ਲੁਧਿਆਣਾ : ਰੈਸਟੋਰੈਂਟ ‘ਚ ਪਾਰਟੀ ਦੌਰਾਨ 2 ਧਿਰਾਂ ਵਿਚਾਲੇ ਹੋਇਆ ਝਗੜਾ; ਰੰਜਿਸ਼ਨ 2 ਨੌਜਵਾਨਾਂ ਨੂੰ ਮਾਰੀਆਂ ਗੋਲੀਆਂ

0
988

ਲੁਧਿਆਣਾ, 8 ਅਕਤੂਬਰ | ਲੁਧਿਆਣਾ ‘ਚ ਤੜਕੇ 2.30 ਵਜੇ 2 ਧਿਰਾਂ ਵਿਚਾਲੇ ਝਗੜੇ ਤੋਂ ਬਾਅਦ ਗੋਲੀਆਂ ਚੱਲ ਗਈਆਂ। ਇਹ ਲੜਾਈ ਸਾਊਥ ਸਿਟੀ ਨੇੜੇ ਇਕ ਰੈਸਟੋਰੈਂਟ ਵਿਚ ਚੱਲ ਰਹੀ ਪਾਰਟੀ ਦੌਰਾਨ ਹੋਈ। ਸ਼ਰਾਬ ਦੇ ਨਸ਼ੇ ਵਿਚ ਦੋਵੇਂ ਗੁੱਟਾਂ ਦੇ ਨੌਜਵਾਨਾਂ ਨੇ ਇਕ-ਦੂਜੇ ਨੂੰ ਗਾਲ੍ਹਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ। ਇਸ ਵਿਚ 2 ਨੌਜਵਾਨ ਗੋਲੀਆਂ ਲੱਗਣ ਨਾਲ ਜ਼ਖ਼ਮੀ ਹੋ ਗਏ।

ਜਾਣਕਾਰੀ ਅਨੁਸਾਰ ਢੱਕਾ ਕਾਲੋਨੀ ਦੇ ਗਰਾਊਂਡ ਵਿਚ ਦੋਵੇਂ ਧੜੇ ਆਹਮੋ-ਸਾਹਮਣੇ ਹੋ ਗਏ। ਇਕ ਗਰੁੱਪ ਦੇ ਨੌਜਵਾਨ ਐਕਟਿਵਾ ‘ਤੇ ਜਾ ਰਹੇ ਸਨ। ਇਸ ਦੌਰਾਨ ਕੁਝ ਨੌਜਵਾਨ ਕਰੀਬ 4 ਤੋਂ 5 ਗੱਡੀਆਂ ਤੋਂ ਹੇਠਾਂ ਉਤਰੇ ਅਤੇ ਗੋਲੀਬਾਰੀ ਸ਼ੁਰੂ ਕਰ ਦਿੱਤੀ। ਗੋਲੀਬਾਰੀ ਦੌਰਾਨ ਦੋਵੇਂ ਨੌਜਵਾਨ ਜ਼ਖਮੀ ਹੋ ਗਏ।

ਜ਼ਖ਼ਮੀਆਂ ਦੀ ਪਛਾਣ ਅਭੈਜੀਤ ਸਿੰਘ ਅਤੇ ਮੁਦੱਤ ਸੂਦ ਵਜੋਂ ਹੋਈ ਹੈ। ਜ਼ਖਮੀਆਂ ਨੂੰ ਤੁਰੰਤ ਨਿੱਜੀ ਹਸਪਤਾਲ ਲਿਜਾਇਆ ਗਿਆ। ਜ਼ਖਮੀਆਂ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਮਾਡਲ ਟਾਊਨ ਥਾਣੇ ਦੀ ਐਸਐਚਓ ਗੁਰਸ਼ਿੰਦਰ ਕੌਰ ਅਨੁਸਾਰ ਸੀਸੀਟੀਵੀ ਚੈੱਕ ਕੀਤੇ ਜਾ ਰਹੇ ਹਨ। ਮੁਲਜ਼ਮਾਂ ਨੂੰ ਜਲਦ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਦੱਸਿਆ ਜਾ ਰਿਹਾ ਹੈ ਕਿ ਦੋਵਾਂ ਗੁੱਟਾਂ ‘ਚ ਪੁਰਾਣੀ ਦੁਸ਼ਮਣੀ ਸੀ, ਜਿਸ ਕਾਰਨ ਦੇਰ ਰਾਤ ਗੈਂਗਵਾਰ ਹੋ ਗਈ।