ਨਡਾਲਾ| ਥਾਣਾ ਢਿੱਲਵਾਂ ਅਧੀਨ ਆਉਂਦੇ ਪਿੰਡ ਚਕੋਕੀ ਵਿਖੇ ਪੁਰਾਣੀ ਰੰਜਿਸ਼ ਦੇ ਚੱਲਦਿਆਂ ਗੁਆਂਢੀ ਵੱਲੋਂ ਬਜ਼ੁਰਗ ਦਾ ਕਹੀ ਮਾਰ ਕੇ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ।ਇਸ ਸਬੰਧੀ ਢਿੱਲਵਾਂ ਪੁਲਿਸ ਨੇ ਦੋਸ਼ੀ ਪਤੀ-ਪਤਨੀ ਖਿਲਾਫ ਮਾਮਲਾ ਦਰਜ ਕੀਤਾ ਹੈ।
ਇਸ ਸਬੰਧੀ ਢਿੱਲਵਾਂ ਪੁਲਿਸ ਨੂੰ ਮ੍ਰਿਤਕ ਬਜ਼ੁਰਗ ਦੀ ਨੂੰਹ ਸ਼ਰਨਜੀਤ ਕੌਰ ਪਤਨੀ ਬਲਬੀਰ ਸਿੰਘ ਵਾਸੀ ਚੱਕੋਕੀ ਥਾਣਾ ਢਿੱਲਵਾਂ ਨੇ ਗੁਆਂਢੀ ਸੁਲੱਖਣ ਸਿੰਘ ਪੁੱਤਰ ਚਰਨਜੀਤ ਸਿੰਘ ਅਤੇ ਉਸਦੀ ਪਤਨੀ ਛਿੰਦੀ ਵਾਸੀ ਚੱਕੋਕੀ ਦੇ ਖਿਲਾਫ ਸ਼ਿਕਾਇਤ ਦਰਜ ਕਰਾਉਦਿਆਂ ਦੱਸਿਆ ਕਿ ਉਸਦਾ ਸਹੁਰਾ ਜੀਤ ਸਿੰਘ ਉਰਫ ਜੀਤਾ (90) ਨਿਹੰਗ ਜੋ ਉਨ੍ਹਾਂ ਕੋਲ ਹੀ ਰਹਿੰਦਾ ਹੈ। ਉਹ ਰੋਜ਼ਾਨਾ ਵਾਂਗ ਸਵੇਰੇ ਘਰੋਂ ਸਵੇਰੇ 07:30 ਵਜੇ ਸੈਰ ਲਈ ਗਿਆ ਸੀ ਤੇ ਜਦੋਂ ਘਰੋਂ ਬਾਹਰ ਨਿਕਲਿਆ ਸੀ ਤਾਂ ਉਨ੍ਹਾਂ ਦਾ ਗੁਆਂਢੀ ਸੁਲੱਖਣ ਸਿੰਘ ਪੁੱਤਰ ਚਰਨਜੀਤ ਸਿੰਘ ਵਾਸੀ ਚੱਕੋਕੀ ਥਾਣਾ ਢਿੱਲਵਾਂ ਵੀ ਆਪਣੀ ਗੋਹੇ ਵਾਲੀ ਰੇਹੜੀ ਲੈ ਕੇ ਆਪਣੇ ਘਰੋਂ ਨਿਕਲਿਆ।
ਇਹ ਦੋਨੋਂ ਜਣੇ ਆਪਸ ਵਿੱਚ ਬਹਿਸਦੇ ਹੋਏ ਬਾਬਾ ਸੈਦੇਸ਼ਾਹ ਨੂੰ ਜਾਂਦੇ ਕੱਚੇ ਰਸਤੇ ਵੱਲ ਨੂੰ ਚੱਲ ਪਏ। ਥੋੜ੍ਹੇ ਸਮੇਂ ਬਾਅਦ ਸੁਲੱਖਣ ਸਿੰਘ ਆਪਣੇ ਘਰ ਨੂੰ ਵਾਪਸ ਆ ਗਿਆ ਤੇ ਇਹ ਦੁਬਾਰਾ ਕਹੀ ਲੈ ਕੇ ਫਿਰ ਚਲਾ ਗਿਆ। ਇਸ ਦੌਰਾਨ ਸਵੇਰੇ 09:00 ਕੁ ਵਜੇ ਇਨ੍ਹਾਂ ਦੇ ਮੁਹੱਲੇ ਵਿੱਚ ਰੌਲਾ ਪੈ ਗਿਆ ਕਿ ਬਾਬਾ ਸੈਦੇਸ਼ਾਹ ਨੂੰ ਜਾਂਦੇ ਕੱਚੇ ਰਸਤੇ ਉਤੇ ਇੱਕ ਬਜ਼ੁਰਗ ਦੀ ਲਾਸ਼ ਪਈ ਹੈ, ਜਿਸਦੇ ਮੂੰਹ ‘ਤੇ ਸੱਟਾਂ ਮਾਰੀਆਂ ਹੋਈਆਂ ਸਨ। ਜਦੋਂ ਅਸੀਂ ਆਪਣੇ ਜੇਠ ਦੇ ਮੁੰਡਿਆਂ ਨਾਲ ਜਾ ਕੇ ਕੱਚੇ ਰਸਤੇ ‘ਤੇ ਪਈ ਲਾਸ਼ ਨੂੰ ਵੇਖਿਆ ਤਾਂ ਇਹ ਲਾਸ਼ ਉਸਦੇ ਸਹੁਰੇ ਦੀ ਸੀ।
ਮ੍ਰਿਤਕ ਬਜ਼ੁਰਗ ਦੀ ਨੂੰਹ ਨੇ ਦੱਸਿਆ ਕਿ ਮੈਨੂੰ ਯਕੀਨ ਹੈ ਕਿ ਉਸਦੇ ਸਹੁਰੇ ਅਜੀਤ ਸਿੰਘ ਨੂੰ ਸਾਡੇ ਗੁਆਂਢੀ ਸੁਲੱਖਣ ਸਿੰਘ ਅਤੇ ਉਸਦੀ ਘਰਵਾਲੀ ਛਿੰਦੀ ਨੇ ਆਪਣੀ ਚੱਲਦੀ ਪਿਛਲੀ ਰੰਜਿਸ਼ ਕਰਕੇ ਉਸਦੇ ਸੱਟਾਂ ਮਾਰ ਕੇ ਉਸਦਾ ਕਤਲ ਕਰ ਦਿੱਤਾ ਹੈ। ਢਿੱਲਵਾਂ ਪੁਲਿਸ ਨੇ ਬਿਆਨਾਂ ਦੇ ਅਧਾਰ ‘ਤੇ ਉਕਤ ਦੋਸ਼ੀ ਪਤੀ ਪਤਨੀ ਨੂੰ ਗ੍ਰਿਫਤਾਰ ਕਰਕੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਅਮਲ ‘ਚ ਲਿਆਂਦੀ ਜਾ ਰਹੀ ਹੈ।







































