ਮੋਗਾ ‘ਚ ‘ਆਪ’ ਸਰਪੰਚ ਦੇ ਘਰ ‘ਤੇ ਫਾਇਰਿੰਗ, ਬਾਈਕ ਸਵਾਰ 2 ਨਕਾਬਪੋਸ਼ਾਂ ਨੇ ਕੀਤੇ 10 ਰਾਊਂਡ ਫਾਇਰ

0
2093

ਮੋਗਾ, 5 ਫਰਵਰੀ | ਆਮ ਆਦਮੀ ਪਾਰਟੀ ਦੇ ਸਰਪੰਚ ਦੇ ਘਰ ਬੀਤੀ ਰਾਤ ਗੋਲੀਬਾਰੀ ਹੋਈ ਹੈ। ਬਾਈਕ ‘ਤੇ ਸਵਾਰ ਦੋ ਨਕਾਬਪੋਸ਼ ਬਦਮਾਸ਼ਾਂ ਨੇ ਸਰਪੰਚ ਹਰਦੀਪ ਸਿੰਘ ਦੇ ਘਰ ‘ਤੇ ਅੰਨ੍ਹੇਵਾਹ ਗੋਲੀਆਂ ਚਲਾ ਦਿੱਤੀਆਂ। ਹਮਲਾਵਰਾਂ ਨੇ ਕਰੀਬ 8 ਤੋਂ 10 ਰਾਊਂਡ ਫਾਇਰ ਕੀਤੇ, ਜਿਸ ਨਾਲ ਪਿੰਡ ‘ਚ ਦਹਿਸ਼ਤ ਦਾ ਮਾਹੌਲ ਬਣ ਗਿਆ। ਇਹ ਘਟਨਾ ਤਖਤੂਪੁਰਾ ਸਾਹਿਬ ਵਿਖੇ ਵਾਪਰੀ।

ਸਰਪੰਚ ਹਰਦੀਪ ਸਿੰਘ ਨੇ ਦੱਸਿਆ ਕਿ ਹਮਲਾਵਰਾਂ ਨੇ ਉਸ ਦੇ ਘਰ ਅਤੇ ਦਫ਼ਤਰ ਦੇ ਗੇਟ ਨੂੰ ਨਿਸ਼ਾਨਾ ਬਣਾਇਆ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਕਿਸੇ ਨਾਲ ਕੋਈ ਰੰਜ ਨਹੀਂ ਹੈ ਅਤੇ ਉਹ ਇਸ ਹਮਲੇ ਦਾ ਕਾਰਨ ਸਮਝਣ ਤੋਂ ਅਸਮਰੱਥ ਹਨ। ਇਹ ਸਾਰੀ ਘਟਨਾ ਸੀਸੀਟੀਵੀ ਕੈਮਰਿਆਂ ਵਿਚ ਕੈਦ ਹੋ ਗਈ ਹੈ।

ਨਿਹਾਲ ਸਿੰਘ ਵਾਲਾ ਦੇ ਡੀਐਸਪੀ ਅਨਵਰ ਅਲੀ ਨੇ ਦੱਸਿਆ ਕਿ ਪੁਲਿਸ ਨੂੰ ਦੇਰ ਰਾਤ ਗੋਲੀਬਾਰੀ ਦੀ ਸੂਚਨਾ ਮਿਲੀ ਸੀ। ਪੁਲਿਸ ਨੇ ਦੋ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ ਅਤੇ ਸੀਸੀਟੀਵੀ ਫੁਟੇਜ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਅਧਿਕਾਰੀ ਨੇ ਭਰੋਸਾ ਦਿੱਤਾ ਕਿ ਮੁਲਜ਼ਮਾਂ ਨੂੰ ਜਲਦੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।