ਆਜ਼ਾਦੀ ਪੰਜਾਬੀਆਂ ਨੇ ਲੈ ਕੇ ਦਿੱਤੀ ਪਰ ਪਰੇਡ ‘ਚੋਂ ਸਾਡੀ ਹੀ ਕੇਂਦਰ ਨੇ ਝਾਕੀ ਬਾਹਰ ਕੱਢ ਦਿੱਤੀ

0
234

ਲੁਧਿਆਣਾ/ਚੰਡੀਗੜ੍ਹ, 26 ਜਨਵਰੀ | ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਕਿਹਾ ਕਿ ਅਣਗਿਣਤ ਕੁਰਬਾਨੀਆਂ ਦੇ ਕੇ ਦੇਸ਼ ਦੀ ਆਜ਼ਾਦੀ ਹਾਸਲ ਕਰਨ ਅਤੇ ਦੇਸ਼ ਦੀ ਏਕਤਾ, ਅਖੰਡਤਾ ਅਤੇ ਪ੍ਰਭੂਸੱਤਾ ਦੀ ਰਾਖੀ ਕਰਕੇ ਆਧੁਨਿਕ ਭਾਰਤੀ ਗਣਰਾਜ ਦੀ ਸਿਰਜਣਾ ਵਿਚ ਪੰਜਾਬ ਨੇ ਸਭ ਤੋਂ ਵੱਧ ਯੋਗਦਾਨ ਪਾਇਆ ਹੈ।

75ਵੇਂ ਗਣਤੰਤਰ ਦਿਵਸ ਮੌਕੇ ਇਥੇ ਹੋਏ ਸਮਾਗਮ ਦੌਰਾਨ ਕੌਮੀ ਝੰਡਾ ਲਹਿਰਾਉਣ ਤੋਂ ਬਾਅਦ ਇਕੱਠ ਨੂੰ ਸੰਬਧੋਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਅੱਜ ਦੇ ਦਿਨ ਦੀ ਪੰਜਾਬ ਲਈ ਵਿਸ਼ੇਸ਼ ਮਹੱਤਤਾ ਹੈ ਕਿਉਂਕਿ ਪੰਜਾਬੀਆਂ ਨੇ ਇਸ ਮੁਲਕ ਦੀ ਖਾਤਰ ਵੱਡੀਆਂ ਕੁਰਬਾਨੀਆਂ ਦਿੱਤੀਆਂ ਹਨ। ਉਨ੍ਹਾਂ ਕਿਹਾ, “ਦੇਸ਼ ਦੀ ਆਜ਼ਾਦੀ ਤੋਂ ਪਹਿਲਾਂ ਵੀ ਬਹੁਤ ਵਾਰ 26 ਜਨਵਰੀ ਦਾ ਦਿਨ ਗੁਜ਼ਰਿਆ ਸੀ ਪਰ ਕਿਸੇ ਨੂੰ ਕੌਮੀ ਝੰਡਾ ਲਹਿਰਾਉਣ ਦੀ ਇਜਾਜ਼ਤ ਨਹੀਂ ਸੀ। ਹੁਣ ਸਾਨੂੰ ਇਹ ਦਿਹਾੜਾ ਮਨਾਉਣ ਦਾ ਹੱਕ ਹੈ ਪਰ ਬੜੇ ਦੁੱਖ ਦੀ ਗੱਲ ਹੈ ਕਿ ਸੂਬੇ ਦੀ ਝਾਕੀ ਨੂੰ ਕੌਮੀ ਰਾਜਧਾਨੀ ਵਿਚ ਗਣਤੰਤਰ ਦਿਹਾੜੇ ਮੌਕੇ ਹੋਈ ਪਰੇਡ ਵਿਚੋਂ ਜਾਣਬੁੱਝ ਕੇ ਬਾਹਰ ਰੱਖਿਆ ਗਿਆ।”

ਲਿੰਕ ‘ਤੇ ਕਲਿੱਕ ਕਰਕੇ ਵੇਖੋ ਵੀਡੀਓ

ਇਸ ਤੋਂ ਬਾਅਦ ਮੁੱਖ ਮੰਤਰੀ ਨੇ ਕਿਹਾ ਕਿ ਇਹ ਬੜੀ ਹੈਰਾਨੀ ਦੀ ਗੱਲ ਹੈ ਕਿ ਕੌਮੀ ਦਿਹਾੜੇ ਪੰਜਾਬ ਤੋਂ ਬਿਨਾਂ ਕਿਵੇਂ ਮਨਾਏ ਜਾ ਸਕਦੇ ਹਨ। ਉਨ੍ਹਾਂ ਕਿਹਾ ਕਿ ਜਿਨ੍ਹਾਂ ਲੋਕਾਂ ਨੇ ਪੰਜਾਬ ਦੀ ਝਾਕੀ ਨੂੰ ਮਿੱਥ ਕੇ ਬਾਹਰ ਰੱਖਿਆ ਹੈ, ਉਨ੍ਹਾਂ ਨੂੰ ਇਹ ਦੱਸਣਾ ਚਾਹੀਦਾ ਹੈ ਕਿ ਇਸ ਝਾਕੀ ਵਿੱਚ ਕੀ ਗਲਤ ਸੀ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਤਿਆਰ ਕੀਤੀਆਂ ਝਾਕੀਆਂ ਸੂਬੇ ਦਾ ਅਮੀਰ ਸੱਭਿਆਚਾਰ ਅਤੇ ਵਿਰਾਸਤ ਨੂੰ ਮੂਰਤੀਮਾਨ ਕਰਦੀਆਂ ਸਨ ਕਿਉਂਕਿ ਅਸੀਂ ਸੂਬੇ ਦੇ ਗੌਰਵ ਤੇ ਮਾਣ ਨਾਲ ਕੋਈ ਸਮਝੌਤਾ ਨਹੀਂ ਕਰ ਸਕਦੇ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਪੰਜਾਬੀਆਂ ਦੀਆਂ ਲਮਿਸਾਲ ਕੁਰਬਾਨੀਆਂ ਦਾ ਮਜ਼ਾਕ ਉਡਾਇਆ ਹੈ ਜਿਸ ਨੂੰ ਕਿਸੇ ਵੀ ਕੀਮਤ ਉਤੇ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ ਅਤੇ ਇਸੇ ਕਰਕੇ ਸੂਬਾ ਸਰਕਾਰ ਨੇ ਕੇਂਦਰ ਦੇ ਇਸ ਕਦਮ ਦੀ ਜ਼ੋਰਦਾਰ ਮੁਖਾਲਫ਼ਤ ਕੀਤੀ ਸੀ।

ਮੁੱਖ ਮੰਤਰੀ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਸੂਬੇ ਦੀਆਂ ਝਾਕੀਆਂ ਰੱਦ ਕਰਕੇ ਮਾਈ ਭਾਗੋ, ਗ਼ਦਰੀ ਬਾਬੇ, ਸ਼ਹੀਦ ਭਗਤ ਸਿੰਘ, ਸ਼ਹੀਦ ਰਾਜਗੁਰੂ, ਸ਼ਹੀਦ ਸੁਖਦੇਵ, ਲਾਲਾ ਲਾਜਪਤ ਰਾਏ, ਸ਼ਹੀਦ ਊਧਮ ਸਿੰਘ, ਸ਼ਹੀਦ ਕਰਤਾਰ ਸਿੰਘ ਸਰਾਭਾ ਤੇ ਹੋਰ ਸ਼ਹੀਦਾਂ ਦਾ ਅਪਮਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੇ ਗਣਤੰਤਰ ਦਿਵਸ ਦੀ ਪਰੇਡ ਵਿੱਚ ਸੂਬੇ ਦੀਆਂ ਝਾਕੀਆਂ ਸ਼ਾਮਲ ਨਾ ਕਰਕੇ ਇਨ੍ਹਾਂ ਨਾਇਕਾਂ ਦੀਆਂ ਕੁਰਬਾਨੀਆਂ ਅਤੇ ਯੋਗਦਾਨ ਦੇ ਮਹੱਤਵ ਨੂੰ ਘਟਾਇਆ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਹ ਵਰਤਾਰਾ ਸਹਿਣ ਨਹੀਂ ਕੀਤਾ ਜਾ ਸਕਦਾ ਕਿਉਂਕਿ ਇਹ ਸਿੱਧੇ ਤੌਰ ਉਤੇ ਸਾਡੇ ਦੇਸ਼ ਭਗਤਾਂ ਅਤੇ ਕੌਮੀ ਨੇਤਾਵਾਂ ਦਾ ਨਿਰਾਦਰ ਹੈ। ਉਨ੍ਹਾਂ ਕਿਹਾ ਕਿ ਹੁਣ ਪੰਜਾਬ ਸਰਕਾਰ ਪੂਰੇ ਸੂਬੇ ਵਿੱਚ ਇਹ ਝਾਕੀਆਂ ਕੱਢ ਕੇ ਦੇਸ਼ ਪ੍ਰਤੀ ਪੰਜਾਬੀਆਂ ਦਾ ਯੋਗਦਾਨ ਦਿਖਾਏਗੀ।

ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਹਮੇਸ਼ਾ ਮੋਹਰੀ ਸੂਬਾ ਰਿਹਾ ਹੈ ਅਤੇ ਮੋਹਰੀ ਹੀ ਰਹੇਗਾ ਕਿਉਂਕਿ ਪੰਜਾਬੀਆਂ ਨੂੰ ਸਖ਼ਤ ਮਿਹਨਤ ਅਤੇ ਦ੍ਰਿੜ ਜਜ਼ਬੇ ਦੀ ਬਖਸ਼ਿਸ਼ ਪ੍ਰਾਪਤ ਹੈ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਆਪਣੀ ਡਿਊਟੀ ਪੂਰੀ ਤਨਦੇਹੀ ਨਾਲ ਨਿਭਾ ਰਹੀ ਹੈ ਤਾਂ ਜੋ ਪੰਜਾਬ ਹਰ ਖੇਤਰ ਵਿੱਚ ਦੇਸ਼ ਦੀ ਅਗਵਾਈ ਕਰੇ। ਭਗਵੰਤ ਸਿੰਘ ਮਾਨ ਨੇ ਕਿਹਾ, “ਮੈਨੂੰ ਅਗਲੀਆਂ ਚੋਣਾਂ ਦਾ ਫਿਕਰ ਨਹੀਂ ਸਗੋਂ ਮੈਂ ਤਾਂ ਆਉਣ ਵਾਲੀ ਪੀੜ੍ਹੀ ਦੇ ਭਲੇ ਲਈ ਕੰਮ ਕਰ ਰਿਹਾ ਹਾਂ ਜਿਸ ਕਰਕੇ ਮੇਰੀ ਸਰਕਾਰ ਨੇ ਕਈ ਲੀਹੋਂ ਹਟਵੇਂ ਉਪਰਾਲੇ ਕੀਤੇ ਹਨ।”