ਲੁਧਿਆਣਾ| ਇਥੇ 5 ਦਿਨ ਪਹਿਲਾਂ ਮੰਡੀ ਬੋਰਡ ਦੇ ਸਾਬਕਾ ਚੇਅਰਮੈਨ ਦਰਸ਼ਨ ਲਾਲ ਲੱਡੂ ਦੇ ਨੂਰਵਾਲਾ ਪ੍ਰਾਪਰਟੀ ਦਫਤਰ ‘ਚ ਪਿਸਤੌਲ ਦੀ ਨੋਕ ‘ਤੇ ਲੁੱਟ ਦੇ ਮਾਮਲੇ ‘ਚ ਪੁਲਿਸ ਨੇ 3 ਬਦਮਾਸ਼ਾਂ ਨੂੰ ਗ੍ਰਿਫਤਾਰ ਕੀਤਾ ਹੈ। ਬਾਕੀ ਦੋ ਬਦਮਾਸ਼ ਅਜੇ ਫਰਾਰ ਹਨ। ਪੁਲਿਸ ਨੇ ਫਰਾਰ ਮੁਲਜ਼ਮਾਂ ਨੂੰ ਫੜਨ ਲਈ ਜਾਲ ਵਿਛਾ ਦਿੱਤਾ ਹੈ।
ਪੁਲਿਸ ਨੇ ਮੁਲਜ਼ਮਾਂ ਕੋਲੋਂ 2 ਪਿਸਤੌਲ, 3 ਜ਼ਿੰਦਾ ਕਾਰਤੂਸ, 1 ਦਾਤਰ ਅਤੇ ਲੁੱਟੀ ਹੋਈ 15 ਹਜ਼ਾਰ ਰੁਪਏ ਦੀ ਨਕਦੀ ਬਰਾਮਦ ਕੀਤੀ ਹੈ। ਇਸ ਦੇ ਨਾਲ ਹੀ ਮੁਲਜ਼ਮਾਂ ਵੱਲੋਂ ਵਾਰਦਾਤ ਵਿੱਚ ਵਰਤੀ ਗਈ ਬਾਈਕ ਪੈਸ਼ਨ ਪ੍ਰੋ ਵੀ ਪੁਲਿਸ ਨੇ ਬਰਾਮਦ ਕਰ ਲਈ ਹੈ। ਮੁਲਜ਼ਮਾਂ ਦੀ ਪਛਾਣ ਸਿਮਰਨਜੀਤ ਸਿੰਘ ਉਰਫ਼ ਸੰਨੀ, ਰਾਜਨ ਕੁਮਾਰ ਉਰਫ਼ ਰਾਜਾ ਅਤੇ ਕਰਨ ਕੋਹੇਨੂਰ ਉਰਫ਼ ਨੂਰਮਹਿਲ ਫਾਟਕ ਰੋਡ ਵਜੋਂ ਹੋਈ ਹੈ। ਮੁਲਜ਼ਮਾਂ ਖ਼ਿਲਾਫ਼ ਪਹਿਲਾਂ ਵੀ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਹਨ।
ਲੁੱਟ ਕਰਨ ਵਾਲੇ ਬਦਮਾਸ਼ ਫਿਲੌਰ ਨੇੜਲੇ ਇਲਾਕੇ ਦੇ ਰਹਿਣ ਵਾਲੇ ਹਨ। ਇਸ ਘਟਨਾ ਨੂੰ 5 ਬਦਮਾਸ਼ਾਂ ਨੇ ਅੰਜਾਮ ਦਿੱਤਾ। ਇਹ ਬਦਮਾਸ਼ 2 ਬਾਈਕ ‘ਤੇ ਸਵਾਰ ਹੋ ਕੇ ਆਏ ਸਨ। ਮੁਲਜ਼ਮਾਂ ਨੇ ਕੈਸ਼ੀਅਰ ਵਿਵੇਕ ਦੀ ਕੁੱਟਮਾਰ ਕਰ ਕੇ ਗਲੇ ਵਿੱਚ ਪਈ ਨਕਦੀ ਖੋਹ ਲਈ ਸੀ।
ਕੈਸ਼ੀਅਰ ਅਨੁਸਾਰ 5 ਮੁਲਜ਼ਮ ਇਹ ਕਹਿ ਕੇ ਦਫ਼ਤਰ ਵਿੱਚ ਦਾਖ਼ਲ ਹੋਏ ਸਨ ਕਿ ਉਨ੍ਹਾਂ ਨੇ ਪਲਾਟ ਦੀ ਕਿਸ਼ਤ ਜਮ੍ਹਾ ਕਰਵਾਉਣੀ ਹੈ। ਇਸ ਦਫਤਰ ਵਿੱਚ ਜਾਇਦਾਦਾਂ ਦੀ ਖਰੀਦੋ-ਫਰੋਖਤ ਦਾ ਕਾਰੋਬਾਰ ਕੀਤਾ ਜਾਂਦਾ ਹੈ। ਕੈਸ਼ੀਅਰ ਵਿਵੇਕ ਨੇ ਸੋਚਿਆ ਕਿ ਸ਼ਾਇਦ ਕੋਈ ਕਿਸ਼ਤ ਜਮ੍ਹਾ ਕਰਵਾਉਣ ਆਇਆ ਹੈ ਪਰ ਕੁਝ ਹੀ ਸੈਕਿੰਡਾਂ ਵਿਚ ਹੀ ਮੁਲਜ਼ਮਾਂ ਨੇ ਨਕਦੀ ਲੁੱਟ ਲਈ। ਦੱਸ ਦੇਈਏ ਕਿ ਇਹ ਦਫਤਰ ਐਤਵਾਰ ਨੂੰ ਹੀ ਖੁੱਲ੍ਹਦੇ ਹਨ। ਦੂਜੇ ਪਾਸੇ ਬਾਕੀ ਪ੍ਰਾਪਰਟੀ ਕਾਰੋਬਾਰੀਆਂ ਵਿੱਚ ਪੁਲਿਸ ਪ੍ਰਤੀ ਗੁੱਸਾ ਹੈ।
ਸੀਸੀਟੀਵੀ ਦੀ ਮਦਦ ਨਾਲ ਫੜੇ ਗਏ ਮੁਲਜ਼ਮ
ਘਟਨਾ ਤੋਂ ਬਾਅਦ ਥਾਣਾ ਮੇਹਰਬਾਨ ਦੀ ਪੁਲਿਸ ਮੌਕੇ ‘ਤੇ ਪਹੁੰਚ ਗਈ। ਪੁਲਿਸ ਕੈਸ਼ੀਅਰ ਵਿਵੇਕ ਤੋਂ ਵੀ ਪੁੱਛਗਿੱਛ ਕਰ ਰਹੀ ਹੈ। ਪਤਾ ਲੱਗਾ ਹੈ ਕਿ ਕੁਝ ਕੈਮਰਿਆਂ ‘ਚ ਮੁਲਜ਼ਮਾਂ ਨੂੰ ਭੱਜਦੇ ਦੇਖਿਆ ਗਿਆ ਹੈ। ਘਟਨਾ ਤੋਂ ਬਾਅਦ ਮੁਲਜ਼ਮ ਲਾਡੋਵਾਲ ਵੱਲ ਭੱਜ ਗਏ।