ਹਾਸ਼ੀਏ ’ਤੇ ਜੀਊਣ ਵਾਲਿਆਂ ਦੀ ਕਹਾਣੀ ਗੁਲਾਬੋ ਸਿਤਾਬੋ

0
7948

ਹਵੇਲੀ ਆਪਣੀ ਬਣਾਉਣ ਕਰਕੇ ਔਲਾਦ ਹੀ ਨਹੀਂ ਪੈਦਾ ਕੀਤੀ

ਨਵੀਂ ਦਿੱਲੀ . ਹਵੇਲੀ (ਫਾਤਿਮਾ ਮੰਜ਼ਿਲ) ’ਤੇ ਕਬਜ਼ਾ ਕਰਨ ਦੀ ਤਾਂਘ ਵਿੱਚ ਬੈਠਾ 78 ਸਾਲਾ ਮਿਰਜ਼ਾ ਜਦੋਂ ਆਪਣੇ ਵਕੀਲ ਨੂੰ ਇਹ ਗੱਲ ਕਹਿੰਦਾ ਹੈ ਤਾਂ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਲਾਲਚ ਉਸ ਦੀ ਰਗ-ਰਗ ਹੈ।

ਹਵੇਲੀ ’ਤੇ ਮਾਲਕਾਨਾ ਹੱਕ ਮਿਰਜ਼ਾ ਦੀ ਬੇਗ਼ਮ ਦਾ ਹੈ ਜਿਸ ਦੇ ਮਰਨ ਦਾ ਉਹ ਬੇਸਬਰੀ ਨਾਲ ਇੰਤਜ਼ਾਰ ਕਰ ਰਿਹਾ ਹੈ।

ਅਤੇ ਉਸ ਹਵੇਲੀ ਵਿੱਚ ਰਹਿਣ ਵਾਲਾ ਕਿਰਾਏਦਾਰ ਬਾਂਕੇ ਰਸਤੋਗੀ (ਆਯੁਸ਼ਮਾਨ ਖੁਰਾਨਾ) ਜੋ ਸਿਰਫ਼ 30 ਰੁਪਏ ਕਿਰਾਇਆ ਦਿੰਦਾ ਹੈ, ਉਹ ਵੀ ਜੇ ਹੋ ਸਕੇ ਤਾਂ। ਇਨ੍ਹਾਂ ਦੋਵਾਂ ਵਿਚਾਲੇ ਜਨਮ-ਜਨਮ ਦਾ ਵੈਰ।

ਇਕ ਲਵ ਸਟੋਰੀ ਵਾਂਗ ਫਰੇਮ ਵਿਚ ਕੈਦ

ਅਜਿਹੇ ਹੀ ਦੋ ਇਨਸਾਨਾਂ ਦੀ ਕਹਾਣੀ ਹੈ ਗੁਲਾਬੋ-ਸਿਤਾਬੋ। ਪਰ ਇਨ੍ਹਾਂ ਕਿਰਦਾਰਾਂ ਤੋਂ ਪਰੇ ਇਹ ਕਹਾਣੀ ਹੈ ਲਖਨਊ ਦੀ, ਉਸ ਦੀਆਂ ਤੰਗ ਗਲੀਆਂ, ਪੁਰਾਣੀਆਂ ਹਵੇਲੀਆਂ ਤੇ ਇਮਾਮਵਾੜਿਆਂ ਦੀ, ਜਿਸ ਨੂੰ ਸਿਨੇਮਾਟੋਗ੍ਰਾਫ਼ਰ ਅਵੀਕ ਮੁਖੋਉਪਾਧਿਆਇ ਨੇ ਕੈਮਰੇ ਵਿੱਚ ਇੱਕ ਲਵ-ਸਟੋਰੀ ਵਾਂਗ ਫਰੇਮ ਵਿੱਚ ਕੈਦ ਕੀਤਾ ਹੈ।

ਅਮਿਤਾਭ ਬੱਚਨ ਅਤੇ ਆਯੁਸ਼ਮਾਨ ਖੁਰਾਨਾ ਦੀ ਤਿੱਖੀ ਨੋਕ-ਝੋਕ, ਉਹ ਵੀ ਠੇਠ ਲਖਨਵੀਂ ਅੰਦਾਜ਼ ਵਿੱਚ ਇਸ ਫਿਲਮ ਦੀ ਜਾਨ ਹੈ।

ਚੂਸੀ ਹੋਈ ਗੁਠਲੀ ਦਾ ਚਿਹਰਾ, ਦੀਮਕ, ਲੀਚੜ-ਆਦਿ ਕੁਝ ʻਪਿਆਰ ਭਰੇ’ ਸ਼ਬਦ ਹਨ ਜੋ ਦੋਵੇਂ ਇੱਕ ਦੂਜੇ ਲਈ ਇਸਤੇਮਾਲ ਕਰਦੇ ਰਹਿੰਦੇ ਹਨ।

ਪਿਛਲੀਆਂ ਕਈ ਫਿਲਮਾਂ ਵਾਂਗ ਆਯੁਸ਼ਮਾਨ ਕਿਰਦਾਰ ਵਿੱਚ ਉਤਰ ਜਾਂਦੇ ਹਨ, ਨਾ ਸਿਰਫ਼ ਬੋਲ-ਚਾਲ ਵਿੱਚ ਬਲਕਿ ਤੌਰ-ਤਰੀਕੇ ਵਿੱਚ ਵੀ।

ਆਟਾ ਚੱਕੀ ਲਗਾ ਕੇ ਤਿੰਨ ਭੈਣਾਂ ਤੇ ਮਾਂ ਦੀ ਜ਼ਿੰਮੇਵਾਰੀ ਚੁੱਕਣ ਵਾਲੇ ਬਾਂਕੇ ਲਈ ਗ਼ਰੀਬੀ ਉਨ੍ਹਾਂ ਦੀ ਸਭ ਤੋਂ ਵੱਡੀ ਦੁਸ਼ਮਣ ਹੈ।

“10 ਬਾਈ 10 ਦੇ ਕਮਰੇ ਵਿੱਚ 5 ਲੋਕ ਸੌਣ ਵਾਲੇ, ਕੋਨੇ ਵਿੱਚ ਪਰਦੇ ਦੇ ਪਿੱਛੇ ਗੜਵੀ ਅਤੇ ਬਾਲਟੀ ਪਈ ਰਹਿੰਦੀ ਹੈ, ਜਿਸ ਵਿੱਚ ਸਾਰੇ ਨਹਾਉਂਦੇ ਹਨ, ਲੈਟ੍ਰਿਨ ਜਾਣਾ ਹੋਵੇ ਤਾਂ ਮਿਸ਼ਰਾ ਜੀ ਦੀ ਫੈਮਲੀ ਨਾਲ ਜੁਆਇੰਟ ਟੌਇਲਟ ਹੈ। ਤੁਸੀਂ ਦੱਸੋਂ ਕਿਵੇਂ ਕਰੀਏ ਵਿਆਹ।”ਪਰ ਚਿਹਰੇ ਦੇ ਮੇਕਅੱਪ ਦੀ ਊਚ-ਨੀਚ ਨੂੰ ਮਿਰਜ਼ਾ ਸਾਬ੍ਹ ਉਸ ’ਤੇ ਉਕਰੇ ਜਜ਼ਬਾਤਾਂ ਤੇ ਐਕਟਿੰਗ ਨਾਲ ਭਰ ਦਿੰਦੇ ਹਨ।

ਸਾਧਾਰਨ ਸ਼ਬਦਾਂ ਵਿੱਚ ਕਹਾਣੀ ਇਹ ਹੈ ਕਿ ਮਿਰਜ਼ਾ ਤਾਂਘ ਲਗਾ ਕੇ ਬੈਠਿਆ ਹੈ ਕਿ ਉਨ੍ਹਾਂ ਦੀ ਬੇਗ਼ਮ ਫਾਤਿਮਾ (ਜੋ ਉਨ੍ਹਾਂ ਤੋਂ 15 ਸਾਲ ਵੱਡੀ ਹੈ) ਨੂੰ ਕਦੋਂ ਜੰਨਤ ਨਸੀਬ ਹੋਵੇ ਅਤੇ ਪੁਸ਼ਤੈਨੀ ਹਵੇਲੀ ’ਤੇ ਉਨ੍ਹਾਂ ਦਾ ਹੱਕ ਹੋ ਜਾਵੇ, 78 ਸਾਲ ਦੀ ਉਮਰ ਵਿੱਚ ਵੀ।

ਉੱਥੇ ਹੀ ਬਾਂਕੇ 30 ਰੁਪਏ ਦੀ ਕਿਰਾਏਦਾਰੀ ਛੱਡਣਾ ਨਹੀਂ ਚਾਹੁੰਦਾ।

ਜਦੋਂ ਬਾਂਕੇ ਆਪਣੀ ਪ੍ਰੇਮਿਕਾ ਫੌਜੀਆ ਨੂੰ ਕਹਿੰਦੇ ਹਨ ਤਾਂ ਤੁਸੀਂ ਝੁੰਝਲਾਹਟ ਦੇਖ ਹੀ ਨਹੀਂ ਸਗੋਂ ਮਹਿਸੂਸ ਵੀ ਕਰ ਸਕਦੇ ਹੋ।

ਅਮਿਤਾਭ ਬਚਨ ਦਾ ਮੇਕਅਪ ਕਾਫੀ ਪਸੰਦ ਆਇਆ

ਇੱਕ ਲਾਲਚੀ, ਲੜਾਕੂ, ਤਿਗੜਮਬਾਜ਼ੀ, ਬੁੱਢੇ ਘੂਸਟ ਅਤੇ ਕੰਜੂਸ ਦਾ ਜੋ ਜਾਮਾ ਅਮਿਤਾਭ ਬੱਚਨ ਨੇ ਪਹਿਨਿਆ ਹੈ ਉਹ ਉਨ੍ਹਾਂ ਦੇ ਤਮਾਮ ਪੁਰਾਣੇ ਕਿਰਦਾਰਾਂ ਤੋਂ ਜੁਦਾ ਹੈ।

ਜਿਸ ਤਰ੍ਹਾਂ ਮਿਰਜ਼ਾ ਬੜਬੜਾਉਂਦਾ ਹੈ, ਹਰ ਕਿਸੇ ਨਾਲ ਝਗੜਾ ਮੋਲ ਲੈਂਦਾ ਹੈ, ਉਹ ਤੁਹਾਨੂੰ ਵੀ ਅਸਲ ਜ਼ਿੰਦਗੀ ਦੇ ਕਿਸੇ ਮਿਰਜ਼ਾ ਦੀ ਯਾਦ ਦਿਵਾ ਦਿੰਦਾ ਹੈ।

ਹਾਲਾਂਕਿ ਕਈਆਂ ਨੂੰ ਉਨ੍ਹਾਂ ਦਾ ਪ੍ਰੋਸਥੈਟਿਕ ਅਤੇ ਮੇਕਅੱਪ ਕਾਫੀ ਪਸੰਦ ਆਇਆ ਪਰ ਮੈਨੂੰ ਕੁਝ ਅਜੀਬ ਜਿਹਾ ਲੱਗਾ।

ਹਾਸ਼ੀਏ ’ਤੇ ਜੀਊਣ ਵਾਲਿਆਂ ਦੀ ਕਹਾਣੀ

ਗੋਲਮਾਲ ਦੇ ਰਿਸ਼ੀਕੇਸ਼ ਮੁਖਰਜੀ ਵਾਂਗ ਅਕਸਰ ਮੱਧ ਵਰਗ ਦੇ ਕਿੱਸਿਆਂ ਨੂੰ ਫਿਲਮ ਵਿੱਚ ਉਤਾਰਨ ਵਾਲੇ ਨਿਰਦੇਸ਼ਕ ਸ਼ੂਜੀਤ ਸਰਕਾਰ ਨੇ ਇਸ ਫਿਲਮ ਵਿੱਚ ਆਪਣੇ ਪੁਰਾਣੇ ਦਾਇਰੇ ਤੋਂ ਬਾਹਰ ਜਾ ਕੇ ਅਜਿਹੇ ਲੋਕਾਂ ਦੀ ਕਹਾਣੀ ਦਿਖਾਈ ਜੋ ਕਿਤੇ ਨਾ ਕਿਤੇ ਹਾਸ਼ੀਏ ’ਤੇ ਜ਼ਿੰਦਗੀ ਜੀ ਰਹੇ ਹਨ।

ਪੀਕੂ ਜਾਂ ਵਿਕੀ ਡੋਨਰ ਤੋਂ ਉਲਟ ਫਿਲਮ ਦੀ ਹੌਲੀ ਰਫ਼ਤਾਰ ਕੁਝ ਲੋਕਾਂ ਲਈ ਥੋੜ੍ਹੀ ਜਿਹੀ ਪਕਾਊ ਹੋ ਸਕਦੀ ਹੈ ਕਿਉਂਕਿ ਇਹ ਕਹਾਣੀ ਹਰ ਕਿਰਦਾਰ ਨੂੰ ਘੜਨ ਲੱਗਿਆ ਥੋੜ੍ਹਾ ਵਕਤ ਲੈਂਦੀ ਹੈ।

ਜੇਕਰ ਇੰਨਾ ਹੌਂਸਲਾ ਰੱਖ ਸਕੋ ਤਾਂ ਫਿਲਮ ਪਰਤਾਂ ਵਿੱਚ ਲੁਕਿਆ ਇੱਕ ਬਹਿਤਰੀਨ ਵਿਅੰਗ ਹੈ।

ਫਾਤਿਮਾ ਬੇਗ਼ਮ ਦਾ ਕਮਾਲ

ਦੂਜੇ ਰੋਲ ਵਿੱਚ ਕੰਮ ਕਰਨ ਵਾਲੇ ਕੁਝ ਕਲਾਕਾਰ ਵੀ ਬਿਹਤਰੀਨ ਹਨ, ਖ਼ਾਸ ਕਰਕੇ ਸ੍ਰਿਸ਼ਟੀ ਸ਼੍ਰੀਵਾਸਤਵ।

95 ਸਾਲਾ ਦੀ ਫਾਤਿਮੀ ਬੇਗ਼ਮ ਬਣੀ ਫ਼ਾਰੁਖ ਜਫ਼ਰ ਨੇ ਵੀ ਕਮਾਲ ਦਾ ਕੰਮ ਕੀਤਾ ਹੈ, ਜੋ ਜਾਣਦੀ ਸਭ ਕੁਝ ਹੈ ਕਿ ਪਤੀ ਉਸ ਦੇ ਨਹੀਂ ਉਸ ਦੀ ਹਵੇਲੀ ਦੇ ਪਿੱਛੇ ਹੈ ਪਰ ਆਪਣੀ ਟਰੰਪ ਕਾਰਡ ਉਹ ਬਚਾ ਕੇ ਰੱਖਦੀ ਹੈ।

ਕਈ ਸੀਨ ਵਿੱਚ ਫ਼ਾਰੁਖ਼ ਜ਼ਫ਼ਰ ਬਿਨਾਂ ਕੁਝ ਕਹੇ ਹੀ ਜਾਣ ਪਾ ਦਿੰਦੀ ਹੈ ਅਤੇ ਤੁਹਾਡੇ ਚਿਹਰੇ ’ਤੇ ਖੁਦ ਬ ਖੁਦ ਹੀ ਮੁਸਕਾਨ ਆ ਜਾਂਦੀ ਹੈ।

ਮਸਲਨ ਜਦੋਂ ਫ਼ਾਤਿਮਾ ਬੇਗ਼ਮ ਨੂੰ ਸਮਝ ਆ ਜਾਂਦਾ ਹੈ ਕਿ ਮਿਰਜ਼ਾ ਉਸ ਦੇ ਅੰਗੂਠੇ ਦਾ ਨਿਸ਼ਾਨ ਹਵੇਲੀ ਦੇ ਕਾਗ਼ਜ਼ਾਤ ’ਤੇ ਲੈਣਾ ਚਾਹੁੰਦਾ ਹੈ ਤਾਂ ਉਹ ਆਪਣੀਆਂ ਉਂਗਲੀਆਂ ’ਤੇ ਪੱਟੀ ਬੰਨ੍ਹ ਕੇ ਸੱਟ ਲੱਗਣ ਦਾ ਨਾਟਕ ਕਰਦੀ ਹੈ ਤੇ ਉਸ ਦੀਆਂ ਅੱਖਾਂ ਵਿੱਚ ਸ਼ਰਾਰਤ ਭਰੀ ਮੁਸਕਾਨ ਸਭ ਕੁਝ ਕਹਿ ਜਾਂਦੀ ਹੈ।

ਫਿਲਮ ਦਾ ਕਲਾਈਮੈਕਸ ਤੁਹਾਨੂੰ ਥੋੜ੍ਹਾ ਹੈਰਾਨ ਕਰੇਗਾ

ਹਾਲਾਂਕਿ, ਬਾਂਕੇ ਅਤੇ ਮਿਰਜ਼ਾ ਵਿਚਾਲੇ ਬਹੁਤ ਸਾਰੇ ਦੂਜੇ ਕਿਰਦਾਰ ਆਉਣ ਨਾਲ ਭੀੜ ਜਿਹੀ ਹੋ ਜਾਂਦੀ ਹੈ।

ਇਸ ਲਈ ਕਲਾਈਮੈਕਸ ਵਿੱਚ ਜਦੋਂ ਭੀੜ ਛਟਦੀ ਹੈ ਤਾਂ ਦੋਵਾਂ ਵਿਚਾਲੇ ਦਾ ਰਿਸ਼ਤਾ ਉਭਰ ਦੇ ਆ ਜਾਂਦਾ ਹੈ ਅਤੇ ਤੁਹਾਨੂੰ ਇੱਕ ਪਲ ਲਈ ਲਗਦਾ ਹੈ ਕਿ ਦੋਵਾਂ ਵਿਚਕਾਰਲੀ ਖਟਪਟ ਅਤੇ ਕਿਰਾਏਦਾਰ-ਮਾਲਕ ਦੇ ਰਿਸ਼ਤੇ ਨਾਲੋਂ ਵੱਧ ਵੀ ਸ਼ਾਇਦ ਕੁਝ ਸੀ ।

ਬਾਂਕੇ ਤੇ ਮਿਰਜ਼ਾ ਦੀ ਕਹਾਣੀ ਤੋਂ ਪਰੇ ਲਾਲਚ ਦੀ ਕਹਾਣੀ ਹੈ, ਲਾਲਚ ਜਿਸ ਨੇ ਵੈਸੇ ਤਾਂ ਕਦੇ ਕਿਸੇ ਦਾ ਭਲਾ ਨਹੀਂ ਕੀਤਾ ਪਰ ਇੱਕ-ਦੂਜੇ ਦੇ ਵੈਰੀ ਬਾਂਕੇ ਅਤੇ ਮਿਰਜ਼ਾ ਲਈ ਕੁਝ ਬਦਲੇਗਾ?

ਫਿਲਮ ਦਾ ਕਲਾਈਮੈਕਸ ਤੁਹਾਨੂੰ ਥੋੜ੍ਹਾ ਹੈਰਾਨ ਕਰੇਗਾ, ਥੋੜ੍ਹਾ ਹਸਾਏਗਾ ਤੇ ਥੋੜ੍ਹਾ ਉਦਾਸ ਕਰੇਗਾ।

ਫਿਲਮ ਬਾਕੀ ਫਿਲਮਾਂ ਤੋਂ ਵੱਖਰੀ ਤਾਂ ਹੈ ਪਰ ਸ਼ਾਇਦ ਸਭ ਦੇ ਮਿਜਾਜ਼ ਦੀ ਨਾ ਹੋਵੇ। ਫਿਲਮ ਦੇ ਸਕਰੀਨਪਲੇ ਅਤੇ ਖ਼ਾਸ ਕਰਕੇ ਡਾਇਲਾਗ ਲਈ ਜੂਹੀ ਚਤੁਰਵੈਦੀ ਬਹੁਤ ਸਾਰੀ ਤਾਰੀਫ਼ ਦੇ ਕਾਬਿਲ ਹੈ।

ਘਰ ’ਚ ਹੀ ਸਿਨੇਮਾਘਰ

ਵੈਸੇ ਇਸ ਫਿਲਮ ਦਾ ਰੀਵਿਊ ਕਰਨਾ ਆਪਣੇ ਆਪ ਵਿੱਚ ਅਨੋਖਾ ਤਜਰਬਾ ਜ਼ਰੂਰ ਰਿਹਾ।

ਸਿਨੇਮਾ ਘਰ ਤੋਂ ਬਾਹਰ ਹੀ ਨਹੀਂ ਬਲਿਕ ਰਾਤ 12 ਵਜੇ ਇੰਟਰਨੈੱਟ ’ਤੇ ਫਿਲਮ ਦਾ ਰੀਲੀਜ਼ ਹੋਣਾ, ਫਿਲਮ ਦੇ ਪਹਿਲੇ ਦਿਨ, ਜਾਂ ਪਹਿਲੇ ਦਿਨ ਤੋਂ ਪਹਿਲਾਂ ਹੀ ਜਾ ਕੇ ਸਪੈਸ਼ਲ ਸ਼ੋਅ ਦੇਖਣਾ, ਰੀਵਿਊ ਲਈ ਕੁਝ ਪੰਚ ਵਾਲੇ ਡਾਇਲਾਗ ਦਿਮਾਗ਼ ਵਿੱਚ ਯਾਦ ਕਰਕੇ ਰੱਖਣਾ, ਬਹੁਤ ਹੋਇਆ ਤਾਂ ਫੋਨ ਦੀ ਲਾਈਟ ਵਿੱਚ ਕਾਗ਼ਜ਼ ਵਿੱਚ ਨੋਟ ਕਰਨਾ, ਅਜਿਹੇ ਰੀਵਿਊ ਬਹੁਤ ਵਾਰ ਕੀਤੇ ਹਨ।

ਪਰ ਐਮਾਜ਼ੋਨ ਪ੍ਰਾਈਮ ’ਤੇ ਇਸ ਤਰ੍ਹਾਂ ਦਾ ਰੀਵਿਊ ਪਹਿਲੀ ਵਾਰ ਕੀਤਾ।

ਅਮਿਤਾਭ ਦੀਆਂ ਫਿਲਮਾਂ ਦੇ ਕਈ ਕਿੱਸੇ ਪੜ੍ਹੇ ਹਨ ਜਿੱਥੇ ਉਨ੍ਹਾਂ ਫਿਲਮਾਂ ਦੀ ਟਿਕਟਾਂ ਬਲੈਕ ਵਿੱਚ ਵਿਕਦੀਆਂ ਸਨ, ਲੋਕ ਘੰਟਿਆਂ ਤੱਕ ਲਾਈਨ ਵਿੱਚ ਲੱਗੇ ਰਹਿੰਦੇ ਸਨ।

ਪਰ ਇੱਥੇ ਸਿਰਫ਼ ਰਾਤ ਦੇ 12 ਵਜਣ ਦਾ ਇੰਤਜਾਰ ਸੀ। ਆਪਣਾ ਮੋਬਾਈਲ ਆਨ ਕਰੋ ਤੇ ਸਿਨੇਮਾਘਰ ਤੁਹਾਡੇ ਘਰ ਹਾਜ਼ਰ।

ਫਿਲਮ ਦਾ ਕੀ ਸੀਨ ਜਾਂ ਡਾਇਲਾਗ ਸਮਝ ਵਿੱਚ ਨਾਲ ਆਵੇ ਤਾਂ ਰਿਵਾਇੰਡ ਕਰੋ।

ਕੋਰੋਨਾਵਾਇਰਸ ਨੇ ਜ਼ਿੰਦਗੀ ਤਾਂ ਬਦਲ ਹੀ ਦਿੱਤੀ ਹੈ, ਜ਼ਿੰਦਗੀ ਦੀਆਂ ਹਕੀਕਤਾਂ ਤੋਂ ਸਿਨੇਮਾ ਅਤੇ ਫੈਂਟਸੀ ਦੀ ਦੁਨੀਆਂ ਵੀ ਤਬਦੀਲ ਕਰ ਦਿੱਤੀ ਹੈ।