ਅੰਮ੍ਰਿਤਸਰ | ਅੰਮ੍ਰਿਤਸਰ ‘ਚ ਟਿਊਸ਼ਨ ਪੜ੍ਹਨ ਗਈ 7 ਦੀ ਬੱਚੀ ਬਾਈਕ ਸਵਾਰਾਂ ਅਗਵਾ ਕਰ ਲਈ ਤੇ ਸੀਸੀਟੀਵੀ ਵਿਚ ਆਰੋਪੀ ਕੈਦ ਹੋਏ। ਪੰਜਾਬ ਪੁਲਿਸ ਭਾਲ ਵਿਚ ਜੁਟੀ ਹੋਈ ਹੈ। ਮਾਪਿਆਂ ਦਾ ਰੋ-ਰੋ ਬੁਰਾ ਹਾਲ ਹੈ। ਥਾਣਾ ਘਰਿੰਡਾ ਅਧੀਨ ਪੈਂਦੇ ਪਿੰਡ ਰਾਮਪੁਰਾ ਤੋਂ ਮਾਮਲਾ ਸਾਹਮਣੇ ਆਇਆ ਹੈ।

ਪੀੜਤ ਪਿਤਾ ਅਜੀਤ ਸਿੰਘ ਵਾਸੀ ਪਿੰਡ ਰਾਮਪੁਰਾ ਨੇ ਦੱਸਿਆ ਕਿ ਉਸ ਦੀ ਲੜਕੀ ਅਭਿਰੋਜਪ੍ਰੀਤ (7) ਬੀਤੀ 15 ਮਈ ਨੂੰ ਸ਼ਾਮ 4 ਵਜੇ ਦੇ ਕਰੀਬ ਘਰ ਤੋਂ ਕੁਝ ਕਦਮ ਦੂਰ ਗੁਆਂਢੀ ਤਨੂ ਦੇ ਘਰ ਟਿਊਸ਼ਨ ਪੜ੍ਹਨ ਗਈ ਸੀ ਪਰ ਉਥੇ ਨਹੀਂ ਪਹੁੰਚੀ। ਅਭਿਰੋਜਪ੍ਰੀਤ ਦੀ ਮਾਂ ਮਨੀ ਆਪਣੀ ਬੇਟੀ ਨੂੰ ਲੈਣ ਗਈ ਤਾਂ ਗੁਆਂਢੀ ਤਨੂ ਦੀ ਮਾਂ ਨੇ ਦੱਸਿਆ ਕਿ ਉਸ ਦੀ ਬੇਟੀ ਅਭਿਰੋਜਪ੍ਰੀਤ ਅੱਜ ਟਿਊਸ਼ਨ ਲਈ ਨਹੀਂ ਆਈ।

ਉਸ ਨੇ ਕਿਹਾ ਕਿ ਉਸ ਦੀ ਲੜਕੀ 4 ਵਜੇ ਹੀ ਟਿਊਸ਼ਨ ਗਈ ਸੀ। ਉਸ ਨੇ ਤੁਰੰਤ ਆਸ-ਪਾਸ ਆਪਣੀ ਲੜਕੀ ਦੀ ਭਾਲ ਕਰਨੀ ਸ਼ੁਰੂ ਕਰ ਦਿੱਤੀ ਪਰ ਉਸ ਦਾ ਕਿਧਰੇ ਵੀ ਪਤਾ ਨਹੀਂ ਲੱਗਾ, ਜਿਸ ਤੋਂ ਬਾਅਦ ਉਸ ਨੇ ਤੁਰੰਤ ਥਾਣਾ ਘਰਿੰਡਾ ਵਿਖੇ ਗੁੰਮਸ਼ੁਦਗੀ ਦੀ ਸ਼ਿਕਾਇਤ ਦਰਜ ਕਰਵਾਈ। ਬੱਚੀ ਦੇ ਲਾਪਤਾ ਹੋਣ ਦੀ ਸ਼ਿਕਾਇਤ ਮਿਲਦੇ ਹੀ ਪੁਲਿਸ ਹਰਕਤ ‘ਚ ਆ ਗਈ ਅਤੇ ਅਭਿਰੋਜਪ੍ਰੀਤ ਦੀ ਭਾਲ ਸ਼ੁਰੂ ਕਰ ਦਿੱਤੀ ਪਰ ਅਜੇ ਤੱਕ ਪੁਲਿਸ ਨੂੰ ਕੋਈ ਸਫਲਤਾ ਨਹੀਂ ਮਿਲੀ।