ਫਰੀਦਕੋਟ : ਪੈਰਾ-ਮੈਡੀਕਲ ਦੀ ਪ੍ਰੀਖਿਆ ‘ਚ ਕੁੜੀ ਬਣ ਕੇ ਪੇਪਰ ਦੇਣ ਆਇਆ ਮੁੰਡਾ, ਆਧਾਰ ਕਾਰਡ ਵੀ ਨਿਕਲਿਆ ਜਾਅਲੀ, ਇੰਝ ਗਿਆ ਫੜਿਆ

0
1063

ਫਰੀਦਕੋਟ, 9 ਜਨਵਰੀ | ਫਰੀਦਕੋਟ ਤੋਂ ਇਕ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ। ਇਥੇ ਬਾਬਾ ਫਰੀਦ ਯੂਨੀਵਰਸਿਟੀ ਵਿਚ ਪੈਰਾ-ਮੈਡੀਕਲ ਦੀ ਭਰਤੀ ਲਈ ਚੱਲ ਰਹੀ ਪ੍ਰੀਖਿਆ ਵਿਚ ਇਕ ਲੜਕਾ ਪੇਪਰ ਦੇਣ ਲਈ ਲੜਕੀ ਦਾ ਪਹਿਰਾਵਾ ਪਾ ਕੇ ਆ ਗਿਆ। ਇਹ ਨੌਜਵਾਨ ਲੜਕੀ ਦੇ ਭੇਸ ਵਿਚ ਪ੍ਰੀਖਿਆ ਕੇਂਦਰ ਵਿਚ ਆਇਆ ਸੀ। ਉਸ ਨੇ ਨਕਲੀ ਵਾਲਾਂ ਤੋਂ ਲੈ ਕੇ ਸੂਟ-ਸਲਵਾਰ ਅਤੇ ਬਿੰਦੀ-ਲਿਪਸਟਿਕ ਤੱਕ ਸਭ ਕੁਝ ਪਾਇਆ ਹੋਇਆ ਸੀ।

ਵੇਖੋ ਵੀਡੀਓ 

ਕੋਟਕਪੂਰਾ ਦੇ ਡੀਏਵੀ ਪਬਲਿਕ ਸਕੂਲ ਵਿਚ ਐਤਵਾਰ ਨੂੰ ਬਣਾਏ ਗਏ ਪ੍ਰੀਖਿਆ ਕੇਂਦਰ ਵਿਚ ਜਦੋਂ ਅਧਿਆਪਕ ਨੇ ਉਸ ਤੋਂ ਪੁੱਛਗਿੱਛ ਕੀਤੀ ਤਾਂ ਮਾਮਲੇ ਦਾ ਖੁਲਾਸਾ ਹੋਇਆ। ਨੌਜਵਾਨ ਦੀ ਪਛਾਣ ਅੰਗਰੇਜ਼ ਸਿੰਘ ਵਾਸੀ ਫਾਜ਼ਿਲਕਾ ਵਜੋਂ ਹੋਈ ਹੈ। ਉਹ ਫਾਜ਼ਿਲਕਾ ਦੇ ਪਿੰਡ ਢਾਣੀ ਦੀ ਪਰਮਜੀਤ ਕੌਰ ਦੀ ਥਾਂ ’ਤੇ ਪ੍ਰੀਖਿਆ ਦੇਣ ਆਇਆ ਸੀ। ਅਧਿਆਪਕਾਂ ਨੇ ਪੁੱਛਗਿੱਛ ਤੋਂ ਬਾਅਦ ਉਸ ਨੂੰ ਪੁਲਿਸ ਹਵਾਲੇ ਕਰ ਦਿੱਤਾ।

ਬਾਬਾ ਫਰੀਦ ਯੂਨੀਵਰਸਿਟੀ ਵਿਖੇ ਪੰਜਾਬ ਸਿਹਤ ਅਤੇ ਪਰਿਵਾਰ ਵਿਭਾਗ ਅਧੀਨ ਵੱਖ-ਵੱਖ ਪੈਰਾ-ਮੈਡੀਕਲ ਅਸਾਮੀਆਂ ਲਈ ਪ੍ਰੀਖਿਆ ਲਈ ਗਈ, ਜਿਸ ਵਿਚ ਮਲਟੀਪਰਪਜ਼ ਹੈਲਥ ਵਰਕਰ (ਐਮਪੀਐਚਡਬਲਯੂ) ਦੀਆਂ 806 ਅਸਾਮੀਆਂ ਅਤੇ ਅੱਖਾਂ ਦੇ ਡਾਕਟਰ ਦੀਆਂ 83 ਅਸਾਮੀਆਂ ਲਈ ਭਰਤੀ ਕੀਤੀ ਗਈ ਸੀ।

