ਸ੍ਰੀ ਮੁਕਤਸਰ ਸਾਹਿਬ 1 ਅਗਸਤ | – 15 ਅਗਸਤ (ਸਵਤੰਤਰਤਾ ਦਿਵਸ) ਦੇ ਮੱਦੇ ਨਜ਼ਰ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਪੁਲਿਸ ਵਲੋਂ ਜ਼ਿਲ੍ਹੇ ਭਰ ‘ਚ ਲੋਕਾਂ ਦੀ ਸੁਰੱਖਿਆ ਦੇ ਮੱਦੇਨਜ਼ਰ ਸ਼ਰਾਰਤੀ ਅੰਨਸਰਾਂ ਅਤੇ ਨਸ਼ਾ ਤਸਕਰਾਂ ਖਿਲਾਫ ਕਾਰਵਾਈ ਦੌਰਾਨ 16 ਨਾਕਿਆਂ ‘ਤੇ ਨਾਕਾਬੰਦੀ ਕਰਕੇ ਵਿਸ਼ੇਸ਼ ਤਲਾਸ਼ੀ ਮੁਹਿੰਮ ਚਲਾਈ ਗਈ। ਇਹ ਮੁਹਿੰਮ ਡਾ. ਅਖਿਲ ਚੌਧਰੀ, ਆਈ.ਪੀ.ਐੱਸ., ਸੀਨੀਅਰ ਸੂਪਰਡੈਂਟ ਆਫ ਪੁਲਿਸ, ਸ੍ਰੀ ਮੁਕਤਸਰ ਸਾਹਿਬ ਦੀ ਅਗਵਾਈ ਹੇਠ ਅਮਲ ‘ਚ ਲਿਆਂਦੀ ਗਈ।
ਜਿਲ੍ਹੇ ਦੇ ਚਾਰ ਹੀ ਸਬ-ਡਿਵੀਜ਼ਨਾਂ – ਸ੍ਰੀ ਮੁਕਤਸਰ ਸਾਹਿਬ, ਮਲੋਟ, ਗਿੱਦੜਬਾਹਾ ਅਤੇ ਲੰਬੀ ‘ਚ ਟੋਟਲ 16 ਨਾਕੇ ਲਗਾਏ ਗਏ। ਹਰ ਨਾਕੇ ‘ਤੇ 10 ਪੁਲਿਸ ਮੁਲਾਜ਼ਮ ਤਾਇਨਾਤ ਕੀਤੇ ਗਏ। ਮੁੱਖ ਉਦੇਸ਼ ਸੀ ਸ਼ੱਕੀ ਵਿਅਕਤੀਆਂ, ਵਾਹਨਾਂ, ਅਤੇ ਸ਼ਰਾਰਤੀ ਅਨਸਰਾਂ ਦੀ ਪਛਾਣ ਅਤੇ ਨਸ਼ਾ ਤਸਕਰੀ ਦੀ ਰੋਕਥਾਮ।
ਇਸ ਦੌਰਾਨ ਪੁਲਿਸ ਦੀਆਂ ਵਿਸ਼ੇਸ਼ ਟੀਮਾਂ ਵਲੋਂ ਸਾਰੀਆਂ ਸਬ ਡਿਵੀਜ਼ਨਾਂ ‘ਚ ਹੋਟਲਾਂ, ਢਾਬਿਆਂ, ਗੈਸਟ ਹਾਊਸਾਂ, ਧਰਮਸ਼ਾਲਾਵਾਂ ਅਤੇ ਰੈਸਟੋਰੈਂਟਾਂ ‘ਚ ਜਾ ਕੇ ਸ਼ੱਕੀ ਵਿਅਕਤੀਆਂ ਦੀ ਜਾਂਚ ਅਤੇ ਪੁੱਛਗਿੱਛ ਕੀਤੀ ਗਈ ਅਤੇ ਜਿਨ੍ਹਾਂ ਵਿਅਕਤੀਆਂ ਨੇ ਕਿਰਾਏ ‘ਤੇ ਠਹਿਰਨ ਲਈ ਕਮਰੇ ਲਏ ਹੋਏ ਹਨ, ਉਨ੍ਹਾਂ ਦੀ ਡਿਟੇਲਡ ਵੈਰੀਫਿਕੇਸ਼ਨ ਕੀਤੀ ਗਈ। ਜਿਨ੍ਹਾਂ ‘ਤੇ ਪਹਿਲਾਂ ਹੀ ਨਸ਼ੇ ਜਾਂ ਹੋਰ ਗੈਰਕਾਨੂੰਨੀ ਮੁਕਦਮੇ ਦਰਜ ਸਨ ਉਨ੍ਹਾਂ ਦੀ ਗਤੀਵਿਧੀ, ਘਰਾਂ ਟਿਕਾਣਿਆਂ ਦੀ ਖਾਸ ਤਲਾਸ਼ੀ ਲਈ ਗਈ।
ਨਾਕਿਆਂ ਦੀ ਨਿਗਰਾਨੀ ਐਸ.ਪੀ (ਡੀ) ਮਨਮੀਤ ਸਿੰਘ ਢਿੱਲੋ ਵਲੋਂ ਕੀਤੀ ਗਈ। ਇਸ ਮੌਕੇ ਡੀ.ਐਸ.ਪੀ ਨਵੀਨ ਕੁਮਾਰ (ਮੁਕਤਸਰ), ਜਸਪਾਲ ਸਿੰਘ (ਲੰਬੀ), ਇੱਕਬਾਲ ਸਿੰਘ (ਮਲੋਟ) ਅਤੇ ਅਵਤਾਰ ਸਿੰਘ (ਗਿੱਦੜਬਾਹਾ) ਮੌਕੇ ‘ਤੇ ਮੌਜੂਦ ਰਹੇ।
ਕੁੱਲ 160 ਤੋਂ ਵੱਧ ਪੁਲਿਸ ਅਧਿਕਾਰੀ ਅਤੇ ਮੁਲਾਜ਼ਮ ਮੁਹਿੰਮ ‘ਚ ਸ਼ਾਮਿਲ ਰਹੇ।