ਜਲੰਧਰ : ਕੁੜੀਆਂ ਨੂੰ ਢਾਲ ਬਣਾ ਕੇ ਵੇਚੀ ਜਾ ਰਹੀ ਹੈ ਸ਼ਰਾਬ, ਵੱਡੇ ਸਮੱਗਲਰ ਕਰ ਰਹੇ ਸ਼ਰੇਆਮ ਧੰਦਾ

0
520

ਜਲੰਧਰ। ਸ਼ਾਮ ਢਲਦੇ ਹੀ ਬਸਤੀ ਬਾਵਾ ਖੇਲ ਦੇ ਕਈ ਇਲਾਕਿਆਂ ’ਚ ਸ਼ਰਾਬ ਸਮੱਗਲਿੰਗ ਦਾ ਕੰਮ ਸ਼ੁਰੂ ਹੋ ਜਾਂਦਾ ਹੈ। ਬੰਦ ਬੋਤਲ ਤੋਂ ਲੈ ਕੇ ਪੇਟੀ ਤਕ ਬਹੁਤ ਹੀ ਆਰਾਮ ਨਾਲ ਵਿਕ ਰਹੀ ਹੈ, ਜੇਕਰ ਕਿਸੇ ਸ਼ਰਾਬੀ ਨੂੰ ਪੂਰੀ ਬੋਤਲ ਨਹੀਂ ਚਾਹੀਦੀ ਤਾਂ ਬੋਤਲ ਨੂੰ ਖੋਲ੍ਹ ਕੇ ਸ਼ਰਾਬ ਨੂੰ ਲਿਫ਼ਾਫ਼ਿਆਂ ’ਚ ਭਰ ਕੇ ਵੇਚਣ ਦਾ ਕੰਮ ਵੀ ਹੁੰਦਾ ਹੈ।

ਬਸਤੀ ਬਾਵਾ ਖੇਲ ਦੇ ਕੁਝ ਇਲਾਕਿਆਂ ’ਚ ਸ਼ਰੇਆਮ ਸ਼ਰਾਬ ਤਾਂ ਵਿਕ ਹੀ ਰਹੀ ਹੈ, ਨਾਲ ਹੀ ਚਿੱਟਾ ਅਤੇ ਨਸ਼ੇ ਦੀਆਂ ਗੋਲੀਆਂ ਤਕ ਵੀ ਮੈਡੀਕਲ ਸਟੋਰ ’ਤੇ ਵਿਕ ਰਹੀਆਂ ਹਨ। ਇਨ੍ਹਾਂ ਸਮੱਗਲਰਾਂ ਦੇ ਕੋਲ ਨਸ਼ੇੜੀ ਪੱਕੇ ਲੱਗੇ ਹੋਏ ਹਨ। ਅਣਜਾਣ ਵਿਅਕਤੀ ਅਤੇ ਨਸ਼ੇੜੀ ਨੂੰ ਕੁਝ ਨਹੀਂ ਮਿਲਦਾ, ਜੇਕਰ ਕੋਈ ਪੁਰਾਣਾ ਨਸ਼ੇੜੀ ਇਨ੍ਹਾਂ ਸਮੱਗਲਰਾਂ ਕੋਲ ਕਿਸੇ ਨੂੰ ਲੈ ਕੇ ਜਾਂਦਾ ਹੈ ਤਾਂ ਆਰਾਮ ਨਾਲ ਸ਼ਰਾਬ, ਚਿੱਟਾ ਅਤੇ ਨਸ਼ੇ ਵਾਲੀਆਂ ਗੋਲੀਆਂ ਮਿਲ ਜਾਂਦੀਆਂ ਹਨ।

ਸ਼ਰਾਬ ਵੇਚਣ ਵਾਲੇ ਵੱਡੇ ਮਗਰਮੱਛਾਂ ਨੇ ਕਈ ਇਲਾਕਿਆਂ ’ਚ ਕੁੜੀਆਂ ਨੂੰ ਢਾਲ ਬਣਾ ਰੱਖਿਆ ਹੈ ਅਤੇ ਕੈਮਰੇ ਲਾ ਰੱਖੇ ਹਨ, ਜੇਕਰ ਕੋਈ ਸ਼ੱਕੀ ਵਿਅਕਤੀ ਲੱਗਦਾ ਹੈ ਤਾਂ ਤੁਰੰਤ ਸਾਰੇ ਕੰਮ ਨੂੰ ਮੌਕੇ ’ਤੇ ਹੀ ਸਮੇਟ ਦਿੱਤਾ ਜਾਂਦਾ ਹੈ ਅਤੇ ਪੁਲਸ ਦੇ ਹੱਥ ਕੋਈ ਸਬੂਤ ਨਹੀਂ ਲੱਗਦਾ ਪਰ ਵੱਡੇ ਸ਼ਰਾਬ ਸਮੱਗਲਰ ਸ਼ਰੇਆਮ ਬਸਤੀ ਬਾਵਾ ਖੇਲ ਅਤੇ ਆਲੇ-ਦੁਆਲੇ ਦੇ ਇਲਾਕਿਆਂ ’ਚ ਸ਼ਰਾਬ ਸਪਲਾਈ ਕਰ ਰਹੇ ਹਨ।

ਨਸ਼ਾ ਸਮੱਗਲਰਾਂ ਦਾ ਪੂਰਾ ਦਬਦਬਾ ਹੈ ਬਸਤੀ ਬਾਵਾ ਖੇਲ ’ਚ
ਵੈਸਟ ਹਲਕੇ ’ਚ ਆਉਂਦੇ ਬਸਤੀ ਬਾਵਾ ਖੇਲ ਦੇ ਇਲਾਕਿਆਂ ’ਚ ਸ਼ਰਾਬ ਅਤੇ ਨਸ਼ਾ ਸਮੱਗਲਰਾਂ ਦਾ ਇੰਨਾ ਜ਼ਿਆਦਾ ਦਬਦਬਾ ਹੈ ਕਿ ਜੇਕਰ ਕਿਸੇ ਨੂੰ ਕੋਈ ਕੁਝ ਕਹਿੰਦਾ ਹੈ ਤਾਂ ਸਭ ਇਕੱਠੇ ਹੋ ਕੇ ਦੂਜੇ ਸਮੱਗਲਰ ਦਾ ਸਮਰਥਨ ਕਰਨ ਲਈ ਪਹੁੰਚ ਜਾਂਦੇ ਹਨ, ਜਿਸ ਕਾਰਨ ਇਨ੍ਹਾਂ ਦੀ ਸ਼ਿਕਾਇਤ ਕੋਈ ਨਹੀਂ ਕਰਦਾ ਹੈ। ਬਸਤੀ ਬਾਵਾ ਖੇਲ ’ਚ ਤਕਰੀਬਨ 25 ਅਜਿਹੇ ਸ਼ਰਾਬ ਸਮੱਗਲਰ, ਚਿੱਟਾ ਅਤੇ ਨਸ਼ੇ ਵਾਲੀਆਂ ਗੋਲੀਆਂ ਵੇਚਣ ਵਾਲੇ ਹਨ, ਜਿਨ੍ਹਾਂ ਨੂੰ ਰਾਜਨੇਤਾਵਾਂ ਦੀ ਸਰਪ੍ਰਸਤੀ ਵੀ ਪ੍ਰਾਪਤ ਹੈ, ਜਿਸ ਕਾਰਨ ਉਹ ਖੁੱਲ੍ਹੇਆਮ ਧੰਦਾ ਕਰ ਰਹੇ ਹਨ।

ਇਨ੍ਹਾਂ ਇਲਾਕਿਆਂ ’ਚ ਹਨ 25 ਨਸ਼ਾ ਸਮੱਗਲਰ
ਰਾਜ ਨਗਰ, ਗੌਤਮ ਨਗਰ ’ਚ, ਬਸਤੀ ਪੀਰ ਦਾਦ ਰੋਡ, ਕਬੀਰ ਮੰਦਿਰ ਦੇ ਕੋਲ, ਬਸਤੀ ਗੁਜ਼ਾਂ, ਮਿੱਠੂ ਬਸਤੀ, ਸਪੋਰਟਸ ਕਾਲਜ ਦੇ ਨੇੜੇ, ਦਾਨਿਸ਼ਮੰਦਾਂ, ਬੈਂਕ ਕਾਲੋਨੀ, ਬਸਤੀ ਬਾਵਾ ਖੇਲ, ਅੱਡਾ ਲਸੂੜੀ ਮੁਹੱਲਾ, ਬਾਬੂ ਲਾਭ ਸਿੰਘ ਨਗਰ, ਮੱਛੀ ਮਾਰਕੀਟ ਬਸਤੀ ਬਾਵਾ ਖੇਲ।