ਬਠਿੰਡਾ ‘ਚ ਪ੍ਰਦੂੁਸ਼ਣ ਕੰਟਰੋਲ ਬੋਰਡ ਨੇ ਕਣਕ ਦੀ ਨਾੜ ਨੂੰ ਅੱਗ ਲਗਾਉਣ ਵਾਲੇ 11 ਕਿਸਾਨਾਂ ਦੇ ਕੱਟੇ ਚਲਾਨ

0
911

ਬਠਿੰਡਾ . ਕਣਕ ਦੀ ਨਾੜ ਨੂੰ ਅੱਗ ਲਗਾਉਣ ਵਾਲੇ ਕਿਸਾਨਾਂ ਦੇ ਖੇਤਾਂ ਦਾ ਸਰਵੇ ਕਰਕੇ ਪ੍ਰਦੂਸ਼ਨ ਕੰਟਰੋਲ ਬੋਰਡ ਨੇ ਜ਼ਿਲ੍ਹੇ ਵਿਚ 11 ਕਿਸਾਨਾਂ ਦੇ ਚਲਾਨ ਕੱਟ ਦਿੱਤੇ ਤੇ ਜਿਹਨਾਂ ਵਿੱਚੋਂ 2 ਕਿਸਾਨਾਂ ਕੋਲੋਂ ਜੁਰਮਾਨਾ ਵਸੂਲ ਕਰ ਵੀ ਕੀਤਾ ਗਿਆ। ਖੇਤੀਬਾੜੀ ਅਫ਼ਸਰ ਡਾ ਬਹਾਦਰ ਸਿੰਘ ਸਿੱਧੂ ਨੇ ਕਿਹਾ ਅੱਗ ਲਾਉਣ ਵਾਲੇ ਹਰ ਕਿਸਾਨ ਤੋਂ ਇਹ ਜੁਰਮਾਨਾ ਵਸੂਲ ਕੀਤਾ ਜਾਵੇਗਾ।  ਡਿਪਟੀ ਕਮਿਸ਼ਨਰ ਬੀ ਸ੍ਰੀਨਿਵਾਸਨ ਦੇ ਦਿਸ਼ਾ-ਨਿਰਦੇਸ਼ਾਂ ਹੇਠ ਡਾ. ਬਹਾਦਰ ਸਿੰਘ ਸਿੱਧੂ ਮੁੱਖ ਖੇਤੀਬਾੜੀ ਅਫ਼ਸਰ, ਬਠਿੰਡਾ ਨੇ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਅੱਜ ਮਹਾਂਮਾਰੀ ਦੇ ਦੌਰ ਵਿੱਚ ਕੋਵਿਡ ਜਿਹੀ ਭਿਆਨਕ ਬੀਮਾਰੀ ਚੱਲ ਰਹੀ ਹੈ ਜੋ ਕਮਜ਼ੋਰ ਫੇਫੜਿਆਂ ਉੱਤੇ ਵੱਧ ਮਾਰ ਕਰਦੀ ਹੈ।

ਧੂੰਆਂ ਸਾਹ ਦੀਆਂ ਬੀਮਾਰੀਆਂ ਦਾ ਕਾਰਨ ਬਣਦਾ ਹੈ। ਇਸ ਬੀਮਾਰੀ ਨਾਲ ਜੋ ਲੋਕ ਬੀਮਾਰ ਹੋ ਰਹੇ ਹਨ, ਧੂੰਆਂ ਉਨ੍ਹਾਂ ਲਈ ਜਾਨਲੇਵਾ ਸਾਬਿਤ ਹੋ ਸਕਦਾ ਹੈ ਤੇ ਬੀਮਾਰੀ ਨੂੰ ਵਧਾਉਣ ਵਿੱਚ ਵੱਡਾ ਰੋਲ ਅਦਾ ਕਰਦਾ ਹੈ। ਬੀਮਾਰ ਫੇਫੜੇ ਧੂੰਏ ਦੀ ਮਾਰ ਨਹੀਂ ਝੱਲ ਸਕਣਗੇ। ਇਸ ਲਈ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ, ਬਠਿੰਡਾ ਵੱਲੋਂ ਕਿਸਾਨਾਂ ਨੂੰ ਅਰਜ਼ੋਈ ਕੀਤੀ ਗਈ ਹੈ ਕਿ ਆਪਾਂ ਸੰਭਲ ਜਾਈਏ ਅਤੇ ਨਾੜ ਨੂੰ ਅੱਗ ਨਾ ਲਗਾ ਕੇ ਬੀਮਾਰੀ ਨੂੰ ਰੋਕਣ ਵਿੱਚ ਲੱਗੇ ਲੋਕਾਂ ਨਾਲ ਹਿੱਸਾ ਪਾਈਏ। ਰਹਿੰਦ ਖੂੰਹਦ ਨੂੰ ਸਹੀ ਤਰੀਕੇ ਨਾਲ ਸੰਭਾਲੀਏ, ਤਾਂ ਕਿ ਮਨੁੱਖੀ ਜਾਨਾਂ ਖਤਰੇ ਵਿੱਚ ਨਾ ਪੈਣ। ਅੱਗ ਦਾ ਧੂੰਆਂ ਸਾਡੇ ਫੇਫੜਿਆਂ ਵਿੱਚ ਜਾਂਦਾ ਹੈ, ਜਿਸ ਨਾਲ ਮਨੁੱਖੀ ਜਾਨਾਂ ਦਾ ਸਿੱਧਾ ਨੁਕਸਾਨ ਹੁੰਦਾ ਹੈ। ਜਿੱਥੇ ਲੋਕ ਲੋਕਾਂ ਦੀ ਸਹਾਇਤਾ ਵਿੱਚ ਲੰਗਰ ਲਗਾ ਕੇ, ਮਾਸਕ ਅਤੇ ਸੈਨੇਟਾਈਜ਼ਰ ਵੰਡ ਕੇ ਲੋਕਾਂ ਉੱਪਰ ਬੀਮਾਰੀ ਦੇ ਹਮਲੇ ਨੂੰ ਰੋਕਣ ਵਿੱਚ ਲੱਗੇ ਹਨ ਉੱਥੇ ਆਪਾਂ ਵੀ ਨਾੜ ਨੂੰ ਅੱਗ ਨਾ ਲਗਾ ਕੇ ਵਾਤਾਵਰਨ ਨੂੰ ਸਾਫ਼ ਰੱਖੀਏ ਤਾਂ ਕਿ ਮਨੁੱਖੀ ਜਾਨਾਂ ਖਤਰੇ ਵਿੱਚ ਨਾ ਪੈਣ।