ਪਟਿਆਲਾ ਪੁਲਿਸ ਦੇ ਰਿਮਾਂਡ ‘ਤੇ ਗੈਂਗਸਟਰ ਸੰਪਤ ਨਹਿਰਾ: ਰਾਤ ਨੂੰ ਬੁਲੇਟ ਪਰੂਫ ਗੱਡੀ ‘ਚ ਲਿਆਂਦਾ, ਗੋਗਾਮੇੜੀ ਕਤਲ ਕਾਂਡ ਦਾ ਮਾਸਟਰ ਮਾਈਂਡ ਹੈ ਸੰਪਤ

0
1857

ਪਟਿਆਲਾ, 17 ਦਸੰਬਰ| ਰਾਜਸਥਾਨ ਦੇ ਸੁਖਦੇਵ ਗੋਗਾਮੇੜੀ ਕਤਲ ਕਾਂਡ ਦੇ ਮਾਸਟਰਮਾਈਂਡ ਲਾਰੈਂਸ ਗੈਂਗ ਦੇ ਗੈਂਗਸਟਰ ਸੰਪਤ ਨਹਿਰਾ ਨੂੰ ਪਟਿਆਲਾ ਪੁਲਿਸ ਨੇ ਰਿਮਾਂਡ ‘ਤੇ ਲਿਆ ਹੈ। ਪਟਿਆਲਾ ਪੁਲਿਸ ਨੇ ਸ਼ਨੀਵਾਰ ਰਾਤ ਉਸਨੂੰ ਅਦਾਲਤ ਵਿੱਚ ਪੇਸ਼ ਕੀਤਾ। ਜਿਸ ਤੋਂ ਬਾਅਦ 4 ਦਿਨ ਦਾ ਰਿਮਾਂਡ ਦਿੱਤਾ ਗਿਆ।

ਹਥਿਆਰਾਂ ਦੀ ਤਸਕਰੀ ਮਾਮਲੇ ‘ਚ ਪੁਲਿਸ ਸੰਪਤ ਨਹਿਰਾ ਤੋਂ ਪੁੱਛਗਿੱਛ ਕਰੇਗੀ। ਕੁਝ ਦਿਨ ਪਹਿਲਾਂ ਪਟਿਆਲਾ ਪੁਲਿਸ ਨੇ ਉਸ ਦੇ ਗਿਰੋਹ ਦੇ ਕੁਝ ਮੈਂਬਰਾਂ ਨੂੰ ਹਥਿਆਰਾਂ ਸਮੇਤ ਫੜਿਆ ਸੀ। ਜਿਸ ਤੋਂ ਬਾਅਦ ਪਟਿਆਲਾ ਅਦਾਲਤ ਵਿੱਚ ਕੇਸ ਦਰਜ ਕੀਤਾ ਗਿਆ। ਨਹਿਰਾ ਦੇ ਹਾਈ ਪ੍ਰੋਫਾਈਲ ਗੈਂਗਸਟਰ ਹੋਣ ਕਾਰਨ ਪੁਲਿਸ ਨੇ ਉਸ ਨੂੰ ਸਾਹਮਣੇ ਲਿਆਉਣ ਦਾ ਮਾਮਲਾ ਗੁਪਤ ਰੱਖਿਆ। ਪੁਲਿਸ ਸੰਪਤ ਨਹਿਰਾ ਨੂੰ ਬੁਲੇਟ ਪਰੂਫ ਗੱਡੀ ‘ਚ ਲੈ ਕੇ ਆਈ।

ਗੋਗਾਮੇੜੀ ਦੇ ਕਤਲ ਲਈ AK47 ਮੰਗਵਾਉਣ ਦਾ ਹੋਇਆ ਸੀ ਖੁਲਾਸਾ
5 ਦਸੰਬਰ ਨੂੰ ਰਾਜਸਥਾਨ ਵਿੱਚ ਰਾਸ਼ਟਰੀ ਰਾਜਪੂਤ ਕਰਣੀ ਸੈਨਾ ਦੇ ਪ੍ਰਧਾਨ ਸੁਖਦੇਵ ਸਿੰਘ ਗੋਗਾਮੇੜੀ ਦੀ ਹੱਤਿਆ ਕਰ ਦਿੱਤੀ ਗਈ ਸੀ। ਜਾਂਚ ‘ਚ ਸਾਹਮਣੇ ਆਇਆ ਸੀ ਕਿ ਉਸ ਦਾ ਕਤਲ ਸੰਪਤ ਨਹਿਰਾ ਨੇ ਕੀਤਾ ਸੀ। ਇਸ ਮਾਮਲੇ ਵਿੱਚ ਪੰਜਾਬ ਪੁਲਿਸ ਨੇ 5 ਮਹੀਨੇ ਪਹਿਲਾਂ ਰਾਜਸਥਾਨ ਪੁਲਿਸ ਨੂੰ ਖੁਫੀਆ ਜਾਣਕਾਰੀ ਭੇਜੀ ਸੀ।

ਜਿਸ ‘ਚ ਕਿਹਾ ਗਿਆ ਸੀ ਕਿ ਸੰਪਤ ਨਹਿਰਾ ਤੋਂ ਹਥਿਆਰਾਂ ਦੀ ਤਸਕਰੀ ਮਾਮਲੇ ‘ਚ ਪੁੱਛਗਿੱਛ ਕੀਤੀ ਗਈ ਸੀ। ਜਿਸ ਵਿੱਚ ਉਸ ਨੇ ਦੱਸਿਆ ਕਿ ਸੁਖਦੇਵ ਗੋਗਾਮੇੜੀ ਉਸ ਦਾ ਨਿਸ਼ਾਨਾ ਹੈ। ਇਹ ਵੀ ਦੱਸਿਆ ਗਿਆ ਕਿ ਉਸ ਨੇ ਗੋਗਾਮੇੜੀ ਦੇ ਕਤਲ ਲਈ ਏ.ਕੇ.47 ਵੀ ਮੰਗਵਾਈ ਸੀ।

ਪੁਲਿਸ ਸੂਤਰਾਂ ਮੁਤਾਬਕ ਵਿਦੇਸ਼ ‘ਚ ਬੈਠੇ ਗੈਂਗਸਟਰ ਰੋਹਿਤ ਗੋਦਾਰਾ ਦੇ ਨਿਰਦੇਸ਼ ‘ਤੇ ਨਹਿਰਾ ਨੇ ਗੋਗਾਮੇੜੀ ਨੂੰ ਮਾਰਨ ਲਈ ਸ਼ੂਟਰ ਦਾ ਇੰਤਜ਼ਾਮ ਕੀਤਾ।

ਨਹਿਰਾ ਸਲਮਾਨ ਖਾਨ ਨੂੰ ਮਾਰਨ ਵੀ ਗਿਆ ਸੀ। ਸੰਪਤ ਨਹਿਰਾ ਗੈਂਗਸਟਰ ਲਾਰੈਂਸ ਬਿਸ਼ਨੋਈ ਦਾ ਕਰੀਬੀ ਹੈ। ਪੁਲਿਸ ਸੂਤਰਾਂ ਦੀ ਮੰਨੀਏ ਤਾਂ ਸਾਲ 2021 ‘ਚ ਲਾਰੈਂਸ ਨੇ ਸਲਮਾਨ ਨੂੰ ਮਾਰਨ ਦਾ ਕਾਂਟਰੈਕਟ ਸੰਪਤ ਨਹਿਰਾ ਨੂੰ ਦਿੱਤਾ ਸੀ। ਯੋਜਨਾ ਮੁਤਾਬਕ ਉਹ ਮੁੰਬਈ ਵੀ ਪਹੁੰਚ ਗਿਆ ਸੀ। ਉਸ ਨੇ ਸਲਮਾਨ ਦੇ ਘਰ ਯਾਨੀ ਗਲੈਕਸੀ ਅਪਾਰਟਮੈਂਟ ਦੀ ਰੇਕੀ ਵੀ ਕੀਤੀ ਸੀ। ਮੌਕਾ ਦੇਖ ਕੇ ਸੰਪਤ ਨੇ ਸਲਮਾਨ ‘ਤੇ ਗੋਲੀ ਚਲਾਉਣ ਦੀ ਯੋਜਨਾ ਵੀ ਬਣਾਈ ਸੀ। ਹਾਲਾਂਕਿ, ਉਸ ਕੋਲ ਜੋ ਪਿਸਤੌਲ ਸੀ, ਉਸ ਦੀ ਰੇਂਜ ਘੱਟ ਸੀ ਅਤੇ ਸਲਮਾਨ ਹਮੇਸ਼ਾ ਬਾਡੀਗਾਰਡਾਂ ਨਾਲ ਘਿਰਿਆ ਰਹਿੰਦਾ ਸੀ, ਇਸ ਲਈ ਹਮਲੇ ਦੇ ਅਸਫਲ ਹੋਣ ਦੀ ਸੰਭਾਵਨਾ ਨੂੰ ਦੇਖਦੇ ਹੋਏ ਸੰਪਤ ਨੇ ਲਾਰੈਂਸ ਦੀ ਸਲਾਹ ‘ਤੇ ਹਮਲਾ ਰੱਦ ਕਰ ਦਿੱਤਾ।

ਦੂਜੀ ਵਾਰ ਸਪਰਿੰਗ ਰਾਈਫਲ ਮੰਗਵਾਈ, ਪਰ ਗ੍ਰਿਫਤਾਰ ਹੋ ਗਿਆ
ਪਹਿਲੀ ਵਾਰ ਫੇਲ ਹੋਣ ਤੋਂ ਬਾਅਦ ਸੰਪਤ ਨੇ ਦੂਜੀ ਵਾਰ ਹਮਲਾ ਕਰਨ ਦੀ ਯੋਜਨਾ ਬਣਾਈ। ਇਸ ਵਾਰ ਉਸਨੇ ਆਪਣੇ ਪਿੰਡ ਦੇ ਦਿਨੇਸ਼ ਫੌਜੀ ਰਾਹੀਂ ਆਰਕੇ ਸਪਰਿੰਗ ਰਾਈਫਲ ਮੰਗਵਾਈ ਸੀ। ਲਾਰੈਂਸ ਨੇ ਇਹ ਰਾਈਫਲ ਆਪਣੇ ਜਾਣਕਾਰ ਅਨਿਲ ਪੰਡਯਾ ਤੋਂ 3-4 ਲੱਖ ਰੁਪਏ ‘ਚ ਖਰੀਦੀ ਸੀ ਪਰ ਜਦੋਂ ਦਿਨੇਸ਼ ਕੋਲ ਰਾਈਫਲ ਸੀ ਤਾਂ ਉਸ ਨੂੰ ਪੁਲਿਸ ਨੇ ਫੜ ਲਿਆ। ਉਸ ਤੋਂ ਪੁੱਛਗਿੱਛ ਕਰਨ ਤੋਂ ਬਾਅਦ ਸੰਪਤ ਨਹਿਰਾ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ।