ਜੇਲ ਮੰਤਰੀ ਲਾਲਜੀਤ ਭੁੱਲਰ ਵਲੋਂ ਕੇਂਦਰੀ ਜੇਲ੍ਹ ਕਪੂਰਥਲਾ ‘ਚ ਗੁਰੂ ਨਾਨਕ ਦੇਵ ਜੀ ਸਪੋਰਟਸ ਸਟੇਡੀਅਮ ਦਾ ਉਦਘਾਟਨ

0
116

ਕਪੂਰਥਲਾ, 16 ਮਈ | ਪੰਜਾਬ ਦੇ ਜੇਲ੍ਹਾਂ ਬਾਰੇ ਮੰਤਰੀ ਸ. ਲਾਲਜੀਤ ਸਿੰਘ ਭੁੱਲਰ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਜੇਲ੍ਹਾਂ ਵਿਚ ਬੰਦ ਕੈਦੀਆਂ ਨੂੰ ਸਮਾਜ ਦੀ ਮੁੱਖ ਧਾਰਾ ਵਿਚ ਲਿਆਉਣ ਲਈ ਸੁਧਾਰਵਾਦੀ ਕਦਮ ਤੇਜੀ ਨਾਲ ਚੁੱਕ ਰਹੀ ਹੈ, ਜਿਸ ਤਹਿਤ ਬੰਦੀਆਂ  ਕਿੱਤਾਮੁਖੀ ਸਿਖਲਾਈ ਦੇਣ ਦੇ ਨਾਲ-ਨਾਲ ਉਨ੍ਹਾਂ ਦੀ ਸਰੀਰਕ ਤੇ ਮਾਨਸਿਕ ਸਿਹਤ ਵੱਲ ਵਿਸ਼ੇਸ਼ ਤਵੱਜ਼ੋਂ ਦਿੱਤੀ ਜਾ ਰਹੀ ਹੈ।

ਅੱਜ ਇੱਥੇ ਕੇਂਦਰੀ ਜੇਲ੍ਹ ਵਿਚ  4 ਏਕੜ ਵਿਚ ਬਣਾਏ ਗਏ ਗੁਰੂ ਨਾਨਕ ਦੇਵ ਜੀ ਸਪੋਰਟਸ ਸਟੇਡੀਅਮ ਦਾ ਉਦਘਾਟਨ ਕਰਨ ਮੌਕੇ ਗੱਲਬਾਤ ਕਰਦਿਆਂ ਸ. ਭੁੱਲਰ ਨੇ ਕਿਹਾ ਕਿ ‘ਕੇਂਦਰੀ ਜੇਲ੍ਹ ਵਿਚ ਜਿੱਥੇ ਕੂੜੇ ਦੇ ਢੇਰ ਹੁੰਦੇ ਸਨ, ਉਸਨੂੰ ਸਟੇਡੀਅਮ ਵਿਚ ਬਦਲਿਆ ਗਿਆ ਹੈ, ਜਿਸਨੂੰ ਵੱਖ-ਵੱਖ ਤਰ੍ਹਾਂ ਦੀਆਂ ਖੇਡਾਂ ਅਥਲੈਟਿਕਸ, ਫੁੱਟਬਾਲ ਲਈ ਵਰਤਿਆ ਜਾ ਸਕਦਾ ਹੈ ।

ਉਨ੍ਹਾਂ ਕਿਹਾ ਕਿ ਅਜਿਹੇ ਕਦਮਾਂ ਨਾਲ ਬੰਦੀਆਂ ਦੇ ਵਿਵਹਾਰ ਵਿਚ ਵੱਡਾ ਸੁਧਾਰ ਲਿਆਉਣ ਵਿਚ ਮਦਦ ਮਿਲੇਗੀ।

ਉਨ੍ਹਾਂ  ਇਹ ਵੀ ਕਿਹਾ ਕਿ ਸੂਬੇ ਦੀਆਂ 13 ਜੇਲ੍ਹਾਂ ਵਿਚ ਜੈਮਰ ਲਗਾਉਣ ਦਾ ਕੰਮ ਤੇਜੀ ਨਾਲ ਚੱਲ ਰਿਹਾ ਹੈ, ਜਿਸ ਨਾਲ ਮੋਬਾਇਲਾਂ ਉੱਪਰ ਰੋਕ ਲੱਗ ਸਕੇਗੀ।

ਉਨ੍ਹਾਂ ਇਹ ਵੀ ਦੱਸਿਆ ਕਿ ਪੰਜਾਬ ਦੀਆਂ ਜੇਲਾਂ ਵਿਚ ਬੰਦ ਖਤਰਨਾਕ ਕੈਦੀਆਂ ਨੂੰ ਅਲੱਗ ਰੱਖਣ ਲਈ ਲੁਧਿਆਣਾ ਦੇ ਪਿੰਡ ਗੋਰਸੀਆਂ ਬਖਸ਼ ਵਿਖੇ 100 ਕਰੋੜ ਰੁਪੈ ਦੀ ਲਾਗਤ ਨਾਲ ਅਤਿ ਆਧੁਨਿਕ ਸੁਰੱਖਿਆ ਜੇਲ੍ਹ ਉਸਾਰੀ ਜਾ ਰਹੀ ਹੈ ।

ਬੰਦੀਆਂ ਨੂੰ ਹੁਨਰ ਮੁਤਾਬਿਕ ਕੰਮ ਦੇਣ ਦੀ ਨੀਤੀ ਤਹਿਤ ਪੰਜਾਬ ਸਰਕਾਰ ਵਲੋੰ ਬੇਕਰੀ ਉਤਪਾਦ ਬਣਾਉਣ ਲਈ ਕੈਦੀਆਂ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਹਰ ਬੰਦੀ ਦੇ ਹੁਨਰ ਮੁਤਾਬਿਕ ਉਸਨੂੰ ਕੰਮ ਦਿੱਤਾ ਜਾ ਰਿਹਾ ਹੈ ।

ਉਨ੍ਹਾਂ ਇਸ ਮੌਕੇ ਕੇਂਦਰੀ ਜੇਲ੍ਹ ਦੇ ਬੰਦੀਆਂ ਦੀਆਂ ਮੁਸ਼ਕਿਲਾਂ ਵੀ ਸੁਣੀਆਂ ਤੇ ਉਨ੍ਹਾਂ ਦੇ ਹੱਲ ਲਈ ਜੇਲ੍ਹ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ। ਕੈਬਨਿਟ ਮੰਤਰੀ ਵਲੋਂ ਕੈਦੀਆਂ ਲਈ ਕੰਟੀਨ ਵਿਚ ਬਣਿਆ ਖਾਣਾ ਖੁਦ ਖਾਧਾ ਗਿਆ।

ਇਸ ਮੌਕੇ ਉਨ੍ਹਾਂ ਡਿਪਟੀ ਕਮਿਸ਼ਨਰ ਅਮਿਤ ਕੁਮਾਰ ਪੰਚਾਲ, ਐਸ.ਐਸ.ਪੀ. ਗੌਰਵ ਤੂਰਾ ਤੇ ਜੇਲ੍ਹ ਸੁਪਰਡੈਂਟ ਸ਼ਿਆਮਲ ਜੋਤੀ ਨਾਲ ਮੀਟਿੰਗ ਕਰਕੇ ਜੇਲ੍ਹ ਵਿਚ ਹੋਰ ਸੁਧਾਰਾਂ ਦੀ ਸੰਭਾਵਨਾ ਨੂੰ ਤਲਾਸ਼ਣ ਦੇ ਹੁਕਮ ਦਿੱਤੇ।

ਕੈਪਸ਼ਨ- ਕਪੂਰਥਲਾ ਕੇਂਦਰੀ ਜੇਲ੍ਹ ਦਾ ਦੌਰਾ ਕਰਨ ਮੌਕੇ ਕੈਬਨਿਟ ਮੰਤਰੀ ਸ੍ਰੀ ਲਾਲਜੀਤ ਸਿੰਘ ਭੁੱਲਰ।