ਨਵੀਂ ਦਿੱਲੀ . ਕੋਰੋਨਾਵਾਇਰਸ ਮਹਾਮਾਰੀ ਨਾਲ ਭਾਰਤੀ ਆਰਥਿਕਤਾ ਬੁਰੀ ਤਰ੍ਹਾਂ ਹਿਲ ਗਈ ਹੈ। ਸਰਕਾਰੀ ਅੰਕੜਿਆਂ ਮੁਤਾਬਕ ਅਪਰੈਲ-ਜੂਨ ਤਿਮਾਹੀ ਵਿੱਚ ਅਰਥਵਿਵਸਥਾ ਦਾ ਆਕਾਰ 23.9 ਫ਼ੀਸਦ ਘੱਟ ਗਿਆ ਸੀ। ਭਾਰਤੀ ਰਿਜ਼ਰਵ ਬੈਂਕ ਦੇ ਗਵਰਨਰ ਸ਼ਕਤੀਕਾਂਤ ਦਾਸ ਨੇ ਮੰਨਿਆ ਹੈ ਕਿ ਅਜੇ ਵੀ ਅਰਵਿਵਸਥਾ ਪਟੜੀ ‘ਤੇ ਨਹੀਂ ਚੜ੍ਹੀ ਹੈ।
ਗਵਰਨਰ ਨੇ ਸੰਕੇਤ ਦਿੱਤਾ ਹੈ ਕਿ ਆਰਥਿਕਤਾ ਨੂੰ ਪੈਰਾਂ ਸਿਰ ਹੋਣ ਲਈ ਸਮਾਂ ਲੱਗੇਗਾ। ਸ਼ਕਤੀਕਾਂਤ ਦਾਸ ਨੇ ਸਪਸ਼ਟ ਕੀਤਾ ਕਿ ਅਰਥਵਿਵਸਥਾ ਵਿੱਚ ਸੁਧਾਰ ਹਾਲੇ ਪੂਰੀ ਰਫ਼ਤਾਰ ’ਚ ਨਹੀਂ ਪਹੁੰਚ ਸਕਿਆ। ਅਜਿਹੇ ਵਿੱਚ ਕੇਂਦਰੀ ਬੈਂਕ ਵਾਧੇ ਨੂੰ ਸਮਰਥਨ ਦੇਣ ਲਈ ਜ਼ਰੂਰਤ ਪੈਣ ’ਤੇ ਹਰ ਕਦਮ ਉਠਾਉਣ ਲਈ ਤਿਆਰ ਹੈ।
ਦਾਸ ਨੇ ਉਦਯੋਗ ਸੰਸਥਾ ਫਿੱਕੀ ਦੇ ਪ੍ਰੋਗਰਾਮ ਨੂੰ ਵੀਡੀਓ ਕਾਨਫ਼ਰੰਸਿੰਗ ਰਾਹੀਂ ਸੰਬੋਧਨ ਕਰਦੇ ਹੋਏ ਕਿਹਾ ਕਿ ਸਰਕਾਰ ਵੱਲੋਂ ਜਾਰੀ ਕੀਤੇ ਗਏ ਕੁੱਲ ਘਰੇਲੂ ਉਤਪਾਦ (ਜੀਡੀਪੀ) ਦੇ ਅੰਕੜੇ ਕੋਵਿਡ-19 ਦੇ ਅਰਥਵਿਵਸਥਾ ’ਤੇ ਪਏ ਅਸਰ ਨੂੰ ਦਰਸਾਉਂਦੇ ਹਨ। ਕਰੋਨਾਵਾਇਰਸ ਮਹਾਮਾਰੀ ਨੂੰ ਰੋਕਣ ਲਈ ਸਰਕਾਰ ਨੇ ਮਾਰਚ ਦੇ ਅੰਤ ਵਿੱਚ ਦੇਸ਼ ਪੱਧਰੀ ਸਖ਼ਤ ਲੌਕਡਾਊਨ ਲਾਗੂ ਕੀਤਾ ਸੀ, ਜਿਸ ਦੇ ਮੱਦੇਨਜ਼ਰ ਅਪਰੈਲ ਤੋਂ ਜੂਨ ਤਿਮਾਹੀ ਵਿੱਚ ਅਰਥਵਿਵਸਥਾ ਦਾ ਆਕਾਰ 23.9 ਫ਼ੀਸਦ ਘੱਟ ਗਿਆ।
ਉਨ੍ਹਾਂ ਕਿਹਾ ਕਿ ਅਰਥਵਿਵਸਥਾ ਨੇ ਹੁਣੇ ਤੱਕ ਆਪਣੀ ਪੂਰੀ ਰਫ਼ਤਾਰ ਨਹੀਂ ਫੜੀ। ਇਹ ਹੌਲੀ-ਹੌਲੀ ਹੀ ਆਪਣੀ ਪੁਰਾਣੀ ਸਥਿਤੀ ’ਚ ਪਰਤੇਗੀ। ਹਾਲਾਂਕਿ, ਕੁਝ ਖੇਤਰਾਂ ’ਚ ਜੂਨ ਤੇ ਜੁਲਾਈ ਦੌਰਾਨ ਤੇਜ਼ੀ ਦੇਖਣ ਨੂੰ ਮਿਲੀ। ਸਾਰੇ ਸੰਕੇਤਕਾਂ ਨੂੰ ਦੇਖੀਏ ਤਾਂ ਸੁਧਾਰ ਹੌਲੀ-ਹੌਲੀ ਆਉਣ ਦਾ ਅਨੁਮਾਨ ਹੈ। ਉਨ੍ਹਾਂ ਨਿੱਜੀ ਖੇਤਰ ਨੂੰ ਅੱਗੇ ਵਧ ਕੇ ਅਰਥਵਿਵਸਥਾ ਵਿੱਚ ਸੁਧਾਰ ਦੀ ਰਫ਼ਤਾਰ ਵਧਾਉਣ ’ਚ ਯੋਗਦਾਨ ਪਾਉਣ ਲਈ ਕਿਹਾ।
ਉਧਰ, ਕਈ ਪ੍ਰਾਈਵੇਟ ਏਜੰਸੀਆਂ ਦਾ ਕਹਿਣਾ ਹੈ ਕਿ ਲੌਕਡਾਊਨ ਦੇ ਅਸਰ ਲੰਬੇ ਸਮੇਂ ਤੱਕ ਪੈਣਗੇ। ਮੀਡੀਆ ਰਿਪੋਰਟਾਂ ਮੁਤਾਬਕ ਇਹ ਵੀ ਖੁਲਾਸਾ ਹੋਇਆ ਹੈ ਕਿ ਹਾਲਾਤ ਸਰਕਾਰੀ ਅੰਕੜਿਆਂ ਤੋਂ ਕਿਤੇ ਵੱਧ ਬੁਰੇ ਹਨ। ਖਾਸਕਰ ਰੁਜਗਾਰ ਤੇ ਛੋਟੇ ਧੰਦੇ ਤੇ ਕਾਰੋਬਾਰ ਠੱਪ ਹੋ ਗਏ ਹਨ। ਇਸ ਦਾ ਆਰਥਿਕਤਾ ਉੱਪਰ ਅਸਰ ਲੰਬੇ ਸਮੇਂ ਤੱਕ ਪਏਗਾ।