ਗਰਮਖਿਆਲੀ ਹਰਦੀਪ ਨਿੱਝਰ ਦੇ ਕਤਲ ‘ਚ ਹੋ ਸਕਦਾ ਹੈ ਭਾਰਤ ਦਾ ਹੱਥ – ਜਸਟਿਨ ਟਰੂਡੋ

0
848

ਬਰੈਂਪਟਨ, 19 ਸਤੰਬਰ | ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਭਾਰਤ ਸਰਕਾਰ ‘ਤੇ ਗਰਮਖਿਆਲੀ ਹਰਦੀਪ ਨਿੱਝਰ ਦੇ ਕਤਲ ਦਾ ਦੋਸ਼ ਲਾਇਆ ਹੈ। ਟਰੂਡੋ ਨੇ ਸੋਮਵਾਰ ਨੂੰ ਕੈਨੇਡੀਅਨ ਪਾਰਲੀਮੈਂਟ ਨੂੰ ਦੱਸਿਆ ਕਿ ਭਾਰਤੀ ਸਰਕਾਰੀ ਏਜੰਟਾਂ ਨੇ ਜੂਨ ਮਹੀਨੇ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਵਿਚ ਸਿੱਖ ਭਾਈਚਾਰੇ ਦੇ ਆਗੂ ਹਰਦੀਪ ਨਿੱਝਰ ਦੀ ਹੱਤਿਆ ਕਰ ਦਿੱਤੀ ਸੀ।

ਟਰੂਡੋ ਨੇ ਇਹ ਵੀ ਕਿਹਾ ਕਿ ਉਨ੍ਹਾਂ ਨੇ 9-10 ਸਤੰਬਰ ਨੂੰ ਭਾਰਤ ਵਿਚ ਹੋਈ ਜੀ-20 ਮੀਟਿੰਗ ਦੌਰਾਨ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੋਲ ਇਹ ਮੁੱਦਾ ਉਠਾਇਆ ਸੀ। ਉਨ੍ਹਾਂ ਦੱਸਿਆ ਕਿ ਉਹ ਕੈਨੇਡਾ ਸਰਕਾਰ ਨੂੰ ਮਿਲੀ ਖੁਫੀਆ ਜਾਣਕਾਰੀ ਦੇ ਆਧਾਰ ‘ਤੇ ਇਹ ਦੋਸ਼ ਲਗਾ ਰਹੇ ਹਨ। ਇਸ ਦੇ ਨਾਲ ਹੀ ਕੈਨੇਡਾ ਦੀ ਵਿਦੇਸ਼ ਮੰਤਰੀ ਮੇਲਾਨੀਆ ਜੌਲੀ ਨੇ ਦੱਸਿਆ ਕਿ ਕੈਨੇਡੀਅਨ ਸਰਕਾਰ ਨੇ ਇੱਕ ਭਾਰਤੀ ਡਿਪਲੋਮੈੱਟ ਨੂੰ ਡਿਪੋਰਟ ਕਰ ਦਿੱਤਾ ਹੈ, ਜੋ ਕੈਨੇਡਾ ਵਿਚ ਭਾਰਤੀ ਖੁਫੀਆ ਏਜੰਸੀ ਦਾ ਮੁਖੀ ਸੀ। ਹਾਲਾਂਕਿ ਜੌਲੀ ਨੇ ਇਸ ਡਿਪਲੋਮੈੱਟ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਹੈ।

ਟਰੂਡੋ ਨੇ ਸੰਸਦ ਮੈਂਬਰਾਂ ਨੂੰ ਕਿਹਾ ਕਿ ਕੈਨੇਡਾ ਦੀ ਧਰਤੀ ‘ਤੇ ਕੈਨੇਡੀਅਨ ਨਾਗਰਿਕ ਦੀ ਹੱਤਿਆ ‘ਚ ਕਿਸੇ ਵੀ ਵਿਦੇਸ਼ੀ ਸਰਕਾਰ ਦੀ ਸ਼ਮੂਲੀਅਤ ਸਾਡੇ ਦੇਸ਼ ਦੀ ਪ੍ਰਭੂਸੱਤਾ ਦੀ ਉਲੰਘਣਾ ਹੈ। ਉਨ੍ਹਾਂ ਕਿਹਾ ਕਿ ਉਹ ਇਸ ਕਤਲ ਦੀ ਜਾਂਚ ਵਿਚ ਸਹਿਯੋਗ ਕਰਨ ਲਈ ਭਾਰਤ ਸਰਕਾਰ ’ਤੇ ਦਬਾਅ ਪਾਉਣਗੇ। ਪ੍ਰਧਾਨ ਮੰਤਰੀ ਟਰੂਡੋ ਨੇ ਕਿਹਾ ਕਿ ਕੈਨੇਡਾ ਵਿਚ ਵਸਦੇ ਭਾਰਤੀ ਮੂਲ ਦੇ ਸਿੱਖਾਂ ਦੀ ਵੱਡੀ ਆਬਾਦੀ ਇਸ ਕਤਲ ਤੋਂ ਗੁੱਸੇ ਵਿਚ ਹੈ। ਬਹੁਤ ਸਾਰੇ ਸਿੱਖ ਆਪਣੀ ਸੁਰੱਖਿਆ ਨੂੰ ਲੈ ਕੇ ਡਰੇ ਹੋਏ ਹਨ। ਦੇਸ਼ ਵਿਚ ਭਾਰਤੀ ਮੂਲ ਦੇ 14 ਤੋਂ 18 ਲੱਖ ਨਾਗਰਿਕ ਹਨ, ਜਿਨ੍ਹਾਂ ਵਿਚੋਂ ਬਹੁਤੇ ਸਿੱਖ ਹਨ।

ਕੈਨੇਡਾ ਅਤੇ ਭਾਰਤ ਦੇ ਸਬੰਧ ਪਹਿਲਾਂ ਹੀ ਤਣਾਅਪੂਰਨ ਹਨ। ਕੈਨੇਡੀਅਨ ਪੀਐਮ ਦੇ ਇਸ ਇਲਜ਼ਾਮ ਨਾਲ ਦੋਵਾਂ ਦੇਸ਼ਾਂ ਦੇ ਰਿਸ਼ਤੇ ਵਿਗੜਨ ਦੀ ਸੰਭਾਵਨਾ ਹੈ। ਇਸ ਮਹੀਨੇ ਦੇ ਸ਼ੁਰੂ ਵਿਚ ਕੈਨੇਡਾ ਨੇ ਭਾਰਤ ਨਾਲ ਵਪਾਰਕ ਸੌਦੇ ਬਾਰੇ ਗੱਲਬਾਤ ਰੋਕ ਦਿੱਤੀ ਸੀ।