ਚੰਡੀਗੜ੍ਹ | ਬਠਿੰਡਾ ਦੇ ਮੈਂਬਰ ਪਾਰਲੀਮੈਂਟ ਹਰਸਿਮਰਤ ਕੌਰ ਬਾਦਲ ਨੇ ਅੱਜ ਕੇਂਦਰੀ ਹਵਾਬਾਜ਼ੀ ਮੰਤਰੀ ਜਯੋਤਿਰਦਿਤਯਾ ਸਿੰਧੀਆ ਨੂੰ ਅਪੀਲ ਕੀਤੀ ਕਿ ਪੰਜਾਬ ਤੋਂ ਨਾਂਦੇੜ ਸਾਹਿਬ ਤੱਕ ਫਲਾਈਟਾਂ ਮੁੜ ਸ਼ੁਰੂ ਕੀਤੀਆਂ ਜਾਣ ਅਤੇ ਕਿਹਾ ਕਿ ਕੋਰੋਨਾ ਮਹਾਮਾਰੀ ਤੋਂ ਬਾਅਦ ਅੰਮ੍ਰਿਤਸਰ-ਨਾਂਦੇੜ ਸਾਹਿਬ ਫਲਾਈਟ ਮੁੜ ਸ਼ੁਰੂ ਨਹੀਂ ਕੀਤੀ। ਨਾਂਦੇੜ ਸਾਹਿਬ ਪਵਿੱਤਰ ਨਗਰੀ ਹੈ ਜਿਥੇ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਆਪਣਾ ਆਖਰੀ ਸਮਾਂ ਗੁਜ਼ਾਰਿਆ ਸੀ।
ਸ਼ਹਿਰੀ ਹਵਾਬਾਜ਼ੀ ਮੰਤਰੀ ਨੂੰ ਲਿਖੇ ਇਕ ਪੱਤਰ ਵਿਚ ਹਰਸਿਮਰਤ ਕੌਰ ਬਾਦਲ ਨੇ ਆਖਿਆ ਕਿ ਅੰਮ੍ਰਿਤਸਰ-ਨਾਂਦੇੜ ਸਾਹਿਬ ਫਲਾਈਟ ਮੁੜ ਸ਼ੁਰੂ ਕਰਨ ਨਾਲ ਉਨ੍ਹਾਂ ਸ਼ਰਧਾਲੂਆਂ ਨੂੰ ਫਾਇਦਾ ਹੋਵੇਗਾ ਜੋ ਇਸ ਪਵਿੱਤਰ ਤਖਤ ਦੇ ਦਰਸ਼ਨਾਂ ਵਾਸਤੇ ਹੋਰ ਸਾਧਨਾਂ ਰਾਹੀਂ ਨਹੀਂ ਪਹੁੰਚ ਸਕਦੇ। ਉਨ੍ਹਾਂ ਕਿਹਾ ਕਿ ਸ਼ਰਧਾਲੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਮੌਕੇ ਨਾਂਦੇੜ ਸਾਹਿਬ ਦੇ ਦਰਸ਼ਨਾਂ ਦੇ ਅਭਿਲਾਸ਼ੀ ਹਨ।
ਉਨ੍ਹਾਂ ਨੇ ਮੰਤਰੀ ਨੂੰ ਅਪੀਲ ਕੀਤੀ ਕਿ ਦਿੱਲੀ ਦੇ ਕੌਮਾਂਤਰੀ ਹਵਾਈ ਅੱਡੇ ਦੇ ਟਰਮੀਨਲ 3 ਦਾ ਨਾਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਨਾਂ ’ਤੇ ਰੱਖਿਆ ਜਾਵੇ ਜੋ ਕਿ ਗੁਰੂ ਸਾਹਿਬ ਵੱਲੋਂ ਧਰਮ ਦੀ ਰਾਖੀ ਵਾਸਤੇ ਅਨੇਕਾਂ ਤਸੀਹੇ ਝੱਲ ਕੇ ਦਿੱਤੀ ਸ਼ਹਾਦਤ ਲਈ ਸੱਚੀ ਸ਼ਰਧਾਂਜਲੀ ਹੋਵੇਗੀ। ਉਨ੍ਹਾਂ ਕਿਹਾ ਕਿ ਉਨ੍ਹਾਂ ਵੱਲੋਂ ਧਰਮ ਦੀ ਰਾਖੀ ਲਈ ਦਿੱਤੀ ਕੁਰਬਾਨੀ ਦੀ ਇਤਿਹਾਸ ਵਿਚ ਹੋਰ ਕੋਈ ਮਿਸਾਲ ਨਹੀਂ ਮਿਲਦੀ। ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਦਿੱਲੀ ਦੇ ਚਾਂਦਨੀ ਚੌਕ ਵਿਚ ਹੋਈ, ਇਸੇ ਲਈ ਉਨ੍ਹਾਂ ਦੇ ਨਾਂ ’ਤੇ ਕੌਮਾਂਤਰੀ ਹਵਾਈ ਅੱਡੇ ਦਾ ਨਾਂ ਰੱਖਣਾ ਸਾਡੇ ਲਈ ਮਾਣ ਵਾਲੀ ਗੱਲ ਹੋਵੇਗੀ।