ਜੁਗਾੜੂ ਰੇਹੜੀ ਵਾਲੇ ਨੇ ਕਿਹਾ- ਹਾਂ ਮੈਂ ਹੀ ਅੰਮ੍ਰਿਤਪਾਲ ਨੂੰ ਦਿੱਤੀ ਸੀ ਲਿਫਟ ਪਰ ਮੈਨੂੰ ਨਹੀਂ ਪਤਾ ਸੀ ਕਿ…

0
410

ਨਿਊਜ਼ ਡੈਸਕ| ਫਰਾਰ ਹੁੰਦੇ ਸਮੇਂ ਅੰਮ੍ਰਿਤਪਾਲ ਸਿੰਘ ਦੀ ਇਕ ਤਸਵੀਰ ਕਾਫੀ ਚਰਚਾ ਵਿਚ ਹੈ। ਇਸ ਤਸਵੀਰ ਵਿਚ ਉਹ ਇਕ ਜੁਗਾੜੂ ਰੇਹੜੀ ਉੱਤੇ ਸਵਾਰ ਨਜ਼ਰ ਆ ਰਿਹਾ ਹੈ। ਇਸ ਦੌਰਾਨ ਉਸ ਦੇ ਨਾਲ ਰੇਹੜੀ ਉਤੇ ਉਸ ਦਾ ਸਾਥੀ ਵੀ ਬੈਠਾ ਹੈ ਅਤੇ ਉਹ ਮੋਟਰਸਾਈਕਲ ਵੀ ਨਾਲ ਹੀ ਲੱਦਿਆ ਹੋਇਆ ਹੈ ਜਿਸ ਉਤੇ ਉਹ ਫਰਾਰ ਹੋਇਆ ਸੀ।

ਨਿਊਜ਼ 18 ਦੀ ਖਬਰ ਦੇ ਹਵਾਲੇ ਤੋਂ ਮਿਲੀ ਜਾਣਕਾਰੀ ਅਨੁਸਾਰ ਅੰਮ੍ਰਿਤਪਾਲ ਨੂੰ ਲਿਫਟ ਦੇਣ ਵਾਲਾ ਜੁਗਾੜੂ ਰੇਹੜੀ ਦਾ ਮਾਲਕ ਸਾਹਮਣੇ ਆਇਆ ਹੈ ਤੇ ਸਾਰੀ ਕਹਾਣੀ ਦੱਸੀ ਹੈ। ਰੇਹੜੀ ਮਾਲਕ ਲਖਬੀਰ ਸਿੰਘ ਲੱਖਾ ਨੇ ਦੱਸਿਆ ਕਿ ਉਸ ਨੂੰ ਉਹ ਉੱਦੋਵਾਲ ਤੋਂ ਰਾਮੂਵਾਲ ਰੋਡ ਉਤੇ  ਮਿਲੇ ਸਨ।

ਅੰਮ੍ਰਿਤਪਾਲ ਤੇ ਉਸ ਦਾ ਸਾਥੀ ਮੋਟਰਸਾਈਕਲ ਨਾਲ ਖੜ੍ਹੇ ਸਨ। ਉਨ੍ਹਾਂ ਦਾ ਮੋਟਰਸਾਈਕਲ ਪੰਕਚਰ ਹੋ ਗਿਆ ਸੀ। ਮੈਂ ਅੰਮ੍ਰਿਤਪਾਲ ਨੂੰ ਪਹਿਲਾਂ ਨਹੀਂ ਜਾਣਦਾ ਸੀ ਅਤੇ ਨਾ ਹੀ ਉਸ ਦੇ ਸਾਥੀ ਨੂੰ ਜਾਣਦਾ ਸੀ। ਉਨ੍ਹਾਂ ਨੇ ਮੇਰੇ ਕੋਲੋਂ ਮਦਦ ਮੰਗੀ ਤੇ ਮੈਂ ਦੋਵਾਂ ਨੂੰ ਪੰਕਚਰ ਦੀ ਦੁਕਾਨ ‘ਤੇ ਛੱਡ ਦਿੱਤਾ।

ਉਨ੍ਹਾਂ ਨੇ ਇਸ ਲਈ ਮੈਨੂੰ 100 ਰੁਪਏ ਵੀ ਦਿੱਤੇ। ਮੈਂ ਉਨ੍ਹਾਂ ਨੂੰ ਸਿਰਫ਼ ਲਿਫਟ ਦਿੱਤੀ ਸੀ। ਬਾਅਦ ਵਿਚ ਜਦੋਂ ਵੀਡੀਓ ਸਾਹਮਣੇ ਆਈ ਤਾਂ ਪਤਾ ਲੱਗਾ ਕਿ ਉਹ ਅੰਮ੍ਰਿਤਪਾਲ ਹੈ।

ਇਸ ਤੋਂ ਬਾਅਦ ਪੁਲਿਸ ਨੇ ਮੇਰੇ ਤੋਂ ਵੀ ਪੁੱਛਗਿੱਛ ਕੀਤੀ, ਮੈਂ ਉਨ੍ਹਾਂ ਨੂੰ ਇਹੀ ਜਾਣਕਾਰੀ ਦਿੱਤੀ।