ਪਹਾੜਾਂ ‘ਤੇ ਬਰਫਬਾਰੀ ਕਾਰਨ ਪੰਜਾਬ ਸੀਤ ਲਹਿਰ ਦੀ ਚਪੇਟ ‘ਚ, -1 ਡਿਗਰੀ ਨਾਲ ਕੰਬਿਆ ਫਰੀਦਕੋਟ

0
20163

ਚੰਡੀਗੜ੍ਹ | ਪਹਾੜਾਂ ‘ਤੇ ਬਰਫਬਾਰੀ ਕਾਰਨ ਪੰਜਾਬ ਅਤੇ ਹਰਿਆਣਾ ਦੇ ਕਈ ਜ਼ਿਲ੍ਹੇ ਸੀਤ ਲਹਿਰ ਦੀ ਲਪੇਟ ‘ਚ ਹਨ। ਇਸ ਕਾਰਨ ਪੰਜਾਬ ਵਿੱਚ ਖਾਸ ਕਰ ਕੇ ਰਾਤ ਦਾ ਤਾਪਮਾਨ ਸਿਫ਼ਰ ਤੋਂ ਹੇਠਾਂ ਚਲਾ ਗਿਆ ਹੈ। ਪੰਜਾਬ ਦੇ ਫਰੀਦਕੋਟ ‘ਚ ਐਤਵਾਰ ਨੂੰ ਘੱਟੋ-ਘੱਟ ਤਾਪਮਾਨ ਮਨਫੀ 1 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਇਸ ਨਾਲ ਇਲਾਕੇ ਦਾ ਆਮ ਜਨਜੀਵਨ ਪ੍ਰਭਾਵਿਤ ਹੋਇਆ ਹੈ। ਉਥੇ ਹੀ ਹਰਿਆਣਾ ਦੇ ਸਿਰਸਾ ਵਿੱਚ ਘੱਟੋ-ਘੱਟ ਤਾਪਮਾਨ 1.8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।

ਮੌਸਮ ਵਿਭਾਗ ਦੀ ਰਿਪੋਰਟ ਅਨੁਸਾਰ ਆਉਣ ਵਾਲੇ ਚਾਰ ਦਿਨਾਂ ਤੱਕ ਪੰਜਾਬ ਵਿੱਚ ਮੌਸਮ ਖੁਸ਼ਕ ਰਹੇਗਾ ਅਤੇ ਇਸ ਦੌਰਾਨ ਸੰਘਣੀ ਧੁੰਦ ਅਤੇ ਸੀਤ ਲਹਿਰ ਦੀ ਸੰਭਾਵਨਾ ਹੈ। ਹਾਲਾਂਕਿ ਚੰਡੀਗੜ੍ਹ ‘ਚ ਐਤਵਾਰ ਨੂੰ ਹਲਕੀ ਧੁੱਪ ਦੇਖਣ ਨੂੰ ਮਿਲੀ, ਜਿਸ ਕਾਰਨ ਲੋਕਾਂ ਨੇ ਸੁੱਖ ਦਾ ਸਾਹ ਲਿਆ।

ਇਸ ਦੇ ਨਾਲ ਹੀ ਹਰਿਆਣਾ ‘ਚ ਦੋ ਦਿਨ ਦੀ ਧੁੰਦ ਅਤੇ ਸੀਤ ਲਹਿਰ ਤੋਂ ਬਾਅਦ 17 ਜਨਵਰੀ ਤੋਂ ਮੌਸਮ ਦਾ ਪੈਟਰਨ ਬਦਲਣ ਜਾ ਰਿਹਾ ਹੈ। ਹਰਿਆਣਾ ਵਿੱਚ 17 ਅਤੇ 18 ਜਨਵਰੀ ਨੂੰ ਮੌਸਮ ਸਾਫ਼ ਰਹੇਗਾ। ਇਸ ਦੌਰਾਨ ਸੂਬੇ ਵਿੱਚ ਦੋ ਦਿਨ ਧੁੱਪ ਨਿਕਲਣ ਦੀ ਸੰਭਾਵਨਾ ਹੈ। ਇਸ ਦੇ ਨਾਲ ਹੀ ਅਗਲੇ 48 ਘੰਟਿਆਂ ਦੌਰਾਨ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਵਿੱਚ ਘੱਟੋ-ਘੱਟ ਤਾਪਮਾਨ 1 ਤੋਂ 2 ਡਿਗਰੀ ਸੈਲਸੀਅਸ ਰਹਿਣ ਦੀ ਸੰਭਾਵਨਾ ਹੈ।

ਪੰਜਾਬ ਦੇ ਅੰਮ੍ਰਿਤਸਰ ਵਿੱਚ ਘੱਟੋ-ਘੱਟ ਤਾਪਮਾਨ 1.6 ਡਿਗਰੀ, ਬਠਿੰਡਾ 1 ਡਿਗਰੀ, ਚੰਡੀਗੜ੍ਹ 6.3, ਜਲੰਧਰ 2, ਲੁਧਿਆਣਾ 4.9, ਪਠਾਨਕੋਟ 8 ਅਤੇ ਪਟਿਆਲਾ ਵਿੱਚ 4.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਇਸੇ ਤਰ੍ਹਾਂ ਹਰਿਆਣਾ ਦੇ ਅੰਬਾਲਾ ਵਿੱਚ 5.6 ਡਿਗਰੀ, ਭਿਵਾਨੀ ਵਿੱਚ 4.7, ਗੁਰੂਗ੍ਰਾਮ ਵਿੱਚ 5.3, ਹਿਸਾਰ ਵਿੱਚ 4.3, ਕਰਨਾਲ ਵਿੱਚ 3.3, ਕੁਰੂਕਸ਼ੇਤਰ ਵਿੱਚ 5.3, ਨਾਰਨੌਲ ਵਿੱਚ 4 ਅਤੇ ਸਿਰਸਾ ਵਿੱਚ 1.8 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ।