ਲੋਕ ਸਭਾ ਚੋਣ ਦੌਰਾਨ ਜਲੰਧਰ ਹਲਕੇ ‘ਚ ਡ੍ਰੋਨਾਂ ਰਾਹੀਂ ਰੱਖੀ ਜਾਵੇਗੀ ਤਿੱਖੀ ਨਜ਼ਰ

0
928

ਡਿਪਟੀ ਕਮਿਸ਼ਨਰ , ਪੁਲਿਸ ਕਮਿਸ਼ਨਰ ਤੇ ਆਬਜਰਵਰਾਂ ਦੀ ਹਾਜ਼ਰੀ ਵਿੱਚ ਡਰੋਨ ਰਾਹੀੰ ਨਿਗਰਾਨੀ ਸ਼ੁਰੂ, ਸ਼ਹਿਰ ਦੇ ਚੱਪੇ – ਚੱਪੇ ਉੱਪਰ ਰਹੇਗੀ ਨਜ਼ਰ

ਜਲੰਧਰ , 31 ਮਈ | ਜਲੰਧਰ ਲੋਕ ਸਭਾ ਹਲਕੇ ਵਿਚ ਪਹਿਲੀ ਜੂਨ ਨੂੰ ਪੈਣ ਵਾਲੀਆਂ ਵੋਟਾਂ ਦੌਰਾਨ ਸ਼ਰਾਬ , ਪੈਸੇ ਆਦਿ ਦੀ ਵੰਡ ਨੂੰ ਰੋਕਣ ਦੇ ਮਕਸਦ ਨਾਲ ਜ਼ਿਲ੍ਹਾ ਪ੍ਰਸ਼ਾਸਨ ਨੇ ਡਰੋਨਾਂ ਦੇ ਰਾਹੀਂ ਨਿਗਰਾਨੀ ਰੱਖਣੀ ਸ਼ੁਰੂ ਕਰ ਦਿੱਤੀ ਹੈ ।

ਇਸਦੀ ਸ਼ੁਰੂਆਤ ਅੱਜ ਜ਼ਿਲ੍ਹਾ ਚੋਣ ਅਫ਼ਸਰ ਕਮ ਡਿਪਟੀ ਕਮਿਸ਼ਨਰ ਡਾ ਹਿਮਾਂਸ਼ੂ ਅਗਰਵਾਲ , ਪੁਲਿਸ ਕਮਿਸ਼ਨਰ ਰਾਹੁਲ ਐਸ , ਜਨਰਲ ਆਬਜਰਵਰ ਜੇ ਮੇਘਨਾਥ ਰੈਡੀ ਤੇ ਖ਼ਰਚਾ ਆਬਜਰਵਰ ਮਾਧਵ ਦੇਸ਼ਮੁੱਖ ਵੱਲੋਂ ਕਰਵਾਈ ਗਈ ।

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਵੋਟਾਂ ਤੋਂ ਪਹਿਲਾਂ 31 ਮਈ ਦੀ ਰਾਤ ਬਹੁਤ ਅਹਿਮ ਹੈ ਦਿਸ ਲਈ ਸ਼ਹਿਰ ਤੇ ਹੋਰਨਾਂ ਅਜਿਹੀਆਂ 39 ਥਾਵਾਂ ਜੋ ਕਿ ਖ਼ਰਚੇ ਪੱਖੋ ਸੰਵੇਦਨਸ਼ੀਲ ਹਨ , ਵਿੱਚ ਡਰੋਨ ਦੀ ਵਰਤੋਂ ਕਰਕੇ ਤਿੱਖੀ ਨਜ਼ਰ ਰੱਖੀ ਜਾਵੇਗੀ । ਇਹ ਡਰੋਨ ਏਕੀਕ੍ਰਿਤ ਕਮਾਂਡ ਸੈਂਟਰ ਨਾਲ ਸਿੱਧੇ ਤੌਰ ਤੇ ਜੁੜੇ ਹਨ ਜਿੱਥੇ ਇਹ ਲਾਇਵ ਫੀਡ ਦਿੰਦੇ ਹਨ ਜਿਸ ਨਾਲ ਚੋਣਾਂ ਦੌਰਾਨ ਕਿਸੇ ਵੀ ਗੈਰਕਾਨੂੰਨੀ ਗਤੀਵਿਧੀ ਨੂੰ ਰੋਕਣ ਵਿੱਚ ਮਦਦ ਮਿਲੇਗੀ ।

ਉਨਾਂ ਤਾੜਨਾ ਕੀਤੀ ਕਿ ਕਿਸੇ ਵੱਲੋਂ ਵੀ ਵੋਟਰਾਂ ਨੂੰ ਪ੍ਰਭਾਵਿਤ ਕਰਨ ਲਈ ਪੈਸੇ , ਸ਼ਰਾਬ ਆਦਿ ਵੰਡਣ ਤੇ ਲੈਣ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ।