ਨਵੀਂ ਦਿੱਲੀ. ਦੇਸ਼ ਵਿੱਚ ਕੋਵਿਡ-19 ਕਾਰਨ ਹੋਏ ਲੌਕਡਾਊਨ ਬਾਰੇ ਗ੍ਰਹਿ ਮੰਤਰਾਲੇ (ਐਮ.ਐਚ.ਏ.) ਨੇ ਅੱਜ ਡਿਜ਼ਾਸਟਰ ਮੈਨੇਜਮੈਂਟ ਐਕਟ, 2005 ਦੇ ਅਧੀਨ ਨਵੇਂ ਆਦੇਸ਼ ਜਾਰੀ ਕੀਤੇ ਹਨ। ਗ੍ਰਹਿ ਮੰਤਰਾਲੇ ਦੇ ਨਵੇਂ ਆਦੇਸ਼ਾਂ ਮੁਤਾਬਿਕ ਲੌਕਡਾਊਨ ਨੂੰ 2 ਹਫਤਿਆਂ ਲਈ ਹੋਰ ਵਧਾ ਦਿੱਤਾ ਗਿਆ ਹੈ। ਹੁਣ ਲੌਕਡਾਊਨ ਨੂੰ 4 ਮਈ, 2020 ਤੋਂ ਵਧਾ ਕੇ 17 ਮਈ ਤੱਕ ਕਰ ਦਿੱਤਾ ਗਿਆ ਹੈ।.
ਐਮਐਚਏ ਨੇ ਇਸ ਸਮੇਂ ਦੌਰਾਨ ਵੱਖ-ਵੱਖ ਗਤੀਵਿਧੀਆਂ ਨੂੰ ਨਿਯਮਤ ਕਰਨ ਲਈ ਨਵੇਂ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹਨ, ਜੋ ਦੇਸ਼ ਦੇ ਜ਼ਿਲ੍ਹਿਆਂ ਦੇ ਰੈਡ (ਹੌਟਸਪੌਟ), ਗ੍ਰੀਨ ਅਤੇ ਓਰੇਂਜ ਜ਼ੋਨਾਂ ਵਿਚਾਲੇ ਜੋਖਿਮ ਦੇ ਅਧਾਰ ਤੇ ਤੈਅ ਕੀਤੇ ਗਏ ਹਨ। ਦਿਸ਼ਾ-ਨਿਰਦੇਸ਼ਾਂ ਨੇ ਗ੍ਰੀਨ ਅਤੇ ਓਰੇਂਜ ਜ਼ੋਨਾਂ ਵਿੱਚ ਪੈਂਦੇ ਜ਼ਿਲਿਆਂ ਵਿੱਚ ਕਾਫ਼ੀ ਢਿੱਲ ਦੇਣ ਦੀ ਆਗਿਆ ਦਿੱਤੀ ਹੈ।
ਪਹਿਲਾਂ ਹੀ, ਅਜਿਹੀਆਂ ਸੰਭਾਵਨਾਵਾਂ ਸਨ ਕਿ ਸਰਕਾਰ 3 ਮਈ ਤੋਂ ਬਾਅਦ ਤਾਲਾਬੰਦੀ ਦੀ ਮਿਆਦ ਵਧਾ ਸਕਦੀ ਹੈ। ਸ਼ੁੱਕਰਵਾਰ ਨੂੰ ਵੀ ਇਸ ‘ਤੇ ਮੋਹਰ ਲੱਗ ਗਈ ਜਦੋਂ ਕੇਂਦਰੀ ਗ੍ਰਹਿ ਮੰਤਰਾਲੇ ਨੇ ਐਲਾਨ ਕੀਤਾ ਕਿ ਤਾਲਾਬੰਦੀ 4 ਮਈ ਤੋਂ 17 ਮਈ ਤੱਕ ਦੋ ਹਫ਼ਤਿਆਂ ਲਈ ਵਧਾਈ ਜਾ ਰਹੀ ਹੈ।
ਖਾਸ ਗੱਲ ਇਹ ਹੈ ਕਿ ਪਿਛਲੇ ਦੋਵੇਂ ਲੋਕਡਾਊਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਖੁਦ ਵਧਾਉਣ ਦਾ ਐਲਾਨ ਕੀਤਾ ਸੀ, ਪਰ ਇਸ ਵਾਰ ਉਨ੍ਹਾਂ ਦੀ ਬਜਾਏ ਗ੍ਰਹਿ ਮੰਤਰਾਲੇ ਨੇ ਇੱਕ ਪ੍ਰੈਸ ਬਿਆਨ ਜਾਰੀ ਕਰਕੇ ਤਾਲਾਬੰਦੀ ਵਧਾਉਣ ਦਾ ਐਲਾਨ ਕੀਤਾ।