਸਬੰਧੀ ਥਾਣਾ ਡਵੀਜ਼ਨ ਨੰਬਰ 6 ਦੀ ਪੁਲਿਸ ਨੂੰ ਜਾਣਕਾਰੀ ਦਿੰਦਿਆਂ ਬਸੰਤ ਐਵੀਨਿਊ ਦੇ ਰਹਿਣ ਵਾਲੇ ਨਰੇਸ਼ ਕੁਮਾਰ ਨੇ ਦੱਸਿਆ ਕਿ ਉਹ ਸ਼ਰਾਬ ਦੇ ਠੇਕਿਆਂ ਦੀ ਕੰਪਨੀ ਵਿਚ ਬਤੌਰ ਮੈਨੇਜਰ ਨੌਕਰੀ ਕਰਦਾ ਹੈ।
ਨਰੇਸ਼ ਨੇ ਦੱਸਿਆ ਕਿ ਉਹ ਪ੍ਰਤਾਪ ਚੌਕ ਦੇ ਠੇਕਿਆਂ ਦੀ ਕੁਲੈਕਸ਼ਨ ਕਰ ਰਿਹਾ ਸੀ। 4 ਲੱਖ 75 ਹਜ਼ਾਰ ਰੁਪਏ ਦੀ ਕੁਲੈਕਸ਼ਨ ਕਰਕੇ ਉਸਨੇ ਬੰਡਲ ਕਾਰ ਵਿਚ ਰੱਖ ਦਿੱਤੇ । ਆਪਣੀ ਕਾਰ ਖੜ੍ਹੀ ਕੀਤੀ ਅਤੇ 12:45 ਵਜੇ ਦੇ ਕਰੀਬ ਉਹ ਬਸੰਤ ਪਾਰਕ ਵਾਲੇ ਠੇਕੇ ਤੋਂ ਕੈਸ਼ ਲੈਣ ਚਲਾ ਗਿਆ। ਕੁਝ ਸਮੇਂ ਬਾਅਦ ਜਦੋਂ ਨਰੇਸ਼ ਵਾਪਸ ਆਇਆ ਤਾਂ ਉਸ ਨੇ ਦੇਖਿਆ ਕਿ ਕਾਰ ਦੀ ਤਾਕੀ ਦਾ ਸ਼ੀਸ਼ਾ ਟੁੱਟਾ ਹੋਇਆ ਸੀ।
ਜਾਂਚ ਕਰਨ ‘ਤੇ ਪਤਾ ਲੱਗਾ ਕਿ ਕਾਰ ‘ਚੋਂ ਸਾਰਾ ਕੈਸ਼ ਚੋਰੀ ਹੋ ਚੁੱਕਾ ਸੀ। ਪੁਲਿਸ ਦਾ ਕਹਿਣਾ ਹੈ ਕਿ ਇਲਾਕੇ ਵਿਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲ ਕੇ ਕੇਸ ਦੀ ਤਫਤੀਸ਼ ਸ਼ੁਰੂ ਕਰ ਦਿੱਤੀ ਗਈ ਹੈ।