ਪੰਜਾਬ ‘ਚ ਏਡਜ਼ ਮਰੀਜ਼ਾਂ ਦੀ ਗਿਣਤੀ ‘ਚ ਭਾਰੀ ਉਛਾਲ, ਲਪੇਟ ‘ਚ ਆ ਰਹੇ ਨਾਬਾਲਿਗ

0
2106

ਲੁਧਿਆਣਾ/ਬਠਿੰਡਾ| ਪੰਜਾਬ ਦੇ ਨੌਜਵਾਨ ਬੁਰੀ ਤਰ੍ਹਾਂ ਏਡਜ਼ ਦੀ ਲਪੇਟ ‘ਚ ਆ ਰਹੇ ਹਨ। ਇਸ ਦਾ ਅੰਦਾਜ਼ਾ ਲਗਾਉਣਾ ਵੀ ਔਖਾ ਹੋ ਗਿਆ ਹੈ। ਜਿਹੜੇ ਨੌਜਵਾਨ ਪਹਿਲਾਂ ਨਸ਼ਿਆਂ ਦਾ ਸ਼ਿਕਾਰ ਹੁੰਦੇ ਸਨ, ਉਹ ਹੁਣ ਏਡਜ਼ ਦਾ ਸ਼ਿਕਾਰ ਹੋ ਰਹੇ ਹਨ। ਪੰਜਾਬ ਦੇ ਕੁਝ ਜ਼ਿਲ੍ਹੇ ਅਜਿਹੇ ਹਨ ਜਿਥੇ ਏਡਜ਼ ਦੇ ਮਰੀਜ਼ਾਂ ਦੀ ਗਿਣਤੀ ਤੇਜ਼ੀ ਨਾਲ ਵਧੀ ਹੈ। ਜਨਵਰੀ ਮਹੀਨੇ ਤੱਕ ਲੁਧਿਆਣਾ ਵਿੱਚ ਏਡਜ਼ ਦੇ 1711 ਮਾਮਲੇ ਸਾਹਮਣੇ ਆਏ ਹਨ, ਜਦੋਂਕਿ ਬਠਿੰਡਾ ਵਿੱਚ 1514 ਏਡਜ਼ ਪਾਜ਼ੇਟਿਵ ਮਰੀਜ਼ ਸਾਹਮਣੇ ਆਏ ਹਨ। ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਇਨ੍ਹਾਂ ਏਡਜ਼ ਪਾਜ਼ੇਟਿਵ ਕੇਸਾਂ ਵਿੱਚ 15 ਸਾਲ ਤੋਂ ਘੱਟ ਉਮਰ ਦੇ ਬੱਚੇ ਵੀ ਸ਼ਾਮਲ ਹਨ।

World Aids Day 2022: Heres Why Red Ribbon Is Used As A Symbol For Aids  Awareness?

ਜੇ ਪੂਰੇ ਪੰਜਾਬ ਦੀ ਗੱਲ ਕਰੀਏ ਤਾਂ 2022 ਤੋਂ ਜਨਵਰੀ 2023 ਤੱਕ ਦੇ ਅੰਕੜਿਆਂ ਮੁਤਾਬਕ ਸੂਬੇ ਵਿੱਚ 10,109 ਏਡਜ਼ ਪਾਜ਼ੇਟਿਵ ਮਰੀਜ਼ ਪਾਏ ਗਏ ਹਨ। ਯਾਨੀ ਨਸ਼ੇ ਤੋਂ ਬਾਅਦ ਹੁਣ ਪੰਜਾਬ ਇਸ ਮਾਰੂ ਬੀਮਾਰੀ ਦਾ ਸ਼ਿਕਾਰ ਹੁੰਦਾ ਜਾ ਰਿਹਾ ਹੈ। ਮੰਨਿਆ ਜਾਂਦਾ ਹੈ ਕਿ ਏਡਜ਼ ਦੇ ਮਰੀਜ਼ਾਂ ਦੀ ਗਿਣਤੀ ਵਧਾਉਣ ਵਿਚ ਨਸ਼ਾ ਇੱਕ ਅਹਿਮ ਭੂਮਿਕਾ ਨਿਭਾਉਂਦਾ ਹੈ। ਨਸ਼ੇੜੀ ਨਸ਼ੇ ਦੇ ਟੀਕੇ ਲਗਾਉਣ ਲਈ ਇੱਕ ਦੂਜੇ ਦੀ ਸੂਈ ਦੀ ਵਰਤੋਂ ਕਰਦੇ ਹਨ, ਜਿਸ ਕਾਰਨ ਜੇ ਇੱਕ ਵਿਅਕਤੀ ਏਡਜ਼ ਪਾਜ਼ੇਟਿਵ ਹੈ ਤਾਂ ਉਸ ਦੇ ਨਾਲ ਦੂਜੇ ਦੇ ਪਾਜ਼ੇਟਿਵ ਹੋਣ ਦੀ ਸੰਭਾਵਨਾ ਵੱਧ ਜਾਂਦੀ ਹੈ।

ਭਾਵੇਂ ਸਮੇਂ-ਸਮੇਂ ‘ਤੇ ਲੋਕਾਂ ਨੂੰ ਏਡਜ਼ ਪ੍ਰਤੀ ਜਾਗਰੂਕ ਕੀਤਾ ਜਾਂਦਾ ਹੈ ਪਰ ਫਿਰ ਵੀ ਲੋਕ ਇਸ ਨੂੰ ਗੰਭੀਰਤਾ ਨਾਲ ਨਹੀਂ ਲੈਂਦੇ ਅਤੇ ਏਡਜ਼ ਵਰਗੀ ਖਤਰਨਾਕ ਬੀਮਾਰੀ ਦਾ ਸ਼ਿਕਾਰ ਹੋ ਜਾਂਦੇ ਹਨ। ਟੀਕੇ ਰਾਹੀਂ ਨਸ਼ਾ ਕਰਨ ਵਾਲੇ ਲੋਕ ਕਈ ਵਾਰ ਓਵਰਡੋਜ਼ ਕਾਰਨ ਆਪਣੀ ਜਾਨ ਵੀ ਗੁਆ ਦਿੰਦੇ ਹਨ।

ਲੁਧਿਆਣਾ ਵਿੱਚ ਸਾਹਮਣੇ ਆਏ 1711 ਕੇਸਾਂ ਵਿਚੋਂ 1448 ਮਰਦ, 233 ਔਰਤਾਂ, 2 ਟਰਾਂਸਜੈਂਡਰ ਅਤੇ 15 ਸਾਲ ਤੋਂ ਘੱਟ ਉਮਰ ਦੇ 28 ਬੱਚੇ ਹਨ। ਇਸ ਤੋਂ ਇਲਾਵਾ ਬਠਿੰਡਾ ਵਿਚ ਮਿਲੇ 1514 ਏਡਜ਼ ਪਾਜ਼ੇਟਿਵ ਮਰੀਜ਼ਾਂ ਵਿੱਚ 1281 ਮਰਦ, 225 ਔਰਤਾਂ, 2 ਟਰਾਂਸਜੈਂਡਰ ਅਤੇ 6 ਬੱਚੇ ਸ਼ਾਮਲ ਹਨ।