ਖੁਸ਼ਖਬਰੀ : ਅੱਜ ਤੋਂ UKG ਦੇ ਵਿਦਿਆਰਥੀਆਂ ਨੂੰ ਵੀ ਮਿਲੇਗਾ ਮਿੱਡ-ਡੇ-ਮੀਲ

0
4059

ਮੁਹਾਲੀ| ਪੰਜਾਬ ਸਰਕਾਰ ਨੇ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਪੌਸ਼ਟਿਕ ਖਾਣਾ ਮੁਹੱਈਆ ਕਰਵਾਉਣ ਦੇ ਮੰਤਵ ਨਾਲ ਪ੍ਰੀ-ਪ੍ਰਾਇਮਰੀ ਵਿੰਗ ਦੀ ਯੂਕੇਜੀ (ਪਹਿਲੀ ਜਮਾਤ ਤੋਂ ਪਹਿਲਾਂ) ਜਮਾਤ ਨੂੰ ਵੀ ਮਿੱਡ-ਡੇ ਮੀਲ ਮੁਹੱਈਆ ਕਰਵਾਉਣ ਦੇ ਹੁਕਮ ਦਿੱਤੇ ਹਨ।

ਇਹ ਕੰਮ ਪਹਿਲੀ ਸਤੰਬਰ ਯਾਨੀ ਅੱਜ ਤੋਂ ਸ਼ੁਰੂ ਹੋ ਗਿਆ ਹੈ, ਜਿਸ ਤਹਿਤ ਸਰਕਾਰੀ ਪ੍ਰਾਇਮਰੀ ਅਤੇ ਸਰਕਾਰੀ ਸਹਾਇਤਾ ਪ੍ਰਾਪਤ ਸਕੂਲਾਂ ਦੇ ਵਿਦਿਆਰਥੀ ਭੋਜਨ ਪ੍ਰਾਪਤ ਕਰਨਗੇ। ਇਸ ਸਬੰਧੀ ਮਿੱਡ -ਡੇ ਮੀਲ ਸੁਸਾਇਟੀ ਨੇ 7 ਨੁਕਾਤੀ ਹੁਕਮਾਂ ਨਾਲ ਪੱਤਰ ਵੀ ਜਾਰੀ ਕਰ ਦਿੱਤਾ ਹੈ। ਵੇਰਵਿਆਂ ਅਨੁਸਾਰ ਬਾਲ ਵਾਟਿਕਾ ਦੇ ਪ੍ਰਤੀ ਵਿਦਿਆਰਥੀ ਨੂੰ ਦਿਨ ’ਚ 100 ਗ੍ਰਾਮ ਭੋਜਨ ਮੁਹੱਈਆ ਹੋਵੇਗਾ। ਪ੍ਰਧਾਨ ਮੰਤਰੀ ਪੀਐੱਮ ਪੋਸ਼ਣ ਸਕੀਮ ਤਹਿਤ ਮਿਲਣ ਵਾਲੇ ਦੁਪਹਿਰ ਦੇ ਖਾਣੇ ਦੀ ਪ੍ਰਤੀ ਵਿਦਿਆਰਥੀ ਕੀਮਤ 5 ਰੁਪਏ 45 ਪੈਸੇ ਤੈਅ ਕੀਤੀ ਗਈ ਹੈ।

ਸਿੱਖਿਆ ਵਿਭਾਗ ਦੇ ਇਸ ਫ਼ੈਸਲੇ ਤੋਂ ਬਾਅਦ ਭੋਜਨ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਦੀ ਗਿਣਤੀ ਵਧ ਜਾਵੇਗੀ। ਇਸ ਲਈ ਵਿਭਾਗ ਦੇ ਅਧਿਕਾਰੀਆਂ ਨੇ ਸਕੂਲ ਮੁਖੀਆਂ ਨੂੰ ਵਿਦਿਆਰਥੀਆਂ ਦੀ ਗਿਣਤੀ ਦੇ ਅਨੁਪਾਤ ਦੇ ਹਿਸਾਬ ਨਾਲ ਵਾਧੂ ਕੁੱਕ ਕਮ ਹੈਲਪਰ ਭਰਤੀ ਕਰਨ ਦੇ ਹੁਕਮ ਵੀ ਜਾਰੀ ਕੀਤੇ ਹਨ।

ਇਹ ਵੀ ਕਿਹਾ ਗਿਆ ਹੈ ਕਿ ਯੂਕੇਜੀ ਦੇ ਵਿਦਿਆਰਥੀਆਂ ਦੀ ਗਿਣਤੀ ਅਤੇ ਪ੍ਰਤੀ ਵਿਦਿਆਰਥੀ ਆਉਣ ਵਾਲੇ ਖ਼ਰਚ ਦੇ ਵੇਰਵੇ ਸਟਾਕ ਰਜਿਸਟਰ ’ਤੇ ਦਰਜ ਕੀਤੇ ਜਾਣ। ਇਸ ਦੇ ਖ਼ਰਚ ਦੀ ਪ੍ਰਾਇਮਰੀ ਵਾਂਗ ਹੀ ਵੱਖਰੀ ਰਿਪੋਰਟ ਭੇਜਣ ਅਤੇ ਈ -ਪੰਜਾਬ ਪੋਰਟਲ ’ਤੇ ਰੋਜ਼ਾਨਾ ਵੇਰਵੇ ਦਰਜ ਕਰਨ ਦੇ ਹੁਕਮ ਦਿੱਤੇ ਗਏ ਹਨ।

ਪਹਿਲਾਂ ਕੋਈ ਲਾਭ ਲੈਂਦਾ ਹੈ ਤਾਂ ਨਹੀਂ ਮਿਲੇਗਾ ਭੋਜਨ

ਸਕੂਲ ਮੁਖੀਆਂ ਨੂੰ ਹਦਾਇਤ ਕੀਤੀ ਗਈ ਹੈ ਕਿ ਜੇ ਕੋਈ ਵਿਦਿਆਰਥੀ ਕਿਸੇ ਸਕੀਮ ਤਹਿਤ ਪਹਿਲਾਂ ਭੋਜਨ ਪ੍ਰਾਪਤ ਕਰ ਰਿਹਾ ਹੈ ਤਾਂ ਯੂਕੇਜੀ ਦੇ ਸਬੰਧਤ ਵਿਦਿਆਰਥੀ ਨੂੰ ਇਸ ਸਕੀਮ ’ਚ ਸ਼ਾਮਲ ਨਾ ਕੀਤਾ ਜਾਵੇ। ਅਸਲ ’ਚ ਪਿਛਲੇ ਸਮੇਂ ਦੌਰਾਨ ਸਕੂਲਾਂ ’ਚ ਆਂਗਣਵਾੜੀਆਂ ਦੇ ਵਿਦਿਆਰਥੀਆਂ ਨੂੰ ਤਬਦੀਲ ਕੀਤਾ ਗਿਆ ਸੀ ਤੇ ਉਨ੍ਹਾਂ ਵਿਦਿਆਰਥੀਆਂ ਦਾ ਖਾਣਾ ਆਂਗਣਵਾੜੀ ਵਿੰਗ ਤਿਆਰ ਕਰਦਾ ਹੈ। ਇਸ ਲਈ ਨਵੀਂ ਸਕੀਮ ਤਹਿਤ ਸਿਰਫ਼ ਪਹਿਲੀ ਵਾਰ ਸੁਵਿਧਾ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਹੀ ਸ਼ਾਮਲ ਕੀਤੇ ਜਾਣ ਦੇ ਹੁਕਮ ਹਨ।