ਐਤਵਾਰ ਨੂੰ ਹੋਈ ਪ੍ਰੀਖਿਆ ਲਈ ਯੂਨੀਵਰਸਿਟੀ ਨੇ ਫਰੀਦਕੋਟ, ਫਿਰੋਜ਼ਪੁਰ ਅਤੇ ਕੋਟਕਪੂਰਾ ਵਿਚ 26 ਪ੍ਰੀਖਿਆ ਕੇਂਦਰ ਬਣਾਏ ਸਨ, ਜਿਸ ਵਿਚ 7500 ਉਮੀਦਵਾਰਾਂ ਨੇ ਪ੍ਰੀਖਿਆ ਦਿੱਤੀ। ਡੀਏਵੀ ਪਬਲਿਕ ਸਕੂਲ ਵਿਚ ਵੀ ਇਮਤਿਹਾਨ ਚੱਲ ਰਿਹਾ ਸੀ। ਅੰਗਰੇਜ਼ ਸਿੰਘ ਲੜਕੀ ਪਰਮਜੀਤ ਦੀ ਥਾਂ ਪੇਪਰ ਦੇਣ ਆਇਆ ਸੀ। ਉਸ ਨੇ ਸੂਟ ਸਲਵਾਰ ਪਾਈ ਹੋਈ ਸੀ। ਬਿੰਦੀ ਲਿਪਸਟਿਕ ਵੀ ਆਪਣੇ ਆਪ ਨੂੰ ਇਕ ਕੁੜੀ ਦੇ ਰੂਪ ਵਿਚ ਦਰਸਾਉਣ ਲਈ ਲਗਾਈ ਗਈ ਸੀ। ਪ੍ਰੀਖਿਆ ਸ਼ੁਰੂ ਹੁੰਦੇ ਹੀ ਪ੍ਰੀਖਿਆ ਕੇਂਦਰ ‘ਤੇ ਤਾਇਨਾਤ ਅਧਿਆਪਕ ਨੂੰ ਉਸ ‘ਤੇ ਸ਼ੱਕ ਹੋ ਗਿਆ।

ਜਦੋਂ ਉਸ ਕੋਲੋਂ ਸਖ਼ਤੀ ਨਾਲ ਪੁੱਛਗਿੱਛ ਕੀਤੀ ਤਾਂ ਸਾਹਮਣੇ ਆਇਆ ਕਿ ਉਹ ਲੜਕਾ ਹੈ ਨਾ ਕਿ ਲੜਕੀ। ਜਦੋਂ ਅਧਿਆਪਕਾਂ ਨੇ ਉਸ ਦਾ ਆਧਾਰ ਅਤੇ ਵੋਟਰ ਕਾਰਡ ਚੈੱਕ ਕੀਤਾ ਤਾਂ ਉਹ ਵੀ ਜਾਅਲੀ ਪਾਇਆ ਗਿਆ। ਉਸ ‘ਤੇ ਪਰਮਜੀਤ ਕੌਰ ਦਾ ਨਾਂ ਸੀ ਅਤੇ ਫੋਟੋ ਵੀ ਵੱਖਰੀ ਸੀ। ਇਸ ਤੋਂ ਬਾਅਦ ਯੂਨੀਵਰਸਿਟੀ ਨੇ ਪੁਲਿਸ ਨੂੰ ਸੂਚਨਾ ਦਿੱਤੀ।

ਪੁਲਿਸ ਅੰਗਰੇਜ਼ ਸਿੰਘ ਨੂੰ ਹਿਰਾਸਤ ਵਿਚ ਲੈ ਕੇ ਆਪਣੇ ਨਾਲ ਲੈ ਗਈ। ਐਸਐਸਪੀ ਹਰਜੀਤ ਸਿੰਘ ਨੇ ਕਿਹਾ ਕਿ ਲੜਕੀ ਦੀ ਥਾਂ ਪੇਪਰ ਦਿੰਦੇ ਫੜੇ ਗਏ ਨੌਜਵਾਨ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇਗੀ। ਉਸ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ, ਜਦਕਿ ਜਿਸ ਲੜਕੀ ਲਈ ਉਹ ਪੇਪਰ ਦੇਣ ਆਇਆ ਸੀ, ਉਸ ਦਾ ਦਾਖਲਾ ਰੱਦ ਕਰ ਦਿੱਤਾ ਜਾਵੇਗਾ।