ਲੁਧਿਆਣਾ ਪੁਲਿਸ ਨੇ ਫੜਿਆ ਅਨੋਖਾ ਚੋਰ : 5 ਵਜੇ ਤੋਂ ਬਾਅਦ ਨਜ਼ਰ ਨਾ ਆਉਣ ਕਾਰਨ ਦਿਨ ਵੇਲੇ ਕਰਦਾ ਸੀ ਚੋਰੀਆਂ

0
504

ਲੁਧਿਆਣਾ| ਜ਼ਿਲੇ ਦੀ ਪੁਲਿਸ ਨੇ ਇੱਕ ਅਨੋਖੇ ਚੋਰ ਨੂੰ ਫੜਿਆ ਹੈ। ਇਹ ਚੋਰ ਸ਼ਾਮ 5 ਵਜੇ ਤੋਂ ਬਾਅਦ ਨਜ਼ਰ ਆਉਣਾ ਬੰਦ ਹੋ ਜਾਂਦਾ ਹੈ। ਇਸ ਕਾਰਨ ਉਹ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਸੂਰਜ ਛਿਪਣ ਤੋਂ ਪਹਿਲਾਂ ਘਰ ਪਹੁੰਚ ਜਾਂਦਾ ਸੀ। ਮੁਲਜ਼ਮ ਨੂੰ ਸੀਆਈਏ-3 ਦੀ ਪੁਲਿਸ ਨੇ ਬਰੇਲ ਭਵਨ ਜਮਾਲਪੁਰ ਤੋਂ ਗ੍ਰਿਫ਼ਤਾਰ ਕੀਤਾ ਹੈ।

ਪੰਡਿਤ ਦੇ ਕਹਿਣ ‘ਤੇ ਨਾਮ ਬਦਲਿਆ
ਫੜੇ ਗਏ ਚੋਰ ਨੇ ਆਪਣੇ ਦੋ ਸ਼ਨਾਖਤੀ ਕਾਰਡ ਬਣਾਏ ਸਨ। ਕਿਸੇ ਪੰਡਤ ਨੇ ਉਸ ਨੂੰ ਕਿਹਾ ਸੀ ਕਿ ਉਹ ਆਪਣਾ ਨਾਂ ਬਦਲ ਲਵੇ ਨਹੀਂ ਤਾਂ ਉਹ ਕਿਸੇ ਨਾ ਕਿਸੇ ਕੇਸ ਵਿਚ ਫਸ ਜਾਵੇਗਾ। ਇਸ ਕਾਰਨ ਇਸ ਚੋਰ ਨੇ ਆਪਣਾ ਨਾਂ ਬਦਲ ਲਿਆ। ਮੁਲਜ਼ਮ ਦੀ ਪਛਾਣ ਜਸਵੰਤ ਸਿੰਘ ਉਰਫ਼ ਪ੍ਰਧਾਨ ਅਤੇ ਰਾਜਵੀਰ ਉਰਫ਼ ਲਾਡੀ (42) ਵਾਸੀ ਪਿੰਡ ਨੋਲਦੀ ਖੰਨਾ ਸਦਰ ਵਜੋਂ ਹੋਈ ਹੈ। ਫਿਲਹਾਲ ਮੁਲਜ਼ਮ ਗਲੀ ਨੰਬਰ 3, ਬਚਿਤਰਾ ਨਗਰ, ਲੁਧਿਆਣਾ ਦਾ ਰਹਿਣ ਵਾਲਾ ਹੈ।

ਜਸਵੰਤ ਸਿੰਘ ਦੇ ਨਾਮ ’ਤੇ 4 ਕੇਸ ਦਰਜ ਹਨ
ਮੁਲਜ਼ਮ ਖ਼ਿਲਾਫ਼ ਹੁਣ ਤੱਕ 6 ਕੇਸ ਦਰਜ ਹਨ, ਜਿਨ੍ਹਾਂ ਵਿੱਚ ਉਸ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ ਇੱਕ ਕੇਸ ਵਿੱਚ ਇਹ ਇੱਕ ਭਗੌੜਾ ਕਰਾਰ ਸੀ। 4 ਕੇਸਾਂ ਵਿੱਚ ਉਹ ਜਸਵੰਤ ਸਿੰਘ ਦੇ ਨਾਂ ਨਾਲ ਨਾਮਜ਼ਦ ਹੈ। ਇਨ੍ਹਾਂ ਕੇਸਾਂ ਵਿੱਚ ਮੁਲਜ਼ਮ ਦਾ ਪਛਾਣ ਪੱਤਰ ਜਸਵੰਤ ਸਿੰਘ ਦੇ ਨਾਂ ’ਤੇ ਬਣਿਆ ਹੈ। ਇਸ ਤੋਂ ਬਾਅਦ ਮੁਲਜ਼ਮ ਨੇ ਆਪਣਾ ਨਾਂ ਬਦਲ ਲਿਆ ਅਤੇ ਬਾਕੀ ਮਾਮਲੇ ਰਾਜਵੀਰ ਦੇ ਨਾਂ ’ਤੇ ਦਰਜ ਹਨ। ਮੁਲਜ਼ਮ ਨੇ ਪੁੱਛਗਿੱਛ ਦੌਰਾਨ ਖੁਲਾਸਾ ਕੀਤਾ ਕਿ ਉਸ ਨੇ ਦੋ ਨਾਂ ਦੱਸੇ ਸਨ।

ਕੇਂਦਰੀ ਜੇਲ੍ਹ ਪ੍ਰਸ਼ਾਸਨ ਆਪਣੇ ਆਪ ਨੂੰ ਹਾਈਟੈੱਕ ਦੱਸਦਾ ਹੈ ਪਰ ਇਸ ਮੁਲਜ਼ਮ ਨੇ ਜੇਲ੍ਹ ਪ੍ਰਸ਼ਾਸਨ ਦੀਆਂ ਅੱਖਾਂ ਵਿੱਚ ਵੀ ਘੱਟਾ ਪਾ ਦਿੱਤਾ ਹੈ। ਉਹ ਵੱਖ-ਵੱਖ ਕੇਸਾਂ ਵਿੱਚ ਦੋ ਨਾਵਾਂ ਹੇਠ ਜੇਲ੍ਹ ਵਿੱਚ ਰਹਿ ਚੁੱਕਾ ਹੈ ਅਤੇ ਜੇਲ੍ਹ ਪ੍ਰਸ਼ਾਸਨ ਨੂੰ ਵੀ ਇਸ ਦਾ ਕੋਈ ਸੁਰਾਗ ਨਹੀਂ ਲੱਗਾ।

ਐਕਟਿਵਾ ‘ਤੇ ਅਪਰਾਧ ਕਰਨ ਲਈ ਵਰਤਿਆ ਜਾਅਲੀ ਨੰਬਰ
ਉਹ ਦਿਨ-ਦਿਹਾੜੇ ਬੰਦ ਪਏ ਮਕਾਨਾਂ ਦੇ ਤਾਲੇ ਤੋੜ ਕੇ ਨਕਦੀ ਅਤੇ ਗਹਿਣੇ ਚੋਰੀ ਕਰ ਲੈਂਦਾ ਸੀ। ਮੁਲਜ਼ਮ ਦੇ ਕਬਜ਼ੇ ’ਚੋਂ ਜਾਅਲੀ ਨੰਬਰ ਪਲੇਟ ਵਾਲੀ ਇੱਕ ਚਿੱਟੇ ਰੰਗ ਦੀ ਐਕਟਿਵਾ, 2 ਸੋਨੇ ਦੀਆਂ ਵਾਲੀਆਂ, ਛੇ ਮੁੰਦਰੀਆਂ, ਇੱਕ ਸੋਨੇ ਦੀ ਚੇਨ ਸਮੇਤ ਇੱਕ ਲਾਕੇਟ ਅਤੇ ਦੋ ਚਾਂਦੀ ਦੀਆਂ ਪੁੜੀਆਂ ਬਰਾਮਦ ਕੀਤੀਆਂ ਗਈਆਂ ਹਨ। ਡੀ.ਸੀ.ਪੀ ਇਨਵੈਸਟੀਗੇਸ਼ਨ ਵਰਿੰਦਰ ਸਿੰਘ ਬਰਾੜ, ਏ.ਡੀ.ਸੀ.ਪੀ ਇਨਵੈਸਟੀਗੇਸ਼ਨ ਰੁਪਿੰਦਰ ਕੌਰ ਨੇ ਦੱਸਿਆ ਕਿ ਕਥਿਤ ਦੋਸ਼ੀ ਨੂੰ ਬੀਤੇ ਦਿਨ ਬਰੇਲ ਭਵਨ ਜਮਾਲਪੁਰ ਤੋਂ ਗੁਪਤ ਸੂਚਨਾ ‘ਤੇ ਕਾਬੂ ਕੀਤਾ ਗਿਆ ਸੀ। ਦੋਸ਼ੀ ਨੇ ਪੁਲਸ ਨੂੰ ਦੱਸਿਆ ਕਿ ਸ਼ਾਮ 5 ਵਜੇ ਤੋਂ ਬਾਅਦ ਉਸ ਨੂੰ ਨਜ਼ਰ ਨਹੀਂ ਆਉਂਦਾ। ਉਹ ਬੰਦ ਪਏ ਜਾਂ ਛੱਡੇ ਘਰਾਂ ਨੂੰ ਨਿਸ਼ਾਨਾ ਬਣਾਉਂਦਾ ਸੀ। ਇਸ ਕਾਰਨ ਉਹ ਦਿਨ ਵੇਲੇ ਵਾਰਦਾਤਾਂ ਨੂੰ ਅੰਜਾਮ ਦੇ ਕੇ 5 ਵਜੇ ਤੋਂ ਪਹਿਲਾਂ ਘਰ ਪਹੁੰਚ ਜਾਂਦਾ ਸੀ। ਪੁਲਿਸ ਮੁਲਜ਼ਮ ਨੂੰ ਅਦਾਲਤ ਵਿੱਚ ਪੇਸ਼ ਕਰ ਕੇ ਰਿਮਾਂਡ ਹਾਸਲ ਕਰੇਗੀ।