ਗ਼ਜ਼ਲ

0
2742

ਸੁਰਿੰਦਰ ਗੀਤ

ਲਾਸ਼ਾਂ ਗਿਣਦਾ ਗਿਣਦਾ ਸੂਰਜ
ਅੱਜ ਸਵੇਰੇ ਬਹੁਤ ਹੀ ਰੋਇਆ
ਸੋਚ ਰਿਹਾ ਸੀ ਕਾਹਤੋਂ ਬੰਦਾ
ਖੁਦ ਹੀ ਖੁਦ ਦਾ ਵੈਰੀ ਹੋਇਆ।

ਅੱਜ ਸਮੇਂ ਦੇ ਪੱਲੇ ਵਿੱਚੋਂ
ਅੰਗਿਆਰੇ ਜੋ ਥਾਂ-ਥਾਂ ਕਿਰਦੇ
ਇਹ ਤਾਂ ਓਹ ਹੀ ਲਾਵਾ ਹੈ ਜੋ
ਆਪਾਂ ਕੁਦਰਤ ਦੇ ਸਿਰ ਚੋਇਆ।

ਆਕੜ ਆਕੜ ਤੁਰਿਆ ਫਿਰਦਾ
ਦੁਨੀਆਂ ਦਾ ਸਰਦਾਰ ਕਹਾਉਂਦਾ
ਤੱਤੀ ਵਾ ਦੇ ਬੁਲ੍ਹੇ ਮੂਹਰੇ
ਪਲ ਛਿਣ ਵਿੱਚ ਹੋਇਆ ਅਧ-ਮੋਇਆ।

ਪੈਰੋਂ ਨੰਗੇ ਢਿੱਡੋਂ ਭੁੱਖੇ
ਟੋਲੇ ਬੰਨ੍ਹ ਬੰਨ੍ਹ ਤੁਰਦੇ ਜਾਦੇ
ਬੇਰੁਜ਼ਗਾਰੀ ਸੇਕ ਇਹਨਾਂ ਨੇ
ਅਪਣੇ ਸੀਨੇ ਵਿੱਚ ਸਮੋਇਆ।

ਭੁੱਖ ਇਕੱਲੀ ਜੰਮਦੀ ਮਰਦੀ
ਸਰਮਾਏ ਦਾ ਪੱਖ ਸਰਕਾਰਾਂ
ਇਸ ਪੀੜਾ ਦਾ ਭਾਰ ਹਮੇਸ਼ਾ
ਮਜ਼ਦੂਰਾਂ ਨੇ ਸਿਰ ਤੇ ਢੋਇ।