ਲੁਧਿਆਣਾ | ਇਥੋਂ ਇਕ ਮੰਦਭਾਗੀ ਖਬਰ ਸਾਹਮਣੇ ਆਈ ਹੈ। ਚੌਕੀਦਾਰ ਉਦੈ ਬਹਾਦਰ (48) ਦੀ ਹੱਤਿਆ ਦੇ ਮਾਮਲੇ ਨੂੰ ਹੱਲ ਕਰਦਿਆਂ ਥਾਣਾ ਡੇਹਲੋਂ ਦੀ ਪੁਲਿਸ ਨੇ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਹੈ। ਇੰਸਪੈਕਟਰ ਪਰਮਦੀਪ ਸਿੰਘ ਮੁਤਾਬਕ ਗ੍ਰਿਫ਼ਤਾਰ ਕੀਤੇ ਮੁਲਜ਼ਮ ਦੀ ਪਛਾਣ ਆਲਮਗੀਰ ਦੇ ਰਹਿਣ ਵਾਲੇ ਸ਼ੰਕਰ ਬਹਾਦਰ ਵਜੋਂ ਹੋਈ ਹੈ। ਤਫਤੀਸ਼ ਦੌਰਾਨ ਇਹ ਸਾਹਮਣੇ ਆਇਆ ਹੈ ਕਿ ਮੁਲਜ਼ਮ ਨੇ ਪੈਸਿਆਂ ਦੇ ਲੈਣ-ਦੇਣ ਦੇ ਚੱਲਦੇ ਉਦੈ ਬਹਾਦੁਰ ਨੂੰ ਮੌਤ ਦੇ ਘਾਟ ਉਤਾਰਿਆ ਸੀ।
ਥਾਣਾ ਡੇਹਲੋਂ ਦੀ ਪੁਲਿਸ ਨੂੰ ਜਾਣਕਾਰੀ ਦਿੰਦਿਆਂ ਮਿਲਰਗੰਜ ਇਲਾਕੇ ਦੇ ਰਹਿਣ ਵਾਲੇ ਨਰਿੰਦਰ ਸਾਊਦ ਨੇ ਦੱਸਿਆ ਕਿ ਉਦੈ ਬਹਾਦੁਰ ਉਸ ਦਾ ਚਾਚਾ ਸੀ। ਪਿੰਡ ਆਲਮਗੀਰ ਵਿਚ ਚੌਕੀਦਾਰੀ ਕਰਨ ਵਾਲੇ ਉਦੈ ਦੀ ਲਾਸ਼ 7 ਜੂਨ ਨੂੰ ਪਿੰਡ ਸਰੀਂਹ ਦੇ ਨੇੜੇ ਜਰਖੜ ਸੂਏ ਦੇ ਖੇਤਾਂ ‘ਚੋਂ ਮਿਲੀ ਸੀ। ਕਤਲ ਕਰਨ ਤੋਂ ਬਾਅਦ ਲਾਸ਼ ਨੂੰ ਖੁਰਦ-ਬੁਰਦ ਕਰਨ ਦੀ ਕੋਸ਼ਿਸ਼ ਕੀਤੀ ਸੀ।
ਨਰਿੰਦਰ ਬਹਾਦਰ ਨੇ ਜਦੋਂ ਆਲੇ-ਦੁਆਲੇ ਦੇ ਲੋਕਾਂ ਕੋਲੋਂ ਪੁੱਛਗਿੱਛ ਕੀਤੀ ਤਾਂ ਸਾਹਮਣੇ ਆਇਆ ਕਿ ਮੁਲਜ਼ਮ ਸ਼ੰਕਰ ਨਾਲ ਉਸਦੇ ਚਾਚੇ ਉਦੈ ਬਹਾਦੁਰ ਦਾ ਪੈਸਿਆਂ ਦਾ ਲੈਣ-ਦੇਣ ਸੀ ਅਤੇ ਕੁਝ ਦਿਨ ਪਹਿਲਾਂ ਉਨ੍ਹਾਂ ਦਾ ਆਪਸ ਵਿਚ ਝਗੜਾ ਵੀ ਹੋਇਆ ਸੀ। ਲੋਕਾਂ ਨੇ ਦੋਵਾਂ ਨੂੰ ਪਿੰਡ ਜਰਖੜ ਸੂਏ ਵੱਲ ਜਾਂਦੇ ਦੇਖਿਆ ਸੀ। ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਡੇਹਲੋਂ ਦੇ ਮੁਖੀ ਪਰਮਜੀਤ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਮੁਲਜ਼ਮ ਸ਼ੰਕਰ ਬਹਾਦੁਰ ਨੂੰ ਗ੍ਰਿਫ਼ਤਾਰ ਕਰਕੇ ਉਸ ਖਿਲਾਫ ਕਤਲ ਦਾ ਮੁਕੱਦਮਾ ਦਰਜ ਕਰ ਲਿਆ ਹੈ।