ਜਲੰਧਰ : ਪਿੰਡ ਧੋਗੜੀ ਦੇ ਮੁੰਡੇ ਦੀ ਰੇਲਵੇ ਟਰੈਕ ਤੋਂ ਮਿਲੀ ਲਾਸ਼, ਪਰਿਵਾਰਕ ਮੈਂਬਰਾਂ ਦਾ ਇਲਜ਼ਾਮ- ਸਾਡੇ ਮੁੰਡੇ ਦਾ ਦੋਸਤਾਂ ਨੇ ਕੀਤਾ ਕਤਲ

0
732

ਅਲਾਵਲਪੁਰ, 3 ਦਸੰਬਰ| ਪਿੰਡ ਧੋਗੜੀ ਵਿੱਚ ਇੱਕ ਨੌਜਵਾਨ ਦੀ ਸ਼ੱਕੀ ਹਾਲਾਤ ਵਿੱਚ ਮੌਤ ਹੋ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਰੇਲਵੇ ਪੁਲਿਸ ਚੌਕੀ ਅਲਾਵਲਪੁਰ ਦੇ ਇੰਚਾਰਜ ਕਰਨਲ ਸਿੰਘ ਅਤੇ ਰੇਲਵੇ ਪੁਲਸ ਅਧਿਕਾਰੀ ਅੰਮ੍ਰਿਤਪਾਲ ਸਿੰਘ ਨੇ ਦੱਸਿਆ ਕਿ ਸਵੇਰੇ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਧੋਗੜੀ ‘ਚ ਰੇਲਵੇ ਟ੍ਰੈਕ ਨੇੜੇ ਇਕ ਨੌਜਵਾਨ ਦੀ ਲਾਸ਼ ਪਈ ਹੈ। ਉਨ੍ਹਾਂ ਮੌਕੇ ‘ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਮੌਕੇ ਥਾਣਾ ਆਦਮਪੁਰ ਦੇ ਐਸ.ਐਚ.ਓ. ਮਨਜੀਤ ਸਿੰਘ ਵੀ ਪੁਲਿਸ ਪਾਰਟੀ ਨਾਲ ਪੁੱਜੇ।

ਮ੍ਰਿਤਕ ਦੀ ਪਛਾਣ ਦਵਿੰਦਰ ਉਰਫ ਦੀਪੂ (31) ਪੁੱਤਰ ਭੋਲਾ ਵਾਸੀ ਪਿੰਡ ਧੋਗੜੀ ਵਜੋਂ ਹੋਈ ਹੈ। ਸੂਤਰਾਂ ਅਨੁਸਾਰ ਪਿੰਡ ਦੇ ਲੋਕਾਂ ਅਤੇ ਪਰਿਵਾਰ ਦੇ ਕੁਝ ਨਜ਼ਦੀਕੀ ਮੈਂਬਰਾਂ ਨੇ ਦੋਸ਼ ਲਾਇਆ ਕਿ ਨੌਜਵਾਨ ਦਾ ਕਤਲ ਕਰਕੇ ਉਸ ਨੂੰ ਰੇਲਵੇ ਟ੍ਰੈਕ ਨੇੜੇ ਸੁੱਟ ਦਿੱਤਾ ਗਿਆ ਹੈ, ਇਸ ਦੀ ਜਾਂਚ ਹੋਣੀ ਚਾਹੀਦੀ ਹੈ ਅਤੇ ਨਸ਼ਾ ਵੇਚਣ ਵਾਲਿਆਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ।

ਪਰਿਵਾਰਕ ਮੈਂਬਰਾਂ ਅਨੁਸਾਰ ਮ੍ਰਿਤਕ ਨਸ਼ੇ ਦਾ ਆਦੀ ਸੀ ਅਤੇ ਉਸ ਨੂੰ ਉਸ ਦੇ ਸਾਥੀਆਂ ਨੇ ਓਵਰਡੋਜ਼ ਦੇ ਕੇ ਕਤਲ ਕਰ ਦਿੱਤਾ ਅਤੇ ਫਿਰ ਰੇਲਵੇ ਟਰੈਕ ‘ਤੇ ਸੁੱਟ ਦਿੱਤਾ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਫਿਲਹਾਲ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ‘ਤੇ 174 ਦੀ ਕਾਰਵਾਈ ਕੀਤੀ ਗਈ ਹੈ। ਬਾਕੀ ਕਾਰਵਾਈ ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਕੀਤੀ ਜਾਵੇਗੀ